ਜੋਧਪੁਰ (ਕਪਿਲ ਸ਼੍ਰੋਤ੍ਰੇਯ)– ਰਾਜਸਥਾਨ ਸਰਕਾਰ ਦੇ ਇਕ ਮੰਤਰੀ ਦੀ ਬੁੱਧਵਾਰ ਨੂੰ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਨਸਨੀ ਫੈਲ ਗਈ। ਭਾਜਪਾ ਦਾ ਦੋਸ਼ ਹੈ ਕਿ 55 ਸੈਕਿੰਡ ਦੀ ਇਸ ਵੀਡੀਓ ’ਚ ਇਕ ਕਾਂਗਰਸੀ ਮੰਤਰੀ ਵਿਖਾਈ ਦੇ ਰਿਹਾ ਹੈ। ਭਾਜਪਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਕਟਹਿਰੇ ’ਚ ਖੜ੍ਹਾ ਕਰਦੇ ਹੋਏ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਭਾਜਪਾ ਦਾ ਦਾਅਵਾ ਹੈ ਕਿ ਵੀਡੀਓ ’ਚ ਸੂਬਾ ਸਰਕਾਰ ਦੇ ਇਕ ਮੰਤਰੀ ਦਾ ਚਿਹਰਾ ਨਜ਼ਰ ਆ ਰਿਹਾ ਹੈ। ਵੀਡੀਓ ਕਾਲ ਦੌਰਾਨ ਰਿਕਾਰਡ ਕੀਤੀ ਗਈ ਇਸ ਵੀਡੀਓ ’ਚ ਇਕ ਔਰਤ ਇਤਰਾਜ਼ਯੋਗ ਹਾਲਤ ’ਚ ਨਜ਼ਰ ਆ ਰਹੀ ਹੈ। ਵੀਡੀਓ ਦੀ ਸ਼ੁਰੂਆਤ ’ਚ ਮੋਬਾਇਲ ਸਕ੍ਰੀਨ ’ਤੇ ਮੰਤਰੀ ਦਾ ਨਾਂ ਅਤੇ ਨੰਬਰ ਵੀ ਫਲੈਸ਼ ਹੁੰਦਾ ਹੈ ਅਤੇ ਇਕ ਵਾਰ ਮੰਤਰੀ ਦਾ ਚਿਹਰਾ ਨਜ਼ਰ ਆਉਂਦਾ ਹੈ।
ਭਾਜਪਾ ਦਾ ਦਾਅਵਾ ਹੈ ਕਿ ਵੀਡੀਓ ’ਚ ਰਾਜਸਥਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਾਲੇਹ ਮੁਹੰਮਦ ਵਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਔਰਤ ਜੋਧਪੁਰ ਦੀ ਰਹਿਣ ਵਾਲੀ ਹੈ। ਭਾਜਪਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਦੇ ਹੋਏ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਮਾਮਲੇ ’ਚ ‘ਪੰਜਾਬ ਕੇਸਰੀ’ ਨੇ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੰਤਰੀ ਦੇ ਪੀ. ਏ. ਨੇ ਫ਼ੋਨ ਚੁੱਕਿਆ ਪਰ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਬਾਅਦ ’ਚ ਗੱਲ ਕਰਾਉਂਦਾ ਹਾਂ।
ਓਧਰ, ਜੋਧਪੁਰ ਦੇ ਸ਼ੇਰਗੜ੍ਹ ਥਾਣੇ ਦੇ ਅਧਿਕਾਰੀ ਦੇਵੇਂਦਰ ਸਿੰਘ ਨੇ ਦੱਸਿਆ ਕਿ ਪੀੜਤਾ ਨੇ 5 ਦਸੰਬਰ ਨੂੰ ਐੱਫ. ਆਈ. ਆਰ. ਦਰਜ ਕਰਵਾਈ ਸੀ। ਪੀੜਤਾ ਨੇ ਦੱਸਿਆ ਸੀ ਕਿ ਗਲਤੀ ਨਾਲ ਉਸ ਦੀ ਅਸ਼ਲੀਲ ਵੀਡੀਓ ਬਣ ਗਈ ਸੀ। ਉਸ ਨੂੰ ਉਸ ਦੀ 7 ਸਾਲ ਦੀ ਬੇਟੀ ਨੇ ਫੋਨ ’ਤੇ ਗੇਮ ਖੇਡਦੇ ਹੋਏ ਗਲਤੀ ਨਾਲ ਫਾਰਵਾਰਡ ਕਰ ਦਿੱਤਾ। ਉਸ ਸਮੇਂ ਉਸਨੂੰ ਪਤਾ ਨਹੀਂ ਲੱਗਾ।
ਔਰਤ ਦਾ ਕਹਿਣਾ ਹੈ ਕਿ ਦੋ ਮਹੀਨੇ ਪਹਿਲਾਂ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਕੋਲ ਗਈ ਤਾਂ ਮੁਲਜ਼ਮ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਨਾਲ ਹੀ 25 ਲੱਖ ਰੁਪਏ ਦੀ ਮੰਗ ਕੀਤੀ ਅਤੇ ਸਬੰਧ ਬਣਾਉਣ ਲਈ ਦਬਾਅ ਪਾਇਆ। ਇਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਸੀ। ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਬਲੈਕਮੇਲ ਕਰਨ ਵਾਲੇ ਪੰਕਜ ਬਿਸ਼ਨੋਈ, ਵਿਕਾਸ, ਰਾਮਜਸ ਬਿਸ਼ਨੋਈ, ਸੁਮਿਤ ਬਿਸ਼ਨੋਈ, ਰਵਿੰਦਰ ਬਿਸ਼ਨੋਈ ਨੂੰ ਪੋਕਰਨ ਤੋਂ ਗ੍ਰਿਫਤਾਰ ਕੀਤਾ ਹੈ।
ਓਧਰ, ਮੰਤਰੀ ਦੀ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਸੂਬਾ ਸਰਕਾਰ ’ਤੇ ਹਮਲਾਵਰ ਹੋ ਗਈ ਹੈ। ਭਾਜਪਾ ਆਈ. ਟੀ. ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਟਵੀਟ ਕੀਤਾ, ‘‘ਅਸ਼ੋਕ ਗਹਿਲੋਤ ਦੇ ਕਿਸ ਮੰਤਰੀ ਦੀ ਵੀਡੀਓ ਹੈ ਇਹ? ਉਸ ਨੂੰ ਬਰਖਾਸਤ ਕਰੋਗੇ ਜਾਂ ਧਰਮ ਨਿਰਪੱਖਤਾ ਖ਼ਤਰੇ ’ਚ ਹੋਣ ਦੀ ਆੜ ’ਚ ਉਨ੍ਹਾਂ ਦਾ ਬਚਾਅ ਕਰੋਗੇ?’’
ਸੂਬਾ ਜਨਰਲ ਸਕੱਤਰ ਭਜਨ ਲਾਲ ਸ਼ਰਮਾ ਨੇ ਕਿਹਾ, ‘‘ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਗਹਿਲੋਤ ਸਰਕਾਰ ਦੇ ਮੰਤਰੀ ਦੀ ਕਿਸੇ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਰਹੀ ਹੈ। ਸਵਾਲ ਹੁਣ ਇਹ ਹੈ ਕਿ ਕੀ ਮੁੱਖ ਮੰਤਰੀ ਆਪਣੇ ਮੰਤਰੀ ਨੂੰ ਬਰਖਾਸਤ ਕਰਨਗੇ ਜਾਂ ਵੋਟ ਬੈਂਕ ਦੇ ਲਾਲਚ ’ਚ ਉਸ ਨੂੰ ਛੱਡ ਦੇਣਗੇ?’’
ਪ੍ਰਦੇਸ਼ ਭਾਜਪਾ ਸੋਸ਼ਲ ਮੀਡੀਆ ਸੈੱਲ ਦੇ ਕੋਆਰਡੀਨੇਟਰ ਦਿਲੀਪ ਸਿੰਘ ਰਾਓ ਨੇ ਕਿਹਾ, ‘‘55 ਸੈਕਿੰਡ ਤੱਕ ਕੀ ਦੇਖ ਰਹੇ ਸਨ ਮੰਤਰੀ, ਜੇਕਰ ਇਹ ਫੇਕ ਕਾਲ ਸੀ ਤਾਂ ਉਹ ਕਾਲ ਡਿਸਕੁਨੈਕਟ ਕਰ ਦਿੰਦੇ। ਲਗਾਤਾਰ ਵੇਖ ਰਹੇ ਸਨ ਅਤੇ ਮੰਤਰੀ ਜੀ ਦਾ ਨੰਬਰ ਵੀ ਵੀਡੀਓ ’ਚ ਸੇਵ ਵਿਖਾਈ ਦੇ ਰਿਹਾ ਹੈ।’’
ਪ੍ਰਦੇਸ਼ ਭਾਜਪਾ ਦੀ ਸੋਸ਼ਲ ਮੀਡੀਆ ਟੀਮ ਦੇ ਸਹਿ-ਇੰਚਾਰਜ ਅਭਿਸ਼ੇਕ ਆਚਾਰਿਆ ਨੇ ਕਿਹਾ, ‘‘ਲਗਭਗ ਇਕ ਮਿੰਟ ਤੱਕ ਵੀਡੀਓ ਕਾਲ ’ਤੇ ਲੱਗੇ ਮੰਤਰੀ ਜੀ ਅਤੇ ਹੁਣ ਕਹਿ ਰਹੇ ਹਨ ਕਿ ਔਰਤ ਬਲੈਕਮੇਲ ਕਰ ਰਹੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੱਸਣ ਕਿ ਇਕ ਮਿੰਟ ਤਕ ਵੀਡੀਓ ’ਤੇ ਕਿਉਂ ਸਨ ਤੁਹਾਡੇ ਮੰਤਰੀ ਜੀ?’’
ਸੈਕਸਟਾਰਸ਼ਨ ਗੈਂਗ ’ਚ ਫਸਿਆ ਗਹਿਲੋਤ ਦਾ ਦੂਜਾ ਮੰਤਰੀ
ਇਸੇ ਸਾਲ ਜਨਵਰੀ ’ਚ ਮੰਤਰੀ ਰਾਮਲਾਲ ਜਾਟ ਨੂੰ ਸੈਕਸ ਸਕੈਂਡਲ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ। ਇਸ ਦਾ ਖੁਲਾਸਾ ਜੋਧਪੁਰ ਪੁਲਸ ਨੇ ਕੀਤਾ ਸੀ। ਇਕ ਮਾਡਲ ਰਾਹੀਂ ਰਾਜਸਥਾਨ ਦੇ ਮਾਲ ਮੰਤਰੀ ਰਾਮਲਾਲ ਜਾਟ ਨੂੰ ਹਨੀ ਟ੍ਰੈਪ ’ਚ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਨੌਜਵਾਨ ਅਤੇ ਮੁਟਿਆਰ ਆਪਣੀ ਸਾਜ਼ਿਸ਼ ’ਚ ਕਾਮਯਾਬ ਹੁੰਦੇ, ਉਸ ਤੋਂ ਪਹਿਲਾਂ ਮਾਡਲ ਭੀਲਵਾੜਾ ਤੋਂ ਨਿਕਲ ਗਈ ਅਤੇ ਜੋਧਪੁਰ ਦੇ ਇਕ ਹੋਟਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਇਹ ਸਾਜ਼ਿਸ਼ ਨਾਕਾਮ ਹੋ ਗਈ ਸੀ। ਸਾਜ਼ਿਸ਼ ਰਚਣ ਵਾਲੀ ਮਾਡਲ ਦੀਪਿਕਾ (30) ਅਤੇ ਅਕਸ਼ਤ (32) ਨੂੰ ਭੀਲਵਾੜਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਮੰਤਰੀ ਨੇ ਖੁਦ ਸਾਜ਼ਿਸ਼ ਦੀ ਗੱਲ ਕਬੂਲ ਕੀਤੀ ਸੀ।
ਭੰਵਰੀ ਦੇਵੀ ਕਤਲ ਕਾਂਡ ਦੀਆਂ ਯਾਦਾਂ ਤਾਜ਼ਾ
ਜ਼ਿਲੇ ’ਚ ਜੋਧਪੁਰ ਦੇ ਸੁਰਖੀਆਂ ’ਚ ਰਹੇ ਭੰਵਰੀ ਦੇਵੀ ਕਤਲ ਕਾਂਡ ਦੀਆਂ ਯਾਦਾਂ ਇਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ। ਬੁੱਧਵਾਰ ਨੂੰ ਜੋ ਵੀਡੀਓ ਵਾਇਰਲ ਹੋਈ, ਉਸ ਬਾਰੇ ਨਾ ਤਾਂ ਉੱਚ ਪੱਧਰੀ ਪੁਲਸ ਅਧਿਕਾਰੀ ਕੁਝ ਦੱਸ ਰਹੇ ਹਨ ਅਤੇ ਨਾ ਹੀ ਲੋਕ ਪ੍ਰਤੀਨਿਧੀ ਕੁਝ ਕਹਿਣ ਲਈ ਤਿਆਰ ਹਨ। ਵੀਡੀਓ ’ਚ ਮੰਤਰੀ ਦਾ ਚਿਹਰਾ ਇਕ ਪਲ ਲਈ ਵਿਖਾਈ ਦੇ ਰਿਹਾ ਹੈ, ਜਿਵੇਂ ਕਿ ਭਾਜਪਾ ਨੇ ਦਾਅਵਾ ਕੀਤਾ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਜਾਂ ਇਸ ਨੂੰ ਐਡਿਟ ਕੀਤਾ ਗਿਆ ਹੈ ਜਾਂ ਇਹ ਓਰਿਜਨਲ ਹੈ।
ਗੁਜਰਾਤ 'ਚ ਵੱਡੀ ਜਿੱਤ ਵੱਲ ਭਾਜਪਾ; PM ਮੋਦੀ ਸ਼ਾਮ 6 ਵਜੇ ਜਾਣਗੇ BJP ਹੈੱਡ ਕੁਆਰਟਰ
NEXT STORY