ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਸੰਸਦ ’ਚ ਕਿਹਾ ਕਿ ਥਲ ਸੈਨਾ ਨੇ 40,000 ਅਹੁਦਿਆਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਅਗਲੇ 3 ਮਹੀਨੇ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 85 ਰੈਲੀਆਂ ਆਯੋਜਿਤ ਕਰਨ ਦਾ ਪ੍ਰਸਤਾਵ ਹੈ। ਸਿੰਘ ਨੇ ਤਿੰਨੋਂ ਸੈਨਾਵਾਂ ’ਚ ਭਰਤੀ ਨਾਲ ਸਬੰਧਤ ਇਕ ਸਵਾਲ ਦੇ ਲਿਖਤੀ ਜਵਾਬ ’ਚ ਰਾਜ ਸਭਾ ’ਚ ਇਹ ਜਾਣਕਾਰੀ ਦਿੱਤੀ।
ਰਾਜਨਾਥ ਸਿੰਘ ਨੇ ਕਿਹਾ ਕਿ ਸਾਲ 2022 ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਤਿੰਨੋਂ ਸੈਨਾਵਾਂ ਨੇ 20 ਜੂਨ ਅਤੇ 22 ਜੂਨ ਨੂੰ ਨਾਮਜ਼ਦਗੀ ਪ੍ਰਕਿਰਿਆ ਲਈ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਦੇ ਮਾਮਲੇ ਵਿਚ 3,000 ਅਹੁਦਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 24 ਜੂਨ ਤੋਂ 5 ਜੁਲਾਈ ਤੱਕ ਚਲੀ ਸੀ। ਉੱਥੇ ਹੀ ਜਲ ਸੈਨਾ ’ਚ 3,000 ਅਹੁਦਿਆਂ ਲਈ ਨਾਮਜ਼ਦਗੀ ਪ੍ਰਕਿਰਿਆ 15 ਜੁਲਾਈ ਤੋਂ 30 ਜੁਲਾਈ ਤੱਕ ਖੁੱਲ੍ਹੀ ਹੈ।
ਸਿੰਘ ਨੇ ਅੱਗੇ ਕਿਹਾ ਕਿ ਥਲ ਸੈਨਾ ਨੇ 40,000 ਅਹੁਦਿਆਂ ਲਈ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਹ 10 ਅਗਸਤ ਤੋਂ ਇਸ ਲਈ ਭਰਤੀ ਰੈਲੀਆਂ ਦਾ ਆਯੋਜਨ ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਥਲ ਸੈਨਾ ਦਾ ਅਗਲੇ 3 ਮਹੀਨੇ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 85 ਰੈਲੀਆਂ ਦੇ ਆਯੋਜਨ ਦਾ ਪ੍ਰਸਤਾਵ ਹੈ।
ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦੇ ਸ਼ੱਕ 'ਚ ਆਸਾਮ ਦਾ ਇਕ ਨੌਜਵਾਨ ਗ੍ਰਿਫ਼ਤਾਰ
NEXT STORY