ਹਿਸਾਰ- ਹਰਿਆਣਾ ਵਿਚ ਸੱਤਾਧਾਰੀ ਭਾਜਪਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਨੁਮਾਇੰਦਿਆਂ ਦੇ ਪ੍ਰੋਗਰਾਮਾਂ ਦੇ ਰੰਗ ’ਚ ਭੰਗ ਪਾਉਣ ਦਾ ਕੰਮ ਕਿਸਾਨਾਂ ਵਲੋਂ ਕੀਤਾ ਗਿਆ। ਦਰਅਸਲ ਹਾਂਸੀ ਵਿਚ ਇਕ ਪਾਰਕ ਦਾ ਉਦਘਾਟਨ, ਜੋ ਅੱਜ ਵਿਧਾਇਕ ਨੇ ਕਰਨਾ ਸੀ, ਕਿਸਾਨਾਂ ਨੇ ਕੱਲ੍ਹ ਰਾਤ ਹੀ ਕਰ ਦਿੱਤਾ। ਅੱਜ ਵਿਧਾਇਕ ਵਿਨੋਦ ਭਯਾਨਾ ਨੂੰ ਉਮਰਾ ਰੋਡ ’ਤੇ ਸਥਿਤ ਲਾਲਾ ਹੁਕਮ ਚੰਦ ਯਾਦਗਾਰੀ ਪਾਰਕ ਦੇ ਮੁੜ ਨਿਰਮਾਣ ਦਾ ਉਦਘਾਟਨ ਕਰਨ ਲਈ ਪਹੁੰਚਣਾ ਸੀ ਪਰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਖਰੜ ਦੀ ਅਗਵਾਈ ਵਿਚ ਕਿਸਾਨ ਕੱਲ੍ਹ ਰਾਤ ਹੀ ਪਾਰਕ ਵਿਚ ਪਹੁੰਚ ਗਏ। ਉਨ੍ਹਾਂ ਨੇ ਉਦਘਾਟਨ ਵਾਲੀ ਥਾਂ ਨੇੜੇ ਝੰਡੇ ਲਾ ਦਿੱਤੇ।
ਕੁਲਦੀਪ ਖਰੜ ਨੇ ਕਿਹਾ ਕਿ ਪਾਰਕ ਦਾ ਉਦਘਾਟਨ ਉਨ੍ਹਾਂ ਨੇ ਰਿਬਨ ਕਟਵਾ ਮਹੰਤ ਇੱਛਾਪੁਰੀ ਤੋਂ ਕਰਵਾ ਦਿੱਤਾ ਹੈ ਅਤੇ ਕਿਸਾਨ ਅੰਦੋਲਨ ਦੇ ਝੰਡੇ ਲਾ ਦਿੱਤੇ ਹਨ। ਮਹੰਤ ਇੱਛਾਪੁਰੀ ਲੰਬੇ ਸਮੇਂ ਤੋਂ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਅਤੇ ਕੈਥਲ ਦੇ ਇਕ ਮੰਦਰ ਵਿਚ ਰਹਿੰਦੇ ਹਨ। ਓਧਰ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਦੀ ਅਪੀਲ ’ਤੇ ਜਿੱਥੇ ਵੀ ਭਾਜਪਾ-ਜੇ. ਜੇ. ਪੀ. ਆਗੂਆਂ ਦਾ ਕੋਈ ਸਰਕਾਰੀ ਪ੍ਰੋਗਰਾਮ ਹੋਵੇਗਾ, ਤਾਂ ਉਹ ਉਸ ਦਾ ਵਿਰੋਧ ਕਰਨਗੇ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਹਰਿਆਣਾ ’ਚ ਜੇਕਰ ਕੋਈ ਭਾਜਪਾ-ਜੇ. ਜੇ. ਪੀ. ਦਾ ਆਗੂ ਕਿਸੇ ਪ੍ਰੋਗਰਾਮ ਵਿਚ ਪਹੁੰਚਦੇ ਹਨ ਤਾਂ ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਪੁੱਜ ਜਾਂਦੇ ਹਨ। ਉਦਘਾਟਨ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਕਿਸਾਨ ਐਤਵਾਰ ਦੇਰ ਰਾਤ ਤੱਕ ਪਾਰਕ ਵਿਚ ਇਕੱਠੇ ਹੁੰਦੇ ਰਹੇ। ਜਿਵੇਂ-ਜਿਵੇਂ ਕਿਸਾਨਾਂ ਦੀ ਗਿਣਤੀ ਵੱਧਦੀ ਗਈ, ਕਿਸਾਨਾਂ ਨੇ ਖੁਦ ਪਾਰਕ ਦਾ ਉਦਘਾਟਨ ਦਾ ਫ਼ੈਸਲਾ ਲਿਆ। ਪੁਲਸ ਮੌਕੇ ’ਤੇ ਨਹੀਂ ਪਹੁੰਚੀ ਸੀ।
150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਬੱਚਾ, ਬਚਾਅ ਮੁਹਿੰਮ ਜਾਰੀ
NEXT STORY