ਨਵੀਂ ਦਿੱਲੀ- ਦੇਸ਼ ਵਿਚ ਨਵੀਂ ਸਰਕਾਰ ਦੇ ਗਠਨ ਲਈ ਭਾਜਪਾ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਦੀ ਦਿੱਲੀ ਵਿਖੇ ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਬੈਠਕ ਸ਼ੁਰੂ ਹੋ ਗਈ ਹੈ। NDA ਨੂੰ ਬਹੁਮਤ ਦੇ ਜਾਦੂਈ ਅੰਕੜਿਆਂ ਤੱਕ ਪਹੁੰਚਾਉਣ 'ਚ ਅਹਿਮ ਯੋਗਦਾਨ ਦੇਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਤੇਲੁਗੂ ਦੇਸ਼ ਪਾਰਟੀ (TDP) ਮੁਖੀ ਐੱਨ. ਚੰਦਰਬਾਬੂ ਨਾਇਡੂ ਬੈਠਕ ਵਿਚ ਪਹੁੰਚ ਗਏ ਹਨ। ਇਨ੍ਹਾਂ ਤੋਂ ਇਲਾਵਾ ਨਿਤੀਸ਼ ਨਾਲ ਲੱਲਨ ਸਿੰਘ ਅਤੇ ਸੰਜੇ ਝਾਅ ਵੀ ਮੌਜੂਦ ਹਨ। ਲੋਕ ਸਭਾ ਚੋਣਾਂ 2024 ਦੇ ਨਤੀਜੇ ਘੋਸ਼ਿਤ ਹੋਣ ਦੇ ਇਕ ਦਿਨ ਬਾਅਦ ਆਯੋਜਿਤ ਬੈਠਕ ਦੀ ਪ੍ਰਧਾਨਗੀ ਨਰਿੰਦਰ ਮੋਦੀ ਕਰ ਰਹੇ ਹਨ। ਬੈਠਕ ਵਿਚ ਸਰਕਾਰ ਦੇ ਗਠਨ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਭਾਜਪਾ 545 ਮੈਂਬਰੀ ਲੋਕ ਸਭਾ 'ਚ ਪੂਰਨ ਬਹੁਮਤ ਲਈ ਇਕੱਲੇ 272 ਦਾ ਅੰਕੜਾ ਹਾਸਲ ਨਹੀਂ ਕਰ ਸਕੀ ਹੈ।
ਇਹ ਵੀ ਪੜ੍ਹੋ- ਵਾਰਾਣਸੀ 'ਚ PM ਮੋਦੀ ਤੀਜੀ ਵਾਰ ਬਣੇ ਸੰਸਦ ਮੈਂਬਰ, 1.52 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ
ਭਾਰਤ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਲਈ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭਾਜਪਾ ਨੂੰ ਸਿਰਫ਼ 240 ਸੀਟਾਂ ਮਿਲੀਆਂ ਹਨ। ਉੱਥੇ ਹੀ NDA 'ਚ ਪਾਰਟੀਆਂ ਦੇ ਮੈਂਬਰਾਂ ਨੂੰ ਮਿਲਾ ਕੇ ਇਹ ਗਿਣਤੀ 292 ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਹੁਣ ਸਰਕਾਰ ਬਣਾਉਣ ਲਈ ਆਪਣੇ ਸਹਿਯੋਗੀਆਂ 'ਤੇ ਨਿਰਭਰ ਹੈ। ਸਾਲ 2019 ਵਿਚ ਭਾਜਪਾ ਨੇ ਆਪਣੇ ਦਮ 'ਤੇ 303 ਸੀਟਾਂ ਜਿੱਤੀਆਂ ਅਤੇ NDA ਨੂੰ 353 ਸੀਟਾਂ ਮਿਲੀਆਂ। ਇਸ ਤੋਂ ਪਹਿਲਾਂ 2014 ਵਿਚ ਭਾਜਪਾ ਨੂੰ 282 ਸੀਟਾਂ ਅਤੇ NDA ਨੂੰ 336 ਸੀਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਸਮੇਤ ਕਈ ਆਗੂਆਂ ਦਾ ਕੱਦ ਵਧਿਆ, ਕਈ ਡਿੱਗੇ ਅਰਸ਼ ਤੋਂ ਫਰਸ਼ ’ਤੇ
ਦੱਸ ਦੇਈਏ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਾਈਟੇਡ ਨੇ 12 ਸੀਟਾਂ ਹਾਸਲ ਕੀਤੀਆਂ, ਜਦਕਿ ਨਾਇਡੂ ਦੀ ਅਗਵਾਈ ਵਾਲੀ TDP ਨੇ ਆਂਧਰਾ ਪ੍ਰਦੇਸ਼ ਵਿਚ 16 ਸੀਟਾਂ ਹਾਸਲ ਕੀਤੀਆਂ। ਉੱਥੇ ਹੀ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇ ਮਿਲ ਕੇ ਮਹਾਰਾਸ਼ਟਰ ਵਿਚ 17 ਸੀਟਾਂ ਜਿੱਤੀਆਂ। NDA ਦੇ ਹੋਰ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਵੀ ਬੈਠਕ ਵਿਚ ਹਿੱਸਾ ਲਿਆ।
CM ਕੇਜਰੀਵਾਲ ਨੂੰ ਝਟਕਾ, ਕੋਰਟ ਨੇ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਕੀਤੀ ਖਾਰਜ
NEXT STORY