ਜੰਮੂ— ਬੀਤੇ ਐਤਵਾਰ ਨੂੰ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਮੁਖੀ ਅਤੇ ਸਾਬਕਾ ਮੰਤਰੀ ਚੇਰਿੰਗ ਦੋਰਜੇ ਨੇ ਆਪਣੇ ਸਿਆਸੀ ਅਹੁਦੇ ਦੇ ਨਾਲ-ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਦਰਅਸਲ ਦੋਰਜੇ ਨੇ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਫਸੇ ਲੱਦਾਖ ਦੇ ਯਾਤਰੀਆਂ, ਮਰੀਜ਼ਾਂ, ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ (union territory) ਦੇ ਪ੍ਰਸ਼ਾਸਨ ਨੂੰ ਅਸਫਲ ਕਰਾਰ ਦਿੱਤਾ ਅਤੇ ਇਸ ਦੇ ਵਿਰੋਧ ਵਿਚ ਦੋਰਜੇ ਨੇ ਅਸਤੀਫਾ ਦੇ ਦਿੱਤਾ।

ਦੋਰਜੇ ਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੂੰ ਸੌਂਪ ਦਿੱਤਾ ਹੈ। ਆਪਣੇ ਅਸਤੀਫੇ 'ਚ ਉਨ੍ਹਾਂ ਲਿਖਿਆ ਕਿ ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਫਸੇ ਲੱਦਾਖ ਦੇ ਲੋਕਾਂ ਨੂੰ ਕੱਢਣ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪ੍ਰਸ਼ਾਸਨ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਫਸੇ ਹੋਏ ਲੋਕਾਂ ਦੀ ਤਰਸਯੋਗ ਸਥਿਤੀ ਬਾਰੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈ। ਇਸ ਬਾਰੇ ਮੈਂ ਪੂਰੇ ਮਸਲੇ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪਾਰਟੀ ਹਾਈ ਕਮਾਨ ਦੇ ਸਾਹਮਣੇ ਵੀ ਰੱਖਿਆ, ਪਰ ਹਾਲਾਤ ਜਿਵੇਂ ਦੇ ਤਿਵੇਂ ਬਣੇ ਰਹੇ ਹਨ। ਮੈਨੂੰ ਲੱਦਾਖ ਦੇ ਦੇਸ਼ ਭਗਤ ਲੋਕਾਂ ਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ। ਬਹੁਤ ਸ਼ਰਮਨਾਕ ਤਰੀਕੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਸੰਘ ਸ਼ਾਸਕਾਂ ਵਲੋਂ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਲੇਹ ਅਤੇ ਕਾਰਗਿਲ ਦੀ ਖੁਦਮੁਖਤਿਆਰੀ ਪਹਾੜੀ ਪਰੀਸ਼ਦਾਂ ਨੂੰ ਕੌਂਸਲ ਐਕਟ ਮੁਤਾਬਕ ਕੰਮ ਕਰਨ ਦੀ ਆਗਿਆ ਨਾ ਦੇ ਕੇ ਅਪ੍ਰਭਾਵੀ ਬਣਾ ਦਿੱਤਾ ਹੈ। ਦੋਹਾਂ ਜ਼ਿਲਿਆਂ ਲਈ ਖੁਦਮੁਖਤਿਆਰੀ ਰੁਤਬਾ ਪ੍ਰਾਪਤ ਕਰਨ ਲਈ ਲੱਦਾਖੀਆਂ ਨੇ ਬਹੁਤ ਤਿਆਗ ਦਿੱਤਾ ਹੈ।
ਦੱਸ ਦੇਈਏ ਕਿ ਮੋਦੀ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਦੀ ਕੋਰੋਨਾ ਅਤੇ ਲਾਕਡਾਊਨ ਸੰਬੰਧੀ ਰਣਨੀਤੀਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਕਈ ਧੜਿਆਂ ਵਲੋਂ ਆਲੋਚਨਾ ਹੋ ਰਹੀ ਹੈ। ਕੋਈ ਕਹਿ ਰਿਹਾ ਹੈ ਕਿ ਸਰਕਾਰ ਨੂੰ ਦੇਸ਼ ਵਿਚ ਕੋਰੋਨਾ ਦੀ ਟੈਸਟਿੰਗ ਵਧਾਉਣ ਦੇ ਨਾਲ-ਨਾਲ ਮਜ਼ਦੂਰਾਂ ਅਤੇ ਉਦਯੋਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਰਥਿਕ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।
ਮੁੰਬਈ 'ਚ ਮਾਸਕ ਨਾ ਪਹਿਨਣ 'ਤੇ ਵਿਰੋਧ ਕਰਨਾ ਸ਼ਖਸ ਨੂੰ ਪਿਆ ਮਹਿੰਗਾ
NEXT STORY