ਪਣਜੀ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ ‘ਇਸਰੋ’ ਦੇ ਚੇਅਰਮੈਨ ਸੋਮਨਾਥ ਨੇ ਕਿਹਾ ਹੈ ਕਿ ਆਉਂਦੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਲਈ 'ਵਾਤਾਵਰਣ ਕੰਟਰੋਲ ਅਤੇ ਜੀਵਨ ਮਦਦ ਪ੍ਰਣਾਲੀ' (ਈ. ਸੀ. ਐੱਲ. ਐੱਸ. ਐੱਸ.) ਦੇ ਕਿਤੋਂ ਵੀ ਨਾ ਮਿਲਣ ਪਿੱਛੋਂ ਪੁਲਾੜ ਏਜੰਸੀ ਨੇ ਇਸ ਨੂੰ ਖੁਦ ਹੀ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ।
‘ਗਨਯਾਨ’ ਪ੍ਰੋਜੈਕਟ ਅਧੀਨ ਇਸਰੋ ਧਰਤੀ ਤੋਂ 400 ਕਿਲੋਮੀਟਰ ਉੱਪਰ ਆਰਬਿਟ ਵਿੱਚ ਇੱਕ ਮਨੁੱਖੀ ਚਾਲਕ ਦਲ ਨੂੰ ਭੇਜੇਗਾ। ਫਿਰ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਧਰਤੀ ’ਤੇ ਵਾਪਸ ਲਿਆਉਣ ਲਈ ਸਮੁੰਦਰ ਵਿੱਚ ਉਤਾਰੇਗਾ। ਗਗਨਯਾਨ ਦੇ 2025 ’ਚ ਲਾਂਚ ਹੋਣ ਦੀ ਉਮੀਦ ਹੈ।
ਸੋਮਨਾਥ ਨੇ ਕਿਹਾ ਕਿ ਸਾਡੇ ਕੋਲ ਵਾਤਾਵਰਣ ਕੰਟਰੋਲ ਅਤੇ ਜੀਵਨ ਸਹਾਇਤਾ ਪ੍ਰਣਾਲੀ ਨੂੰ ਵਿਕਸਤ ਕਰਨ ਦਾ ਤਜਰਬਾ ਨਹੀਂ ਹੈ। ਅਸੀਂ ਸਿਰਫ਼ ਰਾਕੇਟ ਅਤੇ ਉਪਗ੍ਰਹਿ ਹੀ ਬਣਾਉਂਦੇ ਹਾਂ। ਅਸੀਂ ਸੋਚਿਆ ਸੀ ਕਿ ਇਸ ਤਰ੍ਹਾਂ ਦੀ ਜਾਣਕਾਰੀ ਦੂਜੇ ਦੇਸ਼ਾਂ ਤੋਂ ਲੈ ਲਵਾਂਗੇ ਪਰ ਬਦਕਿਸਮਤੀ ਨਾਲ ਬਹੁਤ ਚਰਚਾ ਕਰਨ ਤੋਂ ਬਾਅਦ ਵੀ ਕੋਈ ਵੀ ਦੇਸ਼ ਸਾਡੀ ਮਦਦ ਕਰਨ ਲਈ ਤਿਆਰ ਨਹੀਂ ਹੋਇਆ
ਸੋਮਨਾਥ ਗੋਆ ਦੇ ਵਿਗਿਆਨ, ਵਾਤਾਵਰਣ ਅਤੇ ਤਕਨਾਲੋਜੀ ਵਿਭਾਗ ਵਲੋਂ ਆਯੋਜਿਤ ‘ਮਨੋਹਰ ਪਾਰਿਕਰ ਸਾਇੰਸ ਫੈਸਟੀਵਲ 2023’ ਦੇ 5ਵੇਂ ਐਡੀਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਗੋਆ ਦੇ ਡੋਨਾ ਪੌਲਾ ਵਿੱਚ ਆਯੋਜਿਤ ਕੀਤਾ ਗਿਆ ਸੀ।
ਸੋਮਨਾਥ ਨੇ ਕਿਹਾ ਕਿ ਇਸਰੋ ਨੇ ਹੁਣ ਆਪਣੇ ਤੌਰ ’ਤੇ ਈ. ਸੀ. ਐੱਲ. ਐੱਸ. ਐੱਸ. ਨੂੰ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਇਸ ਨੂੰ ਭਾਰਤ ਵਿੱਚ ਹੀ ਵਿਕਸਤ ਕਰਾਂਗੇ। ਗਗਨਯਾਨ ਪ੍ਰੋਗਰਾਮ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਪਿਛਲੇ ਕਈ ਸਾਲਾਂ ਤੋਂ ਨਿਰਮਾਣ ਤੇ ਡਿਜ਼ਾਈਨ ਸਮਰੱਥਾ ਨੂੰ ਵਿਕਸਤ ਕਰਨ ਲਈ ਗਿਆਨ ਹਾਸਲ ਕਰਨ ਵਿੱਚ ਲੱਗਾ ਹੋਇਆ ਹੈ। ਇਸ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਭਾਰਤੀ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ।
ਜਬਰ-ਜ਼ਨਾਹ ਦੀ ਸ਼ਿਕਾਰ ਕੁੜੀ ਨੇ ਅਦਾਲਤ ’ਚ ਪੀਤੀ ਕੀੜੇਮਾਰ ਦਵਾਈ, ਹਸਪਤਾਲ ਦਾਖਲ
NEXT STORY