ਨਵੀਂ ਦਿੱਲੀ (ਬਿਊਰੋ)– ਆਰੀਅਨ ’ਤੇ ਡਰੱਗਜ਼ ਦੀ ਵਰਤੋਂ ਦੇ ਦੋਸ਼ ਨੇ ਇਕ ਵਾਰ ਮੁੜ ਦੇਸ਼ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਹੁਣ ਐੱਨ. ਸੀ. ਬੀ. ਉਸ ’ਤੇ ਮਾਮਲਾ ਫਰੇਮ ਕਰੇਗੀ। ਫਿਰ ਅਦਾਲਤ ਵਿਚ ਇਸ ਦੀ ਸੁਣਵਾਈ ਹੋਵੇਗੀ। ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਗੰਭੀਰ ਅਪਰਾਧ ਹੈ ਪਰ ਤੁਸੀਂ ਕਦੋਂ ਅਤੇ ਕਿਹੜੀ ਡਰੱਗਜ਼ ਲੈ ਰਹੇ ਹੋ, ਕਿੰਨੇ ਸਮੇਂ ਤੋਂ ਲੈ ਰਹੇ ਹੋ, ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ’ਤੇ ਅਦਾਲਤ ਸਜ਼ਾ ਦੇਣ ਤੋਂ ਪਹਿਲਾਂ ਵਿਚਾਰ ਕਰਦੀ ਹੈ। ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਵਿਚ ਡਰੱਗਜ਼ ਦੀ ਵਰਤੋਂ ਸਬੰਧੀ ਕਾਨੂੰਨ ਕੀ ਹਨ। ਕਿਸ ਤਰ੍ਹਾਂ ਅਤੇ ਕਿੰਨੀ ਸਜ਼ਾ ਇਸ ਮਾਮਲੇ ਵਿਚ ਗੁਨਾਹਗਾਰ ਸਾਬਤ ਹੋਣ ’ਤੇ ਹੁੰਦੀ ਹੈ। ਕੁਝ ਵਿਸ਼ੇਸ਼ ਤੌਰ ’ਤੇ ਗੰਭੀਰ ਮਾਮਲਿਆਂ ਵਿਚ ਅਦਾਲਤਾਂ ਡਰੱਗਜ਼ ਕਾਰੋਬਾਰ ਨਾਲ ਜੁੜੇ ਦੋਸ਼ੀ ਨੂੰ ਮੌਤ ਦੀ ਸਜ਼ਾ ਤਕ ਦੇ ਸਕਦੀਆਂ ਹਨ। ਦੇਸ਼ ਤੋਂ ਲੈ ਕੇ ਵਿਦੇਸ਼ ਤਕ ਅਜਿਹੀਆਂ ਕਈ ਸਜ਼ਾਵਾਂ ਹੋ ਚੁੱਕੀਆਂ ਹਨ।
ਦਸੰਬਰ 2007 : ਮੁੰਬਈ ਦੀ ਇਕ ਸਪੈਸ਼ਲ ਕੋਰਟ ਨੇ ਗੁਲਾਮ ਮਲਿਕ ਨੂੰ ਮੌਤ ਦੀ ਸਜ਼ਾ ਦਿੱਤੀ, ਜਿਸ ਨੂੰ 2004 ਵਿਚ 142 ਕਿੱਲੋ ਹਸ਼ੀਸ਼ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
ਫਰਵਰੀ 2008 : ਪਹਿਲਾਂ 1998 ਵਿਚ 40 ਕਿੱਲੋ ਚਰਸ ਅਤੇ ਫਿਰ ਸਾਲ 2003 ਵਿਚ 28 ਕਿੱਲੋ ਚਰਸ ਨਾਲ ਗ੍ਰਿਫਤਾਰ ਕੀਤੇ ਗਏ ਓਂਕਾਰਨਾਥ ਕਾਕ ਨੂੰ ਅਹਿਮਦਾਬਾਦ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਦਿੱਤੀ ਸੀ।
ਫਰਵਰੀ 2012 : ਸਾਲ 1998 ਵਿਚ 1.02 ਕਿੱਲੋ ਅਤੇ ਫਿਰ 2007 ਵਿਚ 10 ਕਿੱਲੋ ਹੈਰੋਇਨ ਨਾਲ ਫੜੇ ਜਾਣ ਵਾਲੇ ਪਰਮਜੀਤ ਸਿੰਘ ਨੂੰ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਨੇ ਮੌਤ ਦੀ ਸਜ਼ਾ ਦਿੱਤੀ ਸੀ।
ਕੀ ਹੈ ਐਂਟੀ-ਡਰੱਗਜ਼ ਕਾਨੂੰਨ
ਨਾਰਕੋਟਿਕ ਡਰੱਗ਼ਜ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਭਾਵ ਐੱਨ. ਡੀ. ਪੀ. ਐੱਸ. ਐਕਟ 1985 ਅਤੇ ਐੱਨ. ਡੀ. ਪੀ. ਐੱਸ. ਐਕਟ 1988 ਦੋ ਮੁੱਖ ਕਾਨੂੰਨ ਹਨ, ਜੋ ਭਾਰਤ ਵਿਚ ਡਰੱਗਜ਼ ਸਬੰਧੀ ਮਾਮਲਿਆਂ ਵਿਚ ਲਾਗੂ ਹੁੰਦੇ ਹਨ। ਇਸ ਕਾਨੂੰਨ ਅਨੁਸਾਰ ਨਾਰਕੋਟਿਕ ਡਰੱਗਜ਼ ਜਾਂ ਕਿਸੇ ਵੀ ਕੰਟਰੋਲਡ ਕੈਮੀਕਲ ਜਾਂ ਸਾਈਕੋਟ੍ਰਾਪਿਕ ਪਦਾਰਥਾਂ ਨੂੰ ਬਣਾਉਣਾ, ਰੱਖਣਾ, ਵੇਚਣਾ, ਖਰੀਦਣਾ, ਕਾਰੋਬਾਰ, ਦਰਾਮ-ਬਰਾਮਦ ਤੇ ਵਰਤੋਂ ਅਪਰਾਧ ਦੇ ਘੇਰੇ ਵਿਚ ਆਉਂਦੀ ਹੈ। ਸਿਰਫ ਮੈਡੀਕਲ ਜਾਂ ਵਿਗਿਆਨਕ ਕਾਰਨਾਂ ਨਾਲ ਵਿਸ਼ੇਸ਼ ਮਨਜ਼ੂਰੀ ਤੋਂ ਬਾਅਦ ਹੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕਿੰਨਾ ਗੰਭੀਰ ਹੈ ਇਹ ਕਾਨੂੰਨ
ਪਾਬੰਦੀ ਤੋੜਨ ਵਾਲੇ ਵਿਅਕਤੀ ਖਿਲਾਫ ਸਰਚ, ਕੁਰਕੀ ਤੇ ਗ੍ਰਿਫਤਾਰੀ ਦਾ ਅਧਿਕਾਰ ਵੀ ਐੱਨ. ਡੀ. ਪੀ. ਐੱਸ. ਐਕਟ ਦਿੰਦਾ ਹੈ। ਜਾਂਚ ਏਜੰਸੀ ਅਜਿਹੇ ਮਾਮਲੇ ਵਿਚ ਨਿੱਜੀ ਜਾਂ ਜਨਤਕ ਥਾਵਾਂ ’ਤੇ ਕਾਰਵਾਈ ਕਰ ਸਕਦੀ ਹੈ।
ਡਰੱਗਜ਼ ਸੂਚੀ ’ਚ ਕਿੰਨੇ ਪਦਾਰਥਾਂ ’ਤੇ ਹੈ ਪਾਬੰਦੀ
ਕੋਕੀਨ ਤੋਂ ਲੈ ਕੇ ਗਾਂਜੇ ਤਕ 225 ਤੋਂ ਵੱਧ ਸਾਈਕੋਟ੍ਰੋਪਿਕ ਤੇ ਡਰੱਗਜ਼ ਦੀ ਸੂਚੀ ਹੈ, ਜੋ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਾਬੰਦੀਸ਼ੁਦਾ ਹਨ। ਇਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਮਿਸ਼ਰਣ ਨੂੰ ਜੇ ਤੁਸੀਂ ਆਪਣੇ ਕੋਲ ਰੱਖਦੇ ਹੋ , ਵਰਤੋਂ ’ਚ ਲਿਆਉਂਦੇ ਹੋ ਜਾਂ ਕਿਸੇ ਤਰ੍ਹਾਂ ਵੀ ਇਨ੍ਹਾਂ ਦਾ ਕਾਰੋਬਾਰ ਕਰਦੇ ਹੋ ਤਾਂ ਤੁਸੀਂ ਕਾਨੂੰਨ ਤੋੜ ਰਹੇ ਹੁੰਦੇ ਹੋ ਅਤੇ ਇਹ ਕੰਮ ਅਪਰਾਧ ਮੰਨਿਆ ਜਾਂਦਾ ਹੈ। ਸਾਲ 2008 ਵਿਚ ਇਹ ਵਿਵਸਥਾ ਕੀਤੀ ਗਈ ਸੀ ਕਿ ਐੱਨ. ਡੀ. ਪੀ. ਐੱਸ. ਐਕਟ ਤਹਿਤ ਡਰੱਗਜ਼ ਰੱਖਣ ਦੇ ਮਾਮਲੇ ਵਿਚ ਸਜ਼ਾ ਇਹ ਦੇਖ ਕੇ ਤੈਅ ਕੀਤੀ ਜਾਵੇਗੀ ਕਿ ਕਿੰਨੀ ਮਾਤਰਾ ਵਿਚ ਡਰੱਗਜ਼ ਮੁਲਜ਼ਮ ਕੋਲ ਮਿਲੀ ਭਾਵ ਇਕ ਕਿੱਲੋ ਤੋਂ ਘੱਟ ਡਰੱਗਜ਼ ਰੱਖਣ ਨੂੰ ਕਾਰੋਬਾਰੀ ਨਹੀਂ ਮੰਨਿਆ ਗਿਆ ਸੀ। ਨਿੱਜੀ ਵਰਤੋਂ ਦੇ ਲਿਹਾਜ਼ ਨਾਲ ਡਰੱਗਜ਼ ਮਿਲਣ ’ਤੇ ਮੁਲਜ਼ਮ ਨੂੰ 10 ਸਾਲ ਤਕ ਦੀ ਕੈਦ, ਜਦੋਂਕਿ ਕਮਰਸ਼ੀਅਲ ਮਾਤਰਾ ਵਿਚ ਡਰੱਗਜ਼ ਰੱਖਣ ’ਤੇ 20 ਸਾਲ ਤਕ ਦੀ ਸਖਤ ਕੈਦ ਦੀ ਵਿਵਸਥਾ ਹੈ।
ਆਰੀਅਨ ਦੇ ਡਰੱਗਜ਼ ਕੇਸ ਵਿਚ ਸਾਹਮਣੇ ਆਉਣ ’ਤੇ ਜ਼ਬਰਦਸਤ ਟ੍ਰੋਲ ਹੋ ਰਹੀ ਹੈ ਜਯਾ ਬੱਚਨ
ਆਰੀਅਨ ਖਾਨ ਦੇ ਡਰੱਗਜ਼ ਕੇਸ ਵਿਚ ਫਸਣ ਤੋਂ ਬਾਅਦ ਸੰਸਦ ਵਿਚ ਦਿੱਤੇ ਜਯਾ ਬੱਚਨ ਦੇ ਪੁਰਾਣੇ ਭਾਸ਼ਣ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਕੁਝ ਯੂਜ਼ਰ ਪੁੱਛ ਰਹੇ ਹਨ ਕਿ ਜਯਾ ਜੀ, ਹੁਣ ਦੱਸੋ ਥਾਲੀ ਵਿਚ ਛੇਕ ਕਿਸ ਨੇ ਕੀਤਾ ਹੈ? ਵਰਣਨਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਜਦੋਂ ਡਰੱਗਜ਼ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਕਈ ਕਲਾਕਾਰਾਂ ਤੋਂ ਲਗਾਤਾਰ ਪੁੱਛਗਿਛ ਕੀਤੀ ਗਈ ਤਾਂ ਭਾਜਪਾ ਦੇ ਸੰਸਦ ਮੈਂਬਰ ਤੇ ਭੋਜਪੁਰੀ ਅਭਿਨੇਤਾ ਰਵੀ ਕਿਸ਼ਨ ਨੇ ਇਹ ਮੁੱਦਾ ਲੋਕ ਸਭਾ ਵਿਚ ਚੁੱਕਿਆ ਸੀ, ਜਿਸ ਤੋਂ ਬਾਅਦ ਜਯਾ ਬੱਚਨ ਨੇ ਬਾਲੀਵੁੱਡ ਦਾ ਬਚਾਅ ਕਰਦਿਆਂ ਰਵੀ ਕਿਸ਼ਨ ’ਤੇ ਤੰਜ ਕੱਸਿਆ ਸੀ। ਜਯਾ ਨੇ ਡਰੱਗਜ਼ ਦੇ ਮਾਮਲੇ ਵਿਚ ਪੂਰੀ ਬਾਲੀਵੁੱਡ ਇੰਡਸਟ੍ਰੀ ’ਤੇ ਸਵਾਲ ਉਠਾਉਣ ’ਤੇ ਰਾਜ ਸਭਾ ਵਿਚ ਕਿਹਾ ਸੀ ਕਿ ਕੁਝ ਲੋਕਾਂ ਕਾਰਨ ਪੂਰੀ ਇੰਡਸਟ੍ਰੀ ’ਤੇ ਚਿੱਕੜ ਉਛਾਲਣ ਦੀ ਗੱਲ ਸਹੀ ਨਹੀਂ। ਉਨ੍ਹਾਂ ਰਵੀ ਕਿਸ਼ਨ ਦੀ ਗੱਲ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਫਿਲਮ ਇੰਡਸਟ੍ਰੀ ਦੀ ਅਜਿਹੀ ਬੁਰਾਈ ਸੁਣ ਕੇ ਦੁੱਖ ਹੋਇਆ। ਅੱਗੇ ਜਯਾ ਨੇ ਕਿਹਾ ਸੀ ਕਿ ਜਿਸ ਥਾਲੀ ਵਿਚ ਖਾਂਦੇ ਹਨ, ਉਸੇ ਵਿਚ ਛੇਕ ਕਰਦੇ ਹਨ।
ਕੇਂਦਰ ਦੀ ਵੱਡੀ ਪਹਿਲ, ਹਾਦਸੇ ’ਚ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਮਿਲੇਗਾ 1 ਲੱਖ ਤੱਕ ਦਾ ਇਨਾਮ
NEXT STORY