ਜੰਮੂ, (ਮਗੋਤਰਾ)- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ ਬਨਿਹਾਲ ਤੱਕ ਇਕ ਵਾਰ ਫਿਰ ਰੇਲਗੱਡੀ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਸ਼ਨੀਵਾਰ ਬਨਿਹਾਲ ਲਈ 8 ਡੱਬਿਆਂ ਵਾਲੀ ਰੇਲਗੱਡੀ ਚਲਾਈ ਗਈ। ਇਸ ਨੂੰ ਪੂਰੀ ਤਰ੍ਹਾਂ ਖਾਲੀ ਰੱਖਿਆ ਗਿਆ ਸੀ।
ਕਟੜਾ ਤੋਂ ਰਿਆਸੀ ਤੱਕ ਟ੍ਰੈਕ ’ਤੇ ਇਸ ਦੀ ਰਫਤਾਰ ਕਰੀਬ 40 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦੋਂ ਕਿ ਰਿਆਸੀ ਤੋਂ ਬਨਿਹਾਲ ਤੱਕ ਇਹ ਕਰੀਬ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੀ। ਰੇਲਗੱਡੀ ਦਾ ਇਹ ਟਰਾਇਲ ਪੂਰੀ ਤਰ੍ਹਾਂ ਸਫਲ ਰਿਹਾ।
ਵਾਪਸੀ 'ਤੇ ਰੇਲਗੱਡੀ ਦੀ ਰਫ਼ਤਾਰ ਵਧ ਗਈ
ਵਾਪਸੀ 'ਤੇ ਬਨਿਹਾਲ ਤੋਂ ਰਿਆਸੀ ਤੱਕ ਰੇਲਗੱਡੀ ਦੀ ਰਫ਼ਤਾਰ ਕਰੀਬ 80 ਕਿਲੋਮੀਟਰ ਪ੍ਰਤੀ ਘੰਟਾ ਸੀ। ਹੁਣ ਤੱਕ ਇਸ ਰੇਲਵੇ ਟ੍ਰੈਕ ’ਤੇ ਹਰ ਤਰ੍ਹਾਂ ਦੇ ਟਰਾਇਲ ਕੀਤੇ ਜਾ ਚੁੱਕੇ ਹਨ। ਇਨ੍ਹਾਂ ’ਚ ਲੋਡਡ ਮਾਲ ਗੱਡੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਹੁਣ ਕਟੜਾ ਤੋਂ ਬਨਿਹਾਲ ਤੱਕ ਰੇਲਵੇ ਟ੍ਰੈਕ ’ਤੇ 7 ਅਤੇ 8 ਜਨਵਰੀ ਨੂੰ ਲਗਾਤਾਰ 2 ਦਿਨ ਕਮਿਸ਼ਨਰ ਰੇਲਵੇ ਸੇਫਟੀ (ਸੀ.ਆਰ.ਐੱਸ.) ਵੱਲੋਂ ਆਖਰੀ ਨਿਰੀਖਣ ਕੀਤਾ ਜਾਵੇਗਾ।
ਜੇ ਸਭ ਕੁਝ ਠੀਕ ਰਿਹਾ ਤਾਂ ਕਮਿਸ਼ਨਰ ਰੇਲਵੇ ਸੇਫਟੀ ਨਿਯਮਿਤ ਤੌਰ ’ਤੇ ਇਸ ਟ੍ਰੈਕ 'ਤੇ ਮੁਸਾਫਰ ਰੇਲਗੱਡੀ ਨੂੰ ਚਲਾਉਣ ਲਈ ਹਰੀ ਝੰਡੀ ਦੇਣਗੇ। ਉਸ ਤੋਂ ਬਾਅਦ ਕਿਸੇ ਦਿਨ ਰੇਲਗੱਡੀ ਨੂੰ ਕਟੜਾ ਤੋਂ ਸ਼੍ਰੀਨਗਰ ਲਈ ਰਵਾਨਾ ਕੀਤਾ ਜਾਵੇਗਾ । ਉਹ ਦਿਨ ਜੰਮੂ-ਕਸ਼ਮੀਰ ਦੇ ਇਤਿਹਾਸ ਵਿਚ ਇਕ ਯਾਦਗਾਰੀ ਦਿਨ ਹੋਵੇਗਾ।
ਉਸ ਦਿਨ ਰੇਲ ਰਾਹੀਂ ਕਸ਼ਮੀਰ ਜਾਣ ਵਾਲੇ ਲੋਕਾਂ ਦੀ ਉਡੀਕ ਖਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਰੇਲਗੱਡੀ ਨੂੰ ਹਰੀ ਝੰਡੀ ਵਿਖਾਉਣਗੇ।
ਰੇਲ ਰਾਹੀਂ ਸਵਰਗ ਨੂੰ ਵੇਖਣ ਦਾ ਸੁਪਨਾ ਹੋਵੇਗਾ ਸਾਕਾਰ
ਜੰਮੂ-ਕਸ਼ਮੀਰ ਪੂਰੀ ਦੁਨੀਆ ਵਿਚ ਸੈਰ-ਸਪਾਟੇ ਲਈ ਇਕ ਪ੍ਰਮੁੱਖ ਥਾਂ ਹੈ। ਕਸ਼ਮੀਰ ਨੂੰ ਧਰਤੀ ਦਾ ਸਵਰਗ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਖੂਬਸੂਰਤ ਪਹਾੜ ਵੇਖਣ ਯੋਗ ਹਨ।
ਰੇਲ ਰਾਹੀਂ ‘ਸਵਰਗ ਦਾ ਨਜ਼ਾਰਾ’ ਵੇਖਣ ਦਾ ਲੋਕਾਂ ਦਾ ਸੁਪਨਾ ਜਲਦੀ ਹੀ ਪੂਰਾ ਹੋ ਰਿਹਾ ਹੈ। ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਮੁਸਾਫਰ ਜੰਮੂ ਡਿਵੀਜ਼ਨ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਵੀ ਮਾਣ ਸਕਣਗੇ। ਬਨਿਹਾਲ ਤੋਂ ਕਟੜਾ ਤੱਕ ਦੇ ਰੇਲਵੇ ਟਰੈਕ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਕੂਲ ਤੋਂ ਪਰਤ ਰਹੀ 15 ਸਾਲਾ ਵਿਦਿਆਰਥਣ 'ਤੇ ਡਿੱਗੀ ਦਰੱਖਤ ਦੀ ਟਾਹਣੀ, ਮੌਕੇ 'ਤੇ ਹੋਈ ਮੌਤ
NEXT STORY