ਇੰਦੌਰ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਵਾਲੇ ਸਾਲ 2047 ਤੱਕ ਦੇਸ਼ ਨੂੰ ਇਕ ਆਤਮਨਿਰਭਰ ਰਾਸ਼ਟਰ ਵਜੋਂ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਦੀ ਯਾਤਰਾ ਵਿਚ ਸਹਿਯੋਗੀ ਬਣਨ। ਮੁਰਮੂ ਨੇ ਇੰਦੌਰ ਵਿਚ 17ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਸਮਾਪਤੀ ਸੈਸ਼ਨ ਵਿਚ ਕਿਹਾ ਕਿ ਭਾਰਤ ਅਗਲੇ 25 ਸਾਲ ਦੌਰਾਨ ਸਮੂਹਿਕ ਮਿਹਨਤ, ਸਮਰਪਣ ਅਤੇ ਚਹੁ-ਪਾਸੜ ਵਿਕਾਸ ਦੀ ਅਗਾਂਹਵਧੂ ਯਾਤਰਾ ਵਿਚ ਰਹਿਣ ਵਾਲਾ ਹੈ ਤਾਂ ਜੋ ਅਸੀਂ 2047 ਤੱਕ ਇਕ ਆਤਮਨਿਰਭਰ ਦੇਸ਼ ਵਜੋਂ ਦੁਨੀਆ ਦੀ ਅਗਵਾਈ ਕਰ ਸਕੀਏ।
ਰਾਸ਼ਟਰਪਤੀ ਨੇ 27 ਭਾਰਤ ਵਾਸੀਆਂ ਨੂੰ ‘ਪ੍ਰਵਾਸੀ ਭਾਰਤੀ ਸਨਮਾਨ’ ਨਾਲ ਨਿਵਾਜਿਆ
‘ਪ੍ਰਵਾਸੀ : ਅਮ੍ਰਿਤ ਕਾਲ ਵਿਚ ਭਾਰਤ ਦੀ ਤਰੱਕੀ ਵਿਚ ਭਰੋਸੇਯੋਗ ਭਾਈਵਾਲ’ ਦੀ ਥੀਮ ’ਤੇ ਆਯੋਜਿਤ ਸੰਮੇਲਨ ਦੀ ਸਮਾਪਤੀ ਤੋਂ ਪਹਿਲਾਂ ਰਾਸ਼ਟਰਪਤੀ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਦੇਸ਼ ਦੀ ਇਸ ਯਾਤਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਨੇ ਵੱਖ-ਵੱਖ ਖੇਤਰਾਂ ਵਿਚ ਜ਼ਿਕਰਯੋਗ ਯੋਗਦਾਨ ਕਰਨ ਵਾਲੇ 27 ਭਾਰਤ ਵਾਸੀਆਂ ਨੂੰ ‘ਪ੍ਰਵਾਸੀ ਭਾਰਤੀ ਸਨਮਾਨ’ ਨਾਲ ਨਿਵਾਜਿਆ। ਇਨ੍ਹਾਂ ਵਿਚ ਗੁਯਾਨਾ ਦੇ ਰਾਸ਼ਟਰਪਤੀ ਅਤੇ 17ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਮੁੱਖ ਮਹਿਮਾਨ ਮੁਹੰਮਦ ਇਰਫਾਨ ਅਲੀ ਸ਼ਾਮਲ ਹਨ।
ਇਸ ਪ੍ਰੋਗਰਾਮ ਦੌਰਾਨ ਮੰਚ ’ਤੇ ਸੂਰੀਨਾਮ ਦੇ ਰਾਸ਼ਟਰਪਤੀ ਅਤੇ ਸੰਮੇਲਨ ਦੇ ਵਿਸ਼ੇਸ਼ ਸਨਮਾਨਿਤ ਮਹਿਮਾਨ ਚੰਦ੍ਰਿਕਾਪ੍ਰਸਾਦ ਸੰਤੋਖੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿਤਿਆ ਸਿੰਧੀਆ, ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਵੀ ਮੌਜੂਦ ਸਨ। ਓਧਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਸਾਲ 2022 ਦੌਰਾਨ ਭਾਰਤ ਵਾਸੀਆਂ ਵਲੋਂ ਦੇਸ਼ ਵਿਚ ਭੇਜੀ ਗਈ ਰਕਮ ਇਸ ਦੇ ਪਿਛਲੇ ਸਾਲ ਦੇ ਮੁਕਾਬਲੇ 12 ਫੀਸਦੀ ਵੱਧ ਕੇ ਲਗਭਗ 100 ਅਰਬ ਅਮਰੀਕੀ ਡਾਲਰ ’ਤੇ ਪੁੱਜ ਗਈ।
ਸ਼ਿਵਰਾਜ ਬੋਲੇ-ਤੁਸੀਂ ਚਲੇ ਜਾਓਗੇ, ਇਹ ਸੋਚ ਕੇ ਦਿਲ ਭਾਰੀ ਹੋ ਰਿਹਾ
ਪ੍ਰਵਾਸੀ ਭਾਰਤੀ ਸੰਮੇਲਨ ਦੀ ਸਮਾਪਤੀ ’ਤੇ ਬੋਲਦੇ ਹੋਏ ਸੂਬੇ ਦੇ ਸੀ. ਐੱਮ. ਸ਼ਿਵਰਾਜ ਨੇ ਕਿਹਾ ਕਿ 3 ਦਿਨ ਆਨੰਦ, ਉਮੰਗ, ਉਤਸਵ ਦੇ! ਇਹ ਦਿਨ ਕਿਵੇਂ ਕੱਟੇ ਗਏ ਪਤਾ ਹੀ ਨਹੀਂ ਲੱਗਾ। ਮਨ ਇਹ ਸੋਚ ਕੇ ਭਾਰੀ ਹੋ ਰਿਹਾ ਹੈ ਕਿ ਤੁਸੀਂ ਚਲੇ ਜਾਓਗੇ! ਇਥੇ ਹੀ ਰੁਕ ਜਾਓ...ਫਿਰ ਉਨ੍ਹਾਂ ਇਹ ਕਿਹਾ ਕਿ ਕਲ ਮੈਂ ‘ਪਧਾਰੋ ਮਹਾਰੇ ਘਰ’ ਪ੍ਰੋਗਰਾਮ ਵਿਚ ਗਿਆ ਸੀ। ਉਥੇ ਪ੍ਰਵਾਸੀ ਭਾਰਤੀ ਜਜ਼ਬਾਤੀ ਹੋ ਗਏ ਸਨ। ਅਜਿਹਾ ਲੱਗਾ ਕਿ ਮਹਿਮਾਨ ਅਤੇ ਮੇਜ਼ਬਾਨ ਨਹੀਂ ਹਨ, 2 ਪਰਿਵਾਰ ਜੁੜ ਗਏ ਹਨ। ਇੰਦੌਰ ਦੀ ਜਨਤਾ ਨੇ ਜੀ-ਜਾਨ ਨਾਲ ਇਹ ਪ੍ਰੋਗਰਾਮ ਕੀਤਾ।
ਉਨ੍ਹਾਂ ਕਿਹਾ ਕਿ ਪੀ. ਐੱਮ. ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇੰਦੌਰ ਸਵੱਛਤਾ ਅਤੇ ਸਵਾਦ ਦੀ ਰਾਜਧਾਨੀ ਹੈ। ਮੈਂ ਕਹਿੰਦਾ ਹਾਂ ਕਿ ਇੰਦੌਰ ਜਨ-ਭਾਈਵਾਲੀ ਦੀ ਵੀ ਰਾਜਧਾਨੀ ਹੈ। ਸ਼ਿਵਰਾਜ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਅਸੀਂ ਕੋਈ ਵੀ ਪ੍ਰੋਗਰਾਮ ਧੀਆਂ ਦੀ ਪੂਜਾ ਨਾਲ ਹੀ ਸ਼ੁਰੂ ਕਰਦੇ ਹਾਂ।
RSS ਮੁਖੀ ਦੇ ਬਿਆਨ ਦਾ ਮੌਲਾਨਾ ਸ਼ਹਾਬੁਦੀਨ ਵਲੋਂ ਸੁਆਗਤ, ਕਿਹਾ- ਹਿੰਦੁਸਤਾਨ 'ਚ ਸੁਰੱਖਿਅਤ ਹਨ ਮੁਸਲਮਾਨ
NEXT STORY