ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਖਾਂ ਬੰਦ ਕਰ ਕੇ ਬੈਠੇ ਹਨ ਅਤੇ ਉੱਤਰ ਪ੍ਰਦੇਸ਼ ਵਿਚ ਮੁੱਢਲੀ ਯੋਗਤਾ ਪ੍ਰੀਖਿਆ (ਪੀ. ਈ. ਟੀ.) ਲਈ ਅਰਜ਼ੀਆਂ ਦੇਣ ਵਾਲੇ 37 ਲੱਖ ਤੋਂ ਵੱਧ ਨੌਜਵਾਨ ਠੋਕਰਾਂ ਖਾਣ ਲਈ ਮਜਬੂਰ ਹਨ। ਉਮੀਦਵਾਰਾਂ ਨਾਲ ਨੱਕੋ-ਨੱਕ ਭਰੀ ਰੇਲਗੱਡੀ ਦੀ ਬੋਗੀ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਟਵੀਟ ਕੀਤਾ- ‘ਯੂ. ਪੀ ਪੀ.ਈ.ਟੀ. ਫਾਰਮ- 37 ਲੱਖ, ਖਾਲੀ ਅਸਾਮੀਆਂ- ਗਿਣਤੀ ਦੀਆਂ! ਇਨ੍ਹਾਂ ਨੌਜਵਾਨਾਂ ਲਈ ਸਾਲਾਨਾ 2 ਕਰੋੜ ਨੌਕਰੀਆਂ ਦਾ ਝਾਂਸਾ ਦਿੱਤਾ ਗਿਆ ਸੀ ਪਰ ਦੇਸ਼ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀ ਬੇਵਸੀ ਤਸਵੀਰ ’ਚ ਨਜ਼ਰ ਆ ਰਹੀ ਹੈ।’
ਟਵਿੱਟਰ ’ਤੇ ਕੁਝ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਭਾਜਪਾ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਯੂ. ਪੀ ਦੀ ਪੀ.ਈ.ਟੀ. ਪ੍ਰੀਖਿਆ ਵਿਚ ਭਾਰੀ ਹਫੜਾ-ਦਫੜੀ ਕਾਰਨ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਪਰ ਭਾਜਪਾ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ।
ਨੌਜਵਾਨਾਂ ਦੀ ਵਿਰੋਧੀ ਸਰਕਾਰ ਨੌਜਵਾਨਾਂ ਕੋਲੋਂ ਇਮਤਿਹਾਨ ਲਈ ਮੋਟੀਆਂ ਫੀਸਾਂ ਵਸੂਲਦੀ ਹੈ ਪਰ ਉਹ ਨਾ ਤਾਂ ਨੌਕਰੀਆਂ ਦੇ ਸਕਦੀ ਹੈ ਅਤੇ ਨਾ ਹੀ ਹਫੜਾ-ਦਫੜੀ ਤੋਂ ਮੁਕਤੀ। ਪੀ. ਈ. ਟੀ. ਦਾ ਆਯੋਜਨ ਉੱਤਰ ਪ੍ਰਦੇਸ਼ ਅਧੀਨ ਸੇਵਾਵਾਂ ਚੋਣ ਕਮਿਸ਼ਨ ਵਲੋਂ ਕੀਤਾ ਗਿਆ ਸੀ। 37 ਲੱਖ ਤੋਂ ਵੱਧ ਉਮੀਦਵਾਰਾਂ ਨੇ ਇਸ ਲਈ ਰਜਿਸਟਰੇਸ਼ਨ ਕਰਵਾਈ ਸੀ।
ਗਲੋਬਲ ਹੰਗਰ ਰਿਪੋਰਟ ’ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ, ਕਿਹਾ-ਇੰਡੈਕਸ ਭੁੱਖਮਰੀ ਦਾ ਗ਼ਲਤ ਪੈਮਾਨਾ
NEXT STORY