ਨਵੀਂ ਦਿੱਲੀ- ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੇ ਸਾਹਮਣੇ ਅੱਜ-ਕਲ੍ਹ ਇਕ ਵੱਡੀ ਸਮੱਸਿਆ ਖੜ੍ਹੀ ਹੈ। ਉਨ੍ਹਾਂ ਨੇ 12 ’ਚੋਂ 11 ਸਾਬਕਾ ਮੰਤਰੀਆਂ, ਜਿਨ੍ਹਾਂ ’ਚ 6 ਕੈਬਨਿਟ ਰੈਂਕ ਦੇ ਵੀ ਸਨ, ਨੂੰ ਪਾਰਟੀ ਸੰਗਠਨ ’ਚ ਐਡਜਸਟ ਕਰਨਾ ਹੈ। 12 ’ਚੋਂ ਇਕ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਜਾ ਚੁੱਕਾ ਹੈ। ਸੰਤੋਸ਼ ਗੰਗਵਾਰ, ਜੋ ਹੁਣ ਤਕ ਕੇਂਦਰ ਸਰਕਾਰ ’ਚ ਕਿਰਤ ਮੰਤਰੀ ਸਨ, ਨੂੰ ਵੀ ਕਿਸੇ ਸੂਬੇ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ। ਗੰਗਵਾਰ ਉੱਤਰ ਪ੍ਰਦੇਸ਼ ਦੇ ਕੁਰਮੀ ਜਾਤ ਨਾਲ ਸੰਬੰਧਤ ਹਨ। ਸਰਕਾਰ ਇਸ ਜਾਤ ਦੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ।
ਸਦਾਨੰਦ ਗੌੜਾ ਸਬੰਧੀ ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਸੂਬੇ ਦਾ ਰਾਜਪਾਲ ਬਣਾਇਆ ਜਾਵੇਗਾ ਅਤੇ ਨਾ ਹੀ ਭਾਜਪਾ ’ਚ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ ਕਿਉਂਕਿ ਭਾਜਪਾ ਦੇ ਪ੍ਰਭਾਵੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਨਾਲ ਉਨ੍ਹਾਂ ਦਾ 36 ਦਾ ਅੰਕੜਾ ਹੈ। ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਰਵੀ ਸ਼ੰਕਰ ਨੂੰ ਵੀ ਭਾਜਪਾ ਦਾ ਜਨਰਲ ਸਕੱਤਰ ਬਣਾਏ ਜਾਣ ’ਚ ਸਮੱਸਿਆ ਹੈ ਕਿਉਂਕਿ ਸੀਨੀਆਰਿਟੀ ’ਚ ਉਹ ਨੱਢਾ ਤੋਂ ਵੀ ਉੱਪਰ ਹਨ। ਉਹ ਕੁਝ ਤਿੱਖੇ ਸੁਭਾਅ ਦੇ ਵੀ ਸਮਝੇ ਜਾਂਦੇ ਹਨ। ਇਸ ਕਾਰਨ ਹੋਰ ਜਨਰਲ ਸਕੱਤਰ ਉਨ੍ਹਾਂ ਦੇ ਆਉਣ ਨਾਲ ਖੁਦ ਨੂੰ ਅਸਹਿਜ ਮਹਿਸੂਸ ਕਰ ਸਕਦੇ ਹਨ।
ਜਿਥੋਂ ਤਕ ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਦੀ ਗੱਲ ਹੈ ਤਾਂ ਉਨ੍ਹਾਂ ਦੇ ਮੁੜ ਵਸੇਬੇ ’ਚ ਕੋਈ ਸਮੱਸਿਆ ਨਹੀਂ ਆਏਗੀ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਚੋਣਾਂ ਵਾਲੇ ਕਿਸੇ ਸੂਬੇ ’ਚ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਭੁਪਿੰਦਰ ਯਾਦਵ ਦੇ ਮੰਤਰੀ ਬਣ ਜਾਣ ਨਾਲ ਇਸ ਸਮੇਂ ਭਾਜਪਾ ’ਚ 8 ਜਨਰਲ ਸਕੱਤਰ ਹਨ। ਯਾਦਵ ਕੋਲ ਗੁਜਰਾਤ ਅਤੇ ਬਿਹਾਰ ਦੀ ਜ਼ਿੰਮੇਵਾਰੀ ਸੀ। ਗੁਜਰਾਤ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਿੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਉੱਤਰਾਖੰਡ ’ਚ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਭਾਜਪਾ ਦੇ ਚੋਟੀ ਦੇ ਨੀਤੀ ਨਿਰਧਾਰਤ ਸੰਸਦੀ ਬੋਰਡ ’ਚ 5 ਅਹੁਦੇ ਖਾਲੀ ਹਨ। ਇਹ ਅਹੁਦੇ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਅਨੰਤ ਕੁਮਾਰ ਦੇ ਅਚਾਨਕ ਦਿਹਾਂਤ ਹੋਣ ਕਾਰਨ ਅਤੇ ਵੈਂਕਈਆ ਨਾਇਡੂ ਦੇ ਉੱਪ-ਰਾਸ਼ਟਰਪਤੀ ਬਣਨ ਤੇ ਥਾਵਰਚੰਦ ਗਹਿਲੋਤ ਦੇ ਕਰਨਾਟਕ ਦਾ ਰਾਜਪਾਲ ਬਣ ਜਾਣ ਕਾਰਨ ਖਾਲੀ ਹੋਏ ਹਨ। ਹੁਣ ਜਦੋਂ ਕਿ ਵਧੇਰੇ ਪੁਰਾਣੇ ਨੇਤਾ ਜਾਂ ਤਾਂ ਲਾਂਭੇ ਕਰ ਦਿੱਤੇ ਗਏ ਹਨ ਜਾਂ ਰਾਜ ਭਵਨ ਭੇਜ ਦਿੱਤੇ ਗਏ ਹਨ ਤਾਂ ਉਕਤ 5 ਅਹੁਦਿਆਂ ’ਤੇ ਨਿਯੁਕਤ ਹੋਣ ਵਾਲਿਆਂ ’ਤੇ ਸਭ ਦੀ ਨਜ਼ਰ ਰਹੇਗੀ ਕਿਉਂਕਿ ਉਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਮੋਦੀ-ਸ਼ਾਹ ਜੋੜੀ ਦਾ ਕਿਸ-ਕਿਸ ਨੂੰ ਆਸ਼ੀਰਵਾਦ ਪ੍ਰਾਪਤ ਹੈ।
ਕੇਂਦਰੀ ਗ੍ਰਹਿ ਮੰਤਰਾਲਾ ਦੀ ਸੂਬਿਆਂ ਨੂੰ ਚਿਤਾਵਨੀ ਭਰੀ ਚਿੱਠੀ, ਭੀੜ ਨਾਲ ਫਿਰ ਕੋਰੋਨਾ ਫੈਲਣ ਦਾ ਖ਼ਤਰਾ
NEXT STORY