ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਹੱਲਚੱਲ ਤੇਜ਼ ਹੋ ਗਈ ਹੈ। ਇਸ ਦਰਮਿਆਨ ਕਾਂਗਰਸ ਨੇ ਆਪਣੇ ਐਲਾਨ ਪੱਤਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਬਣੀ ਤਾਂ ਦੇਸ਼ ਦੇ 20 ਫੀਸਦੀ ਗਰੀਬ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦਿੱਤੇ ਜਾਣਗੇ। ਆਪਣੀ ਦਾਦੀ ਇੰਦਰਾ ਗਾਂਧੀ ਦੇ 'ਗਰੀਬੀ ਹਟਾਓ' ਦੀ ਤਰਜ 'ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਸੀਂ ਦੇਸ਼ ਤੋਂ ਗਰੀਬੀ ਨੂੰ ਮਿਟਾ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ ਆਮਦਨ ਦੀ ਇਹ ਯੋਜਨਾ ਚਰਨਬੱਧ ਤਰੀਕੇ ਲਾਗੂ ਕੀਤੀ ਜਾਵੇਗੀ ਅਤੇ ਗਰੀਬਾਂ ਦੇ ਬੈਂਕ ਖਾਤਿਆਂ 'ਚ ਸਿੱਧਾ ਪੈਸਾ ਪਾਇਆ ਜਾਵੇਗਾ।
5 ਸਾਲਾਂ 'ਚ ਜਨਤਾ ਨੂੰ ਹੋਈਆਂ ਕਾਫ਼ੀ ਮੁਸ਼ਕਲਾਂ
ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ 5 ਸਾਲਾਂ 'ਚ ਜਨਤਾ ਨੂੰ ਕਾਫੀ ਮੁਸ਼ਕਲਾਂ ਹੋਈਆਂ, ਅਜਿਹੇ 'ਚ ਕਾਂਗਰਸ ਨੇ ਫੈਸਲਾ ਲਿਆ ਹੈ ਕਿ ਅਸੀਂ ਗਰੀਬਾਂ ਨੂੰ ਨਿਆਂ ਦੇਵਾਂਗੇ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀ ਘੱਟੋ-ਘੱਟ ਆਮਦਨ ਯੋਜਨਾ ਦੁਨੀਆ 'ਚ ਕਿਤੇ ਨਹੀਂ ਹੈ। ਉਨ੍ਹਾਂ ਨੇ ਸਾਫ਼ ਕਰਦੇ ਹੋਏ ਕਿਹਾ ਕਿ ਘੱਟੋ-ਘੱਟ ਆਮਦਨ ਸੀਮਾ 20 ਹਜ਼ਾਰ ਰੁਪਏ ਹੋਵੇਗੀ ਅਤੇ ਇੰਨਾ ਪੈਸਾ ਦੇਸ਼ 'ਚ ਹੈ।
12 ਹਜ਼ਾਰ ਤੋਂ ਉੱਪਰ ਵਾਲਾ ਤੋਂ ਜਾਵੇਗਾ ਸਕੀਮ ਤੋਂ ਬਾਹਰ
ਇਕ ਸਵਾਲ ਦੇ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਗਾਰੰਟੀ ਦਿੰਦੇ ਹਨ ਕਿ 20 ਫੀਸਦੀ ਸਭ ਤੋਂ ਗਰੀਬ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਨਾਲ ਹਰ ਜਾਤੀ, ਹਰ ਧਰਮ ਦੇ ਗਰੀਬਾਂ ਨੂੰ ਫਾਇਦਾ ਹੋਵੇਗਾ। ਰਾਹੁਲ ਨੇ ਕਿਹਾ ਕਿ ਇਸ ਸਕੀਮ ਦੇ ਅਧੀਨ ਹਰ ਗਰੀਬ ਦੀ ਇਨਕਮ 12 ਹਜ਼ਾਰ ਰੁਪਏ ਯਕੀਨੀ ਕੀਤੀ ਜਾਵੇਗੀ। ਸਕੀਮ ਦੇ ਅਧੀਨ ਜੇਕਰ ਕਿਸੇ ਦੀ ਆਮਦਨ 12 ਹਜ਼ਾਰ ਤੋਂ ਘੱਟ ਹੈ ਤਾਂ ਓਨੇ ਪੈਸੇ ਸਰਕਾਰ ਉਸ ਨੂੰ ਦੇਵੇਗੀ। ਜੇਕਰ ਕਿਸੇ ਦੀ ਆਮਦਨ 6 ਹਜ਼ਾਰ ਰੁਪਏ ਹੈ ਤਾਂ ਸਰਕਾਰ ਉਸ ਨੂੰ 6 ਹਜ਼ਾਰ ਰੁਪਏ ਹੋਰ ਦੇਵੇਗੀ। ਜਦੋਂ ਉਹ ਵਿਅਕਤੀ 12 ਹਜ਼ਾਰ ਦੀ ਆਮਦਨ ਤੋਂ ਉੱਪਰ ਆ ਜਾਵੇਗਾ ਤਾਂ ਉਹ ਇਸ ਸਕੀਮ ਤੋਂ ਬਾਹਰ ਆ ਜਾਵੇਗਾ।
ਅਰਥਸ਼ਾਸਤਰੀਆਂ ਨਾਲ ਚਰਚਾ ਕਰ ਕੇ ਤਿਆਰ ਕੀਤੀ ਸਕੀਮ
ਰਾਹੁਲ ਨੇ ਕਿਹਾ,''ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਕਾਂਗਰਸ ਨੇ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ ਸੀ। ਅਸੀਂ ਉਸ ਨੂੰ ਪੂਰਾ ਕੀਤਾ ਅਤੇ ਅੱਜ ਮੈਂ ਵਾਅਦਾ ਕਰਦਾ ਹਾਂ ਕਿ 20 ਫੀਸਦੀ ਪਰਿਵਾਰਾਂ ਨੂੰ ਸਾਲ ਦਾ 72 ਹਜ਼ਾਰ ਰੁਪਏ ਮਿਲੇਗਾ। ਪਹਿਲੇ ਪਾਇਲਟ ਪ੍ਰੋਜੈਕਟ ਚੱਲੇਗਾ ਅਤੇ ਉਸ ਤੋਂ ਬਾਅਦ ਇਹ ਲਾਗੂ ਹੋਵੇਗੀ।'' ਉਨ੍ਹਾਂ ਨੇ ਕਿਹਾ ਕਿ ਇਸ ਦੇ ਕਈ ਪਹਿਲੂਆਂ ਨੂੰ ਲੈ ਕੇ ਪੂਰੀ ਸਮੀਖਿਆ ਕਰ ਲਈ ਗਈ ਹੈ। ਮੋਦੀ 'ਤੇ ਹਮਲਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪੀ.ਐੱਮ. ਤੁਹਾਨੂੰ ਕਹਿੰਦੇ ਹਨ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਪੈਸਾ ਦਿੱਤਾ। 3.5 ਰੁਪਏ ਉਨ੍ਹਾਂ ਨੇ ਕਿਸਾਨਾਂ ਨੂੰ ਦਿੱਤੇ, ਉੱਥੇ ਤਾੜੀ ਵਜੀ। ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਭ ਤੋਂ ਅਮੀਰਾਂ ਨੂੰ ਪੈਸਾ ਦਿੰਦੀ ਹੈ ਅਤੇ ਅਸੀਂ ਸਭ ਤੋਂ ਗਰੀਬਾਂ ਨੂੰ ਪੈਸਾ ਦੇਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਨਾਲ 5 ਕਰੋੜ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਲੋਕਾਂ ਨੂੰ ਝਟਕਾ ਲੱਗੇਗਾ ਪਰ ਦੇਸ਼ 'ਚ ਇੰਨੀ ਸਮਰੱਥਾ ਹੈ ਅਤੇ ਅਸੀਂ ਤੁਹਾਨੂੰ ਦਿਖਾਵਾਂਗੇ। ਉਨ੍ਹਾਂ ਨੇ ਕਿਹਾ ਕਿ 4-5 ਮਹੀਨਿਆਂ ਤੋਂ ਦੁਨੀਆ ਦੇ ਅਰਥਸ਼ਾਸਤਰੀਆਂ ਨਾਲ ਚਰਚਾ ਕਰ ਕੇ ਇਸ ਸਕੀਮ ਨੂੰ ਤਿਆਰ ਕੀਤਾ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਇਸ ਨੂੰ ਆਖਰੀ ਰੂਪ ਦੇਣ 'ਚ ਲੱਗੇ ਹਨ।
ਕਾਂਗਰਸ ਨੂੰ ਝਟਕਾ, ਰਾਸ਼ਿਦ ਅਲਵੀ ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ
NEXT STORY