ਨਵੀਂ ਦਿੱਲੀ, (ਜ.ਬ.)- ਸਿੱਖ ਪੰਥ ਦੇ ਨਵੇਂ ਸਾਲ (ਨਾਨਕਸ਼ਾਹੀ ਸੰਮਤ 551) ਦੀ ਖੁਸ਼ੀ ਵਿਚ 1 ਚੇਤ ਦਾ ਮਹੀਨਾ ਚੜ੍ਹਨ ਦੇ ਮੌਕੇ ’ਤੇ ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ। ਇਸ ਦੌਰਾਨ ਉਨ੍ਹਾਂ ਨੇ ਸਮੁੱਚੇ ਪੰਥ ਵਲੋਂ ਕਰਤਾਰਪੁਰ ਲਾਂਘੇ ਦੇ ਖੋਲ੍ਹਣ ਦੇ ਕਾਰਜ ਦੀ ਸਫਲਤਾ ਲਈ ਅਰਦਾਸ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਸਵਾਗਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਦਿੱਲੀ ਕਮੇਟੀ ਮੈਂਬਰ ਹਾਜ਼ਰ ਸਨ। ਬੀਬਾ ਹਰਸਿਮਰਤ ਕੌਰ ਨੇ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਚੇਤ ਦੀ ਸੰਗਰਾਂਦ ਤੋਂ ਖਾਲਸਾ ਪੰਥ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵੀ ਇਸ ਸਾਲ 6 ਮਹੀਨੇ ਬਾਅਦ ਆ ਰਹੀ ਹੈ। ਇਸ ਮੁਬਾਰਕ ਮੌਕੇ ਅੱਜ ਦੋਨੋਂ ਸਰਕਾਰਾਂ ਦੀ ਅਫਸਰਸ਼ਾਹੀ ਅਟਾਰੀ ਬਾਰਡਰ ਵਿਖੇ ਗੱਲਬਾਤ ਕਰਨ ਲਈ ਬੈਠਕ ਕਰ ਰਹੀ ਹੈ। ਸਮੂਹ ਕੌਮ ਵੱਲੋਂ ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ ਵਿਚ ਪੂਰੀ ਹੋਣ ਜਾ ਰਹੀ ਹੈ। ਛੇਤੀ ਤੋਂ ਛੇਤੀ ਇਹ ਲਾਂਘਾ ਤਿਆਰ ਹੋਵੇ ਤੇ ਕਰੋੜਾਂ ਲੋਕ ਉਥੇ ਜਾ ਕੇ ਨਤਮਸਤਕ ਹੋ ਸਕਣ। ਇਹੋ ਅਰਦਾਸ ਕਰਨ ਲਈ ਮੈਂ ਇੱਥੇ ਆ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਭਰੀ ਹੈ।
ਜਯੰਤੀ ਭਾਨੂੰਸ਼ਾਲੀ ਕਤਲਕਾਂਡ ਦਾ ਮੁੱਖ ਮੁਲਜ਼ਮ ਗ੍ਰਿਫਤਾਰ
NEXT STORY