ਪੂਰਣੀਆ- ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ’ਤੇ ਘੁਸਪੈਠੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ ਕਿ ਸੀਮਾਂਚਲ ਤੇ ਪੂਰਬੀ ਭਾਰਤ ’ਚ ਘੁਸਪੈਠੀਆਂ ਕਾਰਨ ‘ਡੈਮੋਗ੍ਰਾਫੀ’ ਭਾਵ ਆਬਾਦੀ ਲਈ ਇਕ ਵੱਡਾ ਸੰਕਟ ਪੈਦਾ ਹੋ ਗਿਆ ਹੈ । ਦੋਵਾਂ ਪਾਰਟੀਆਂ ਕਾਰਨ ਨਾ ਸਿਰਫ ਬਿਹਾਰ ਦਾ ਸਨਮਾਨ ਸਗੋਂ ਬਿਹਾਰ ਦੀ ਪਛਾਣ ਵੀ ਖ਼ਤਰੇ ’ਚ ਹੈ।
ਪੂਰਣੀਆ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ‘ਡੈਮੋਗ੍ਰਾਫੀ’ ’ਚ ਹੋਈ ਤਬਦੀਲੀ ਕਾਰਨ ਬਿਹਾਰ, ਬੰਗਾਲ ਤੇ ਆਸਾਮ ਵਰਗੇ ਕਈ ਸੂਬਿਆਂ ਦੇ ਲੋਕ ਆਪਣੀਆਂ ਭੈਣਾਂ-ਧੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਇਸ ਨੂੰ ਦੇਖਦੇ ਹੋਏ ਮੈ ਲਾਲ ਕਿਲ੍ਹੇ ਤੋਂ ਡੌਮੋਗ੍ਰਾਫਿਕ ਮਿਸ਼ਨ ਦਾ ਐਲਾਨ ਵੀ ਕੀਤਾ ਸੀ।
ਉਨ੍ਹਾਂ ਕਿਹਾ ਕਿ ਵੋਟ ਬੈਂਕ ਦੇ ਸਵਾਰਥ ਕਾਰਨ ਕਾਂਗਰਸ- ਰਾਜਦ ਅਤੇ ਇਸ ਦੇ ਈਕੋ-ਸਿਸਟਮ ਦੇ ਲੋਕ ਘੁਸਪੈਠੀਆਂ ਦੀ ਵਕਾਲਤ ਅਤੇ ਰੱਖਿਆ ਕਰਨ ’ਚ ਲੱਗੇ ਹੋਏ ਹਨ। ਕਾਂਗਰਸ-ਰਾਜਦ ਦੇ ਲੋਕ ਬੇਸ਼ਰਮੀ ਨਾਲ ਵਿਦੇਸ਼ਾਂ ਤੋਂ ਆਏ ਘੁਸਪੈਠੀਆਂ ਨੂੰ ਬਚਾਉਣ ਲਈ ਨਾਅਰੇ ਲਾ ਰਹੇ ਹਨ ਤੇ ਯਾਤਰਾਵਾਂ ਕੱਢ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਤੇ ਰਾਜਦ ਤੋਂ ਨਾ ਸਿਰਫ਼ ਬਿਹਾਰ ਦਾ ਸਨਮਾਨ ਸਗੋਂ ਬਿਹਾਰ ਦੀ ਪਛਾਣ ਵੀ ਖਤਰੇ ’ਚ ਹੈ। ਦੋਹਾਂ ਦੇ ਆਗੂਆਂ ’ਤੇ ਬਿਹਾਰ ਤੇ ਦੇਸ਼ ਦੇ ਸੋਮਿਆਂ ਤੇ ਸੁਰੱਖਿਆ ਨੂੰ ਦਾਅ ’ਤੇ ਲਾਉਣ ਦਾ ਦੋਸ਼ ਲਾਉਂਦੇ ਹੋਏ, ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਹਾਰ ਤੇ ਦੇਸ਼ ’ਚ ਦਾਖਲ ਹੋਏ ਸਾਰੇ ਘੁਸਪੈਠੀਆਂ ਨੂੰ ਬਾਹਰ ਜਾਣਾ ਪਵੇਗਾ। ਮੋਦੀ ਨੇ ਬਿਹਾਰ ਦੇ ਲੋਕਾਂ ਦੀ ਤੁਲਨਾ ‘ਬੀੜੀ’ ਨਾਲ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ ਤੇ ਇਸ ਨੂੰ ਬਿਹਾਰੀਆਂ ਦਾ ਅਪਮਾਨ ਕਿਹਾ।
ਮੋਦੀ ਨੇ ਬਿਹਾਰ ’ਚ 36,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਲਾਂਚ ਕੀਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਬਿਹਾਰ ਦੇ ਪੂਰਣੀਆ ਜ਼ਿਲੇ ’ਚ ਲਗਭਗ 36,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟ ਲਾਂਚ ਕੀਤੇ। ਉਨ੍ਹਾਂ ਪੂਰਣੀਆ ਹਵਾਈ ਅੱਡੇ ’ਤੇ ਨਵੀਂ ਬਣੀ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕੀਤਾ।ਮੋਦੀ ਨੇ ਪੂਰਣੀਆ-ਕੋਲਕਾਤਾ ਰੂਟ ’ਤੇ ਪਹਿਲੀ ਉਡਾਣ ਨੂੰ ਹਰੀ ਝੰਡੀ ਵਿਖਾਈ। ਇਸ ਸਮਾਰੋਹ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਕਈ ਕੇਂਦਰੀ ਮੰਤਰੀ, ਰਾਜ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਮੌਜੂਦ ਸਨ। ਮੋਦੀ ਨੇ ਭਾਗਲਪੁਰ ਦੇ ਪੀਰਪੇਂਟੀ ’ਚ 25,000 ਕਰੋੜ ਰੁਪਏ ਦੀ ਲਾਗਤ ਨਾਲ 3x800 ਮੈਗਾਵਾਟ ਥਰਮਲ ਪਾਵਰ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਵਿਰੋਧੀ ਧਿਰ ਨੂੰ ਧੱਕਿਆ ਗਿਆ ਪਿੱਛੇ : ਰਾਸ਼ਟਰਪਤੀ ਭਵਨ ਨੇ ਰਵਾਇਤ ਤੋੜੀ
NEXT STORY