ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸੰਗਮ ਤਟ 'ਤੇ ਲੱਗੇ ਮਾਘ ਮੇਲੇ 'ਚ ਇੰਨੀਂ ਦਿਨੀਂ ਇਕ ਬਾਬਾ ਆਪਣੀ ਵੱਖਰੀ ਦਿੱਖ ਅਤੇ ਅਨੋਖੇ ਅੰਦਾਜ਼ ਕਾਰਨ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਾਨਪੁਰ ਦਾ ਰਹਿਣ ਵਾਲੇ ਮਨੋਜ ਆਨੰਦ, ਜਿਸ ਨੂੰ ਦੁਨੀਆ 'ਗੂਗਲ ਗੋਲਡਨ ਬਾਬਾ' ਦੇ ਨਾਮ ਨਾਲ ਜਾਣਦੀ ਹੈ, ਆਪਣੇ ਸਰੀਰ 'ਤੇ ਕਰੋੜਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਪਹਿਨ ਕੇ ਮੇਲੇ ਦੀ ਰੌਣਕ ਵਧਾ ਰਹੇ ਹਨ।
5 ਕਰੋੜ ਦੇ ਗਹਿਣਿਆਂ ਨਾਲ ਲੱਦੇ ਹੋਏ ਹਨ ਬਾਬਾ
ਗੋਲਡਨ ਬਾਬਾ ਨੇ ਆਪਣੇ ਸਰੀਰ 'ਤੇ ਲਗਭਗ 5 ਕਰੋੜ ਰੁਪਏ ਦੀ ਕੀਮਤ ਦੇ ਗਹਿਣੇ ਪਹਿਨੇ ਹੋਏ ਹਨ। ਉਨ੍ਹਾਂ ਦੇ ਸਿਰ 'ਤੇ ਕਈ ਕਿੱਲੋ ਭਾਰੀ ਚਾਂਦੀ ਦਾ ਮੁਕਟ ਸਜਿਆ ਹੋਇਆ ਹੈ, ਜਿਸ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਸਵੀਰ ਲੱਗੀ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੱਥਾਂ 'ਚ ਦੇਵੀ-ਦੇਵਤਿਆਂ ਦੀਆਂ ਆਕ੍ਰਿਤੀਆਂ ਵਾਲੀਆਂ ਅੰਗੂਠੀਆਂ ਅਤੇ ਗਲੇ 'ਚ ਸੋਨੇ-ਚਾਂਦੀ ਦਾ ਸ਼ੰਖ ਵੀ ਪਾਇਆ ਹੋਇਆ ਹੈ। ਬਾਬਾ ਹਮੇਸ਼ਾ ਆਪਣੇ ਹੱਥਾਂ 'ਚ ਸੋਨੇ ਦੇ ਬਣੇ 'ਲੱਡੂ ਗੋਪਾਲ' ਦੀ ਮੂਰਤੀ ਲੈ ਕੇ ਚੱਲਦੇ ਹਨ।
ਯੋਗੀ ਆਦਿੱਤਿਆਨਾਥ ਨੂੰ PM ਬਣਾਉਣ ਲਈ ਲਿਆ ਕਠੋਰ ਸੰਕਲਪ
ਗੋਲਡਨ ਬਾਬਾ ਕੇਵਲ ਆਪਣੇ ਗਹਿਣਿਆਂ ਲਈ ਹੀ ਨਹੀਂ, ਬਲਕਿ ਆਪਣੇ ਇਕ ਕਠੋਰ ਸੰਕਲਪ ਲਈ ਵੀ ਚਰਚਾ 'ਚ ਹਨ। ਉਨ੍ਹਾਂ ਨੇ ਪ੍ਰਣ ਲਿਆ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ, ਉਦੋਂ ਤੱਕ ਉਹ ਨੰਗੇ ਪੈਰ ਹੀ ਰਹਿਣਗੇ। ਦੱਸਣਯੋਗ ਹੈ ਕਿ ਬਾਬਾ ਪਹਿਲਾਂ 5 ਲੱਖ ਰੁਪਏ ਦੀ ਕੀਮਤ ਦੀਆਂ ਚਾਂਦੀ ਦੀਆਂ ਚੱਪਲਾਂ ਪਹਿਨਦੇ ਸਨ, ਪਰ ਹੁਣ ਉਨ੍ਹਾਂ ਨੇ ਇਸ ਤਿਆਗ ਦਾ ਰਸਤਾ ਚੁਣਿਆ ਹੈ। ਉਨ੍ਹਾਂ ਦੇ ਭਗਵੇਂ ਕੱਪੜਿਆਂ 'ਤੇ ਵੀ ਯੋਗੀ ਆਦਿੱਤਿਆਨਾਥ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲਾ ਪੋਸਟਰ ਛਪਿਆ ਹੋਇਆ ਹੈ।
ਕਿਉਂ ਪਿਆ 'ਗੂਗਲ ਗੋਲਡਨ ਬਾਬਾ' ਨਾਮ?
ਜਦੋਂ ਬਾਬਾ ਨੂੰ ਉਨ੍ਹਾਂ ਦੇ ਅਨੋਖੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਤੁਸੀਂ ਉਨ੍ਹਾਂ ਨੂੰ ਗੂਗਲ 'ਤੇ ਸਰਚ ਕਰਦੇ ਹੋ, ਤਾਂ ਉਹ ਤੁਰੰਤ ਪ੍ਰਗਟ ਹੋ ਜਾਂਦੇ ਹਨ, ਇਸੇ ਕਾਰਨ ਲੋਕ ਉਨ੍ਹਾਂ ਨੂੰ 'ਗੂਗਲ ਗੋਲਡਨ ਬਾਬਾ' ਕਹਿੰਦੇ ਹਨ। ਬਾਬਾ ਪਿਛਲੇ 20 ਸਾਲਾਂ ਤੋਂ ਇਸੇ ਵੇਸ਼ਭੂਸ਼ਾ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਅਨੁਸਾਰ ਉਹ ਪੈਦਾਇਸ਼ੀ ਅਮੀਰ ਹਨ।
ਸੁਰੱਖਿਆ ਦਾ ਕੋਈ ਡਰ ਨਹੀਂ
ਇੰਨਾ ਸੋਨਾ ਪਹਿਨਣ ਦੇ ਬਾਵਜੂਦ ਬਾਬਾ ਨੂੰ ਕਿਸੇ ਲੁੱਟ-ਖੋਹ ਜਾਂ ਚੋਰੀ ਦਾ ਡਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ 'ਲੱਡੂ ਗੋਪਾਲ' ਹਮੇਸ਼ਾ ਉਨ੍ਹਾਂ ਦੇ ਨਾਲ ਹਨ ਅਤੇ ਉਹ ਆਪਣੇ ਪ੍ਰਭੂ ਦੀ ਛਤਰ-ਛਾਇਆ ਹੇਠ ਪੂਰੀ ਤਰ੍ਹਾਂ ਸੁਰੱਖਿਅਤ ਹਨ, ਇਸ ਲਈ ਉਨ੍ਹਾਂ ਨੂੰ ਕਿਸੇ ਵਾਧੂ ਸੁਰੱਖਿਆ ਦੀ ਲੋੜ ਨਹੀਂ ਹੈ। ਫਿਲਹਾਲ ਬਾਬਾ ਮਾਘ ਮੇਲਾ ਖੇਤਰ ਦੇ ਸੈਕਟਰ 2 'ਚ ਆਪਣੇ ਕੈਂਪ 'ਚ ਰਹਿ ਕੇ ਸ਼ਰਧਾਲੂਆਂ ਨੂੰ ਦਰਸ਼ਨ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਬੇਸਹਾਰਾ ਪਸ਼ੂ ਪਾਲਣ 'ਤੇ ਮਿਲੇਗੀ 12 ਹਜ਼ਾਰ ਰੁਪਏ ਮਹੀਨਾ ਤਨਖਾਹ, ਜਾਣੋ ਮਾਮਲਾ
NEXT STORY