ਬਰੇਲੀ (ਵਾਰਤਾ)— ਬਰੇਲੀ ਤੋਂ ਭਾਜਪਾ ਪਾਰਟੀ ਦੇ ਵਿਧਾਇਕ ਰਾਜੇਸ਼ ਮਿਸ਼ਰਾ ਨੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਲਵ ਮੈਰਿਜ ਤੋਂ ਕੋਈ ਇਤਰਾਜ਼ ਨਹੀਂ ਹੈ ਅਤੇ ਬਾਲਗ ਹੋਣ ਦੇ ਨਾਤੇ ਉਸ ਨੂੰ ਆਪਣੇ ਫੈਸਲੇ ਖੁਦ ਲੈਣ ਦਾ ਅਧਿਕਾਰ ਹੈ। ਦਰਅਸਲ ਉੱਤਰ ਪ੍ਰਦੇਸ਼ 'ਚ ਬਰੇਲੀ ਤੋਂ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦੀ ਧੀ ਸਾਕਸ਼ੀ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਸ ਨੇ ਆਪਣੇ ਪਿਤਾ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਸੁਰੱਖਿਆ ਦੀ ਗੁਹਾਰ ਲਾਈ ਹੈ। ਸਾਕਸ਼ੀ ਅਤੇ ਉਸ ਦੇ ਪਤੀ ਨੇ ਕਿਸੇ ਅਣਪਛਾਤੀ ਥਾਂ ਤੋਂ ਕਾਰ ਵਿਚ ਬੈਠੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਨੇ ਦਲਿਤ ਨੌਜਵਾਨ ਅਜਿਤੇਸ਼ ਕੁਮਾਰ ਨਾਲ ਵਿਆਹ ਕੀਤਾ ਹੈ। ਜਿਸ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਤੀ ਨੂੰ ਪਿਤਾ ਤੋਂ ਜਾਨ ਦਾ ਖਤਰਾ ਹੈ। ਜੋੜੇ ਨੇ ਆਪਣੇ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਹੈ, ਜਿਸ ਮੁਤਾਬਕ ਉਨ੍ਹਾਂ ਨੇ ਇਲਾਹਾਬਾਦ ਦੇ ਪ੍ਰਾਚੀਨ ਜਾਨਕੀ ਮੰਦਰ ਵਿਚ 4 ਜੁਲਾਈ ਨੂੰ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਕੀਤਾ।
ਸਰਟੀਫਿਕੇਟ 'ਚ ਦੋਹਾਂ ਤੋਂ ਇਲਾਵਾ ਦੋ ਗਵਾਹਾਂ ਦੇ ਦਸਤਖਤ ਵੀ ਹਨ। ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਭਾਜਪਾ ਵਿਧਾਇਕ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ, ''ਮੇਰੇ ਵਿਰੁੱਧ ਮੀਡੀਆ 'ਚ ਜੋ ਚੱਲ ਰਿਹਾ ਹੈ, ਇਹ ਸਭ ਗਲਤ ਹੈ। ਮੇਰੀ ਧੀ ਬਾਲਗ ਹੈ, ਉਸ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ, ਮੈਂ ਕਿਸੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਨਹੀਂ ਦਿੱਤੀ ਹੈ। ਨਾ ਹੀ ਮੇਰੇ ਕਿਸੇ ਆਦਮੀ ਨੇ ਦਿੱਤੀ ਹੈ, ਨਾ ਹੀ ਮੇਰੇ ਪਰਿਵਾਰ ਦੇ ਕਿਸੇ ਵਿਅਕਤੀ ਨੇ ਦਿੱਤੀ ਹੈ। ਮੈਂ ਅਤੇ ਮੇਰਾ ਪਰਿਵਾਰ ਆਪਣੇ ਕੰਮ ਵਿਚ ਰੁੱਝੇ ਹਾਂ, ਮੈਂ ਆਪਣੀ ਵਿਧਾਨ ਸਭਾ ਵਿਚ ਜਨਤਾ ਦਾ ਕੰਮ ਕਰ ਰਿਹਾ ਹਾਂ ਅਤੇ ਪਾਰਟੀ ਦੀ ਮੈਂਬਰਤਾਂ ਚਲਾ ਰਿਹਾ ਹਾਂ। ਮੇਰੇ ਵਲੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ।''
ਦੱਸਣਯੋਗ ਹੈ ਕਿ ਸਾਕਸ਼ੀ ਨੇ ਇਕ ਹੋਰ ਵੀਡੀਓ 'ਚ ਬਰੇਲੀ ਦੇ ਐੱਸ. ਐੱਸ. ਪੀ. ਤੋਂ ਗੁਹਾਰ ਲਾਈ ਕਿ ਉਸ ਨੂੰ ਆਪਣੇ ਪਿਤਾ, ਭਰਾ ਵਿੱਕੀ ਅਤੇ ਪਿਤਾ ਦੇ ਇਕ ਸਹਿਯੋਗੀ ਤੋਂ ਜਾਨ ਦਾ ਖਤਰਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਸ ਨੇ ਕਿਹਾ ਕਿ ਇਹ ਸਾਰੇ ਲੋਕ ਮਿਲ ਕੇ ਉਸ ਦੀ ਅਤੇ ਉਸ ਦੀ ਪਤਨੀ ਦੀ ਹੱਤਿਆ ਕਰਨਾ ਚਾਹੁੰਦੇ ਹਨ। ਸਾਕਸ਼ੀ ਨੇ ਬਰੇਲੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪਿਤਾ, ਭਰਾ ਦੀ ਮਦਦ ਨਾ ਕਰਨ। ਇਸ ਬਾਰੇ ਪੁਲਸ ਸੁਪਰਡੈਂਟ ਆਰ. ਕੇ. ਪਾਂਡੇ ਨੇ ਕਿਹਾ ਕਿ ਜੋੜੇ ਨੇ ਅਜੇ ਤਕ ਇਹ ਸੂਚਿਤ ਨਹੀਂ ਕੀਤਾ ਹੈ ਕਿ ਉਨ੍ਹਾਂ ਦਾ ਪਤਾ-ਟਿਕਾਣਾ ਕਿੱਥੇ ਹੈ। ਫਿਲਹਾਲ ਪੁਲਸ ਜੋੜੇ ਦਾ ਪਤਾ ਲਾ ਕੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏਗੀ।
ਰੇਪ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸਵਾਗਤਯੋਗ : ਕਮਲਨਾਥ
NEXT STORY