ਲਖਨਊ- ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਖੇਤ ਦੇ ਇਕ ਹਿੱਸੇ 'ਤੇ ਕੁਦਰਤੀ ਖੇਤੀ ਕਰਨ ਅਤੇ ਸ਼ੁਰੂਆਤੀ ਦੋ ਸਾਲਾਂ ਲਈ ਸਰਕਾਰ ਉਨ੍ਹਾਂ ਨੂੰ ਸਬਸਿਡੀ ਦੇਵੇਗੀ। ਚੌਹਾਨ ਨੇ ਰਾਜਧਾਨੀ ਲਖਨਊ ਵਿਚ 'ਕੁਦਰਤੀ ਖੇਤੀ ਦੇ ਵਿਗਿਆਨ 'ਤੇ ਖੇਤਰੀ ਸਲਾਹ-ਮਸ਼ਵਰਾ ਪ੍ਰੋਗਰਾਮ' ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 'ਧਰਤੀ ਮਾਂ ਨੂੰ ਰਸਾਇਣਾਂ ਤੋਂ ਬਚਾਉਣ' ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਅਸੀਂ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਵੱਲ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਰਹਿਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਇਕ ਹਿਸੇ ਵਿਚ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਪਹਿਲੇ ਦੋ ਸਾਲਾਂ 'ਚ ਜਦੋਂ ਉਹ ਕੁਦਰਤੀ ਖੇਤੀ ਕਰਨਗੇ ਤਾਂ ਪੈਦਾਵਾਰ ਘੱਟ ਹੋਵੇਗੀ, ਇਸ ਲਈ ਸਰਕਾਰ ਉਨ੍ਹਾਂ ਨੂੰ ਸਬਸਿਡੀ ਦੇਵੇਗੀ।
ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਕੁਦਰਤੀ ਖੇਤੀ ਰਾਹੀਂ ਉਗਾਏ ਅਨਾਜ, ਫਲ ਅਤੇ ਸਬਜ਼ੀਆਂ ਵੇਚ ਕੇ ਡੇਢ ਗੁਣਾ ਵੱਧ ਭਾਅ ਮਿਲੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਦੇ ਖੇਤਰ 'ਚ ਪੜ੍ਹਾਈ ਲਈ ਦੇਸ਼ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾਣਗੀਆਂ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਇਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਦੇਸ਼ ਦੇ ਹਰ ਕੋਨੇ ਵਿਚ ਜਾ ਕੇ ਇਸ ਦਾ ਪ੍ਰਚਾਰ ਕਰ ਸਕਣ।
ਓਧਰ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਦੋ ਵੱਖ-ਵੱਖ ਚੀਜ਼ਾਂ ਹਨ ਅਤੇ ਇਸ ਅੰਤਰ ਨੂੰ ਸਮਝਣਾ ਜ਼ਰੂਰੀ ਹੈ। ਕੁਦਰਤੀ ਖੇਤੀ ਦੇ ਫਾਇਦਿਆਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਹ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ। ਇਹ ਚੰਗੀ ਗੱਲ ਹੈ ਕਿ ਹੁਣ ਸਰਕਾਰ ਨੇ ਕੁਦਰਤੀ ਖੇਤੀ ਦੀ ਮਹੱਤਤਾ ਨੂੰ ਸਮਝ ਲਿਆ ਹੈ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ, ਖੇਤੀਬਾੜੀ ਰਾਜ ਮੰਤਰੀ ਬਲਦੇਵ ਸਿੰਘ ਔਲਖ ਅਤੇ ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਆਦਿ ਹਾਜ਼ਰ ਸਨ।
ਵਿਜ ਨੇ 'ਆਪ' 'ਤੇ ਕੱਸਿਆ ਤੰਜ਼, ਕਿਹਾ- 'ਆਮ ਆਦਮੀ ਪਾਰਟੀ ਹੁਣ ਜ਼ਮਾਨਤ ਜ਼ਬਤ ਪਾਰਟੀ ਹੋ ਗਈ'
NEXT STORY