ਅਮਰਾਵਤੀ — ਦੇਸ਼ 'ਚ ਹੋਣ ਵਾਲੀਆਂ ਆਮ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਭਾਜਪਾ ਇਕੱਲੀ ਹੁੰਦੀ ਜਾ ਰਹੀ ਹੈ। ਸ਼ਿਵ ਸੈਨਾ ਵਲੋਂ ਗਠਜੋੜ ਤੋੜ ਲੈਣ ਦੀਆਂ ਤਿਆਰੀਆਂ ਤੋਂ ਬਾਅਦ ਹੁਣ ਤੇਲਗੂ ਦੇਸ਼ਮ ਪਾਰਟੀ ਵੀ ਆਪਣੇ ਗਠਜੋੜ ਨੂੰ ਜਾਰੀ ਰੱਖਣ ਬਾਰੇ ਸੋਚ ਵਿਚਾਰ ਕਰ ਰਹੀ ਹੈ।
ਬਜਟ ਦੌਰਾਨ ਆਂਧਰਾ ਪ੍ਰਦੇਸ਼ ਨੂੰ ਨਜ਼ਰਅੰਦਾਜ਼ ਕਰਨ 'ਤੇ ਨਰਾਜ਼ ਤੇਲਗੂ ਦੇਸ਼ਮ ਪਾਰਟੀ(ਟੀ.ਡੀ.ਪੀ.) ਆਪਣੀ ਸਹਿਯੋਗੀ ਭਾਜਪਾ ਦੇ ਖਿਲਾਫ ਮੌਰਚਾ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਪਾਰਟੀ ਦੇ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰ ਬਾਬੂ ਨਾਇਡੂ ਅੱਜ ਆਪਣੇ ਸੰਸਦੀ ਮੈਂਬਰਾਂ ਨਾਲ ਬੈਠਕ ਕਰ ਰਹੇ ਹਨ। ਸੂਤਰਾਂ ਮੁਤਾਬਕ ਨਾਇਡੂ ਬੈਠਕ 'ਚ ਫੈਸਲਾ ਲੈਣਗੇ ਕਿ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ(ਐੱਨ.ਡੀ.ਏ.) ਨਾਲ ਗਠਜੋੜ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਬੈਠਕ ਨਾਇਡੂ ਦੇ ਘਰ ਹੀ ਹੋ ਰਹੀ ਹੈ। ਬੈਠਕ 'ਚ ਸ਼ਾਮਲ ਹੋਣ ਪੁੱਜੇ ਸੰਸਦੀ ਮੈਂਬਰ ਬੀ. ਰਵਿੰਦਰ ਰੈਡੀ ਨੇ ਕਿਹਾ ਕਿ ਮੁੱਖ ਜੋ ਵੀ ਨਿਰਣਾ ਲੈਣਗੇ ਅਸੀਂ ਉਸ ਲਈ ਤਿਆਰ ਹਾਂ।
ਟੀ.ਡੀ.ਪੀ. ਦੇ ਇਕ ਸੰਸਦੀ ਮੈਂਬਰ ਨੇ ਕਿਹਾ ਕਿ,'ਪਿਛਲੇ ਸਾਢੇ ਤਿੰਨ ਸਾਲ ਤੋਂ ਅਸੀਂ ਆਪਣੀਆਂ ਮੰਗਾਂ ਮੰਗ ਰਹੇ ਹਾਂ। ਇਸ ਵਾਰ ਸਾਨੂੰ ਉਮੀਦ ਸੀ ਕਿ ਬਜਟ ਵਿਚ ਸਰਕਾਰ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਵੇਗੀ ਅਤੇ ਵਿਸ਼ੇਸ਼ ਪੈਕੇਜ ਦੇਵੇਗੀ ਪਰ ਸਰਕਾਰ ਕੁਝ ਵੀ ਨਹੀਂ ਦਿੱਤਾ। ਆਂਧਰਾ ਪ੍ਰਦੇਸ਼ ਦੇ ਲੋਕ ਬਜਟ ਤੋਂ ਬਾਅਦ ਖੁਦ ਨੂੰ ਅਣਗੋਲੀਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ 2019 ਦੀਆਂ ਚੋਣਾਂ ਦੀ ਤਿਆਰੀ ਕਰਨੀ ਹੈ ਤਾਂ ਸਾਨੂੰ ਉਨ੍ਹਾਂ ਮੁੱੱਦਿਆਂ ਬਾਰੇ ਵਿਚਾਰ ਕਰਨਾ ਹੋਵੇਗਾ ਜਿਨ੍ਹਾਂ ਦਾ ਨਿਪਟਾਰਾ ਕੇਂਦਰ ਦੀ ਸਰਕਾਰ ਨੇ ਨਹੀਂ ਕੀਤਾ।
ਟੀ.ਡੀ.ਪੀ. ਸੰਸਦੀ ਮੈਂਬਰ ਟੀ.ਜੀ. ਵੇਂਕਟੇਸ਼ ਦਾ ਇਸ 'ਤੇ ਕਹਿਣਾ ਹੈ ਕਿ ਜੇਕਰ ਭਾਜਪਾ ਸਾਡੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਇਹ ਦੋਸਤੀ ਬਰਕਰਾਰ ਰਹੇਗੀ ਨਹੀਂ ਤਾਂ ਵੱਖ ਹੋਣ ਦੀ ਚੋਣ ਪਾਰਟੀ ਕੋਲ ਮੌਜੂਦ ਹੈ। ਜ਼ਿਕਰਯੋਗ ਹੈ ਕਿ ਹੁਣੇ ਜਿਹੇ ਸ਼ਿਵ ਸੈਨਾ ਨੇ ਵੀ ਐੱਨ.ਡੀ.ਏ. ਤੋਂ ਵੱਖ ਹੋ ਕੇ 2019 ਦੀਆਂ ਆਮ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ।
ਆਈ. ਟੀ. ਬੀ. ਪੀ. ਦੀ ਝਾਕੀ ਰਾਹੀਂ ਮੋਦੀ ਵੱਲੋਂ ਚੀਨ ਨੂੰ ਚਿਤਾਵਨੀ
NEXT STORY