ਨਵੀਂ ਦਿੱਲੀ (ਭਾਸ਼ਾ)— ਸੰਸਦ ਦੇ ਸੋਮਵਾਰ ਤੋਂ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਸਮੇਤ ਹੋਰ ਵਿਰੋਧੀ ਧਿਰ ਦੇ 12 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ 12 ਮੈਂਬਰਾਂ ਨੂੰ ਪਿਛਲੇ ਮਾਨਸੂਨ ਸੈਸ਼ਨ ਦੌਰਾਨ ਅਨੁਸ਼ਾਸਨਹੀਨਤਾ ਦੇ ਦੋਸ਼ ’ਚ ਮੌਜੂਦਾ ਸੈਸ਼ਨ ਦੇ ਬਾਕੀ ਸਮੇਂ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਉੱਪ ਸਭਾਪਤੀ ਹਰੀਵੰਸ਼ ਦੀ ਆਗਿਆ ਨਾਲ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ ਸਿਲਸਿਲੇ ਵਿਚ ਇਕ ਪ੍ਰਸਤਾਵ ਰੱਖਿਆ, ਜਿਸ ਨੂੰ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਸਦਨ ਨੇ ਮਨਜ਼ੂਰੀ ਦੇ ਦਿੱਤੀ। ਜਿਨ੍ਹਾਂ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ’ਚ ਮਾਕਸਵਾਦੀ ਪਾਰਟੀ (ਮਾਕਪਾ) ਦੇ ਇਲਾਮਾਰਮ ਕਰੀਮ, ਕਾਂਗਰਸ ਦੀ ਫੁਲੋਂ ਦੇਵੀ ਨੇਤਾਮ, ਛਾਇਆ ਵਰਮਾ, ਰਿਪੁਨ ਬੋਰਾ, ਰਾਜਮਣੀ ਪਟੇਲ, ਸੈਯਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਤਾਪ ਸਿੰਘ, ਤ੍ਰਿਣਮੂਲ ਕਾਂਗਰਸ ਦੀ ਡੋਲਾ ਸੇਨ ਅਤੇ ਸ਼ਾਂਤਾ ਛੇਤਰੀ, ਸ਼ਿਵ ਸੈਨਾ ਦੀ ਪਿ੍ਰਯੰਕਾ ਚਤੁਰਵੇਦੀ ਅਤੇ ਅਨਿਲ ਦੇਸਾਈ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨਯ ਵਿਸਵਮ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ’ਚ ਰਾਜ ਸਭਾ ਵਿਚ ਹੰਗਾਮੇ ਦੌਰਾਨ ਧੱਕਾ-ਮੁੱਕੀ ਕਰਨ ਅਤੇ ਸਦਨ ਦੀ ਮਰਿਆਦਾ ਦਾ ਉਲੰਘਣ ਕਰਨ ਦੇ ਦੋਸ਼ਾਂ ਤੋਂ ਬਾਅਦ ਰਾਜ ਸਭਾ ਦੇ ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਸੀ। ਕਮੇਟੀ ਦੀ ਸਿਫਾਰਸ਼ ਦੇ ਆਧਾਰ ’ਤੇ ਇਨ੍ਹਾਂ ਮੈਂਬਰਾਂ ਖ਼ਿਲਾਫ਼ ਅੱਜ ਕਾਰਵਾਈ ਕੀਤੀ ਗਈ। ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਸ਼ੁਰੂ ਹੋਇਆ ਹੈ, ਜੋ ਕਿ 23 ਦਸੰਬਰ ਤੱਕ ਚਲੇਗਾ।
‘ਓਮੀਕਰੋਨ’ ਦਾ ਖ਼ੌਫ; ਦੱਖਣੀ ਅਫ਼ਰੀਕਾ ਤੋਂ ਜਬਲਪੁਰ ਆਈ ਔਰਤ ਦਾ ਕੋਰੋਨਾ ਜਾਂਚ ਲਈ ਭੇਜਿਆ ਨਮੂਨਾ
NEXT STORY