ਬਰੇਲੀ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਸੀ. ਬੀ. ਗੰਜ ਥਾਣਾ ਖੇਤਰ ’ਚ ਪ੍ਰੇਮ ਵਿਆਹ ਤੋਂ ਲੱਗਭਗ ਇਕ ਮਹੀਨੇ ਬਾਅਦ 28 ਸਾਲਾ ਨੌਜਵਾਨ ਦੀ ਲਾਸ਼ ਐਤਵਾਰ ਨੂੰ ਸ਼ੱਕੀ ਹਾਲਾਤ ’ਚ ਫਾਹੇ ਨਾਲ ਲਟਕੀ ਮਿਲੀ। ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੌਤ ਦੇ ਹਾਲਾਤ ’ਤੇ ਸ਼ੱਕ ਪ੍ਰਗਟਾਇਆ ਹੈ। ਪੁਲਸ ਅਨੁਸਾਰ ਨਵਦੀਆ ਪਿੰਡ ਵਾਸੀ ਫੈਜ਼ਾਨ ਨਿੱਜੀ ਹਸਪਤਾਲ ’ਚ ਕੰਮ ਕਰਦਾ ਸੀ। ਉਸ ਨੇ ਲੱਗਭਗ ਇਕ ਮਹੀਨਾ ਪਹਿਲਾਂ 22 ਸਾਲਾ ਜਾਸਮੀਨ ਨਾਲ ਪ੍ਰੇਮ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵੇਂ ਪਰਿਵਾਰ ਤੋਂ ਵੱਖ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਜਾਸਮੀਨ ਮੁਤਾਬਕ ਸ਼ਨੀਵਾਰ ਰਾਤ ਖਾਣਾ ਖਾਣ ਤੋਂ ਬਾਅਦ ਫੈਜ਼ਾਨ ਸੌਂ ਗਿਆ ਸੀ। ਐਤਵਾਰ ਸਵੇਰੇ ਉਸ ਦੀ ਅੱਖ ਖੁੱਲ੍ਹੀ ਤਾਂ ਫੈਜ਼ਾਨ ਦੀ ਲਾਸ਼ ਦੁਪੱਟੇ ਦੇ ਸਹਾਰੇ ਪੱਖੇ ਨਾਲ ਲਟਕੀ ਮਿਲੀ। ਉਸ ਨੇ ਪੇਕੇ ਅਤੇ ਸਹੁਰੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ ਗਈ।
ਜਾਸਮੀਨ ਨੇ ਪੁਲਸ ਨੂੰ ਦੱਸਿਆ ਕਿ ਫੈਜ਼ਾਨ ਦੇ ਪਰਿਵਾਰ ਦੇ ਕੁਝ ਮੈਂਬਰ ਉਸ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸਨ ਅਤੇ ਫੈਜ਼ਾਨ ਆਪਣੇ ਪਰਿਵਾਰ ਤੋਂ ਦੂਰੀ ਕਾਰਨ ਤਣਾਅ ਵਿਚ ਸੀ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੇ ਘਟਨਾ ਬਾਰੇ ਸ਼ੱਕ ਪ੍ਰਗਟ ਕਰਦੇ ਹੋਏ ਕਿਹਾ ਕਿ ਫੈਜ਼ਾਨ ਦੇ ਸਿਰ ’ਚੋਂ ਖੂਨ ਵਗ ਰਿਹਾ ਸੀ। ਸਰਕਲ ਅਫਸਰ ਨਿਤਿਨ ਕੁਮਾਰ ਨੇ ਕਿਹਾ ਕਿ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਸੋਮਵਾਰ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕੀਤਾ ਅਲਰਟ, ਦਿੱਲੀ-ਪੰਜਾਬ ਸਣੇ ਇਨ੍ਹਾਂ ਸੂਬਿਆਂ ਦਾ ਜਾਣੋ ਹਾਲ
NEXT STORY