ਜੈਪੁਰ (ਏਜੰਸੀ)- ਜੈਪੁਰ ਦੇ ਝੋਟਵਾੜਾ ਇਲਾਕੇ 'ਚ ਮਹਾਰਾਣਾ ਪ੍ਰਤਾਪ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਬੁੱਧਵਾਰ ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਝੋਟਵਾੜਾ ਪੁਲਸ ਸਟੇਸ਼ਨ ਦੇ ਸਹਾਇਕ ਪੁਲਸ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਿੰਸ ਸੋਨੀ (17) ਵਜੋਂ ਹੋਈ ਹੈ, ਜੋ ਕਿ ਬ੍ਰਿਜਮੰਡਲ ਕਾਲੋਨੀ ਦਾ ਰਹਿਣ ਵਾਲਾ ਸੀ। ਪਰਿਵਾਰ ਨੇ ਵੀਰਵਾਰ ਨੂੰ ਸਕੂਲ 'ਚ ਹੰਗਾਮਾ ਕੀਤਾ।
ਪੁਲਸ ਨੇ ਕਿਹਾ ਕਿ ਪਰਿਵਾਰ ਦਾ ਦੋਸ਼ ਹੈ ਕਿ ਬੁੱਧਵਾਰ ਨੂੰ ਸਕੂਲ ਦੀ ਕੰਟੀਨ ਤੋਂ ਪੈਟੀਜ਼ ਖਾਣ ਤੋਂ ਬਾਅਦ ਪ੍ਰਿੰਸ ਦੀ ਸਿਹਤ ਵਿਗੜ ਗਈ ਅਤੇ ਉਹ ਕਲਾਸਰੂਮ 'ਚ ਬੇਹੋਸ਼ ਹੋ ਗਿਆ। ਇਸ ਦੇ ਬਾਵਜੂਦ, ਸਕੂਲ ਪ੍ਰਸ਼ਾਸਨ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਲਗਭਗ 45 ਮਿੰਟ ਤੱਕ ਸਕੂਲ 'ਚ ਹੀ ਰੱਖਿਆ। ਬਾਅਦ 'ਚ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਿਹਾ ਕਿ ਘਟਨਾ ਤੋਂ ਗੁੱਸੇ 'ਚ ਆਏ ਬ੍ਰਿਜਬਲ ਚੌਕ ਦੇ ਸੁਨਿਆਰੇ ਭਾਈਚਾਰੇ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਦਿੱਤਾ।
ਭਾਈਚਾਰੇ ਦੇ ਸੈਂਕੜੇ ਲੋਕ ਸਕੂਲ ਪਹੁੰਚੇ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਪਰਿਵਾਰ ਨੇ ਪ੍ਰਿੰਸ ਦੀ ਲਾਸ਼ ਸਕੂਲ ਲੈ ਕੇ ਪਹੁੰਚੇ ਅਤੇ ਸਕੂਲ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ। ਮੌਕੇ 'ਤੇ ਪੁੱਜੀ ਪੁਲਸ ਨੇ ਘਟਨਾ ਦੇ ਸੰਬੰਧ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਬਿਆਨ ਦਰਜ ਕੀਤੇ। ਪਰਿਵਾਰ ਦੇ ਅਨੁਸਾਰ, ਪ੍ਰਿੰਸ ਬੁੱਧਵਾਰ ਨੂੰ ਟਿਫਿਨ ਲੈ ਕੇ ਸਕੂਲ ਨਹੀਂ ਗਿਆ ਸੀ। ਇਸ ਤੋਂ ਬਾਅਦ ਉਹ ਦੋਸਤਾਂ ਨਾਲ ਸਕੂਲ ਦੀ ਕੰਟੀਨ 'ਚ ਗਿਆ, ਜਿੱਥੇ ਸਾਰਿਆਂ ਨੇ ਪੈਟੀਜ਼ ਖਾਧੀ। ਪਰਿਵਾਰ ਦਾ ਦੋਸ਼ ਹੈ ਕਿ ਪੈਟੀਜ਼ ਖਾਣ ਤੋਂ ਤੁਰੰਤ ਬਾਅਦ ਪ੍ਰਿੰਸ ਦੀ ਸਿਹਤ ਵਿਗੜਨ ਲੱਗੀ। ਇਸ ਤੋਂ ਬਾਅਦ ਉਹ ਕਲਾਸ 'ਚ ਪਹੁੰਚਿਆ ਅਤੇ ਅਧਿਆਪਕ ਨੂੰ ਸਿਹਤ ਖ਼ਰਾਬ ਹੋਣ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਉਹ ਕਲਾਸਰੂਮ 'ਚ ਬੇਹੋਸ਼ ਹੋ ਕੇ ਡਿੱਗ ਪਿਆ।
ਅਧਿਆਪਕ ਨੇ ਸਕੂਲ ਪ੍ਰਸ਼ਾਸਕ ਨੂੰ ਸੂਚਿਤ ਕੀਤਾ। ਪ੍ਰਿੰਸ ਦੇ ਰਿਸ਼ਤੇਦਾਰ ਰਵੀ ਕੁਮਾਰ ਦੇ ਅਨੁਸਾਰ, ਸਵੇਰੇ ਲਗਭਗ 11 ਵਜੇ ਬੇਹੋਸ਼ ਪ੍ਰਿੰਸ ਨੂੰ ਅਧਿਆਪਕ, ਪ੍ਰਸ਼ਾਸਕ ਅਤੇ ਹੋਰਾਂ ਨੇ ਕਲਾਸਰੂਮ ਤੋਂ ਚੁੱਕ ਕੇ ਇਕ ਕਮਰੇ 'ਚ ਲਿਆਂਦਾ। ਫਿਰ ਪਰਿਵਾਰ ਨੂੰ ਸਕੂਲ ਬੁਲਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਸਵੇਰੇ ਲਗਭਗ 11:45 ਵਜੇ ਤੱਕ ਚਾਰ ਪਹੀਆ ਵਾਹਨ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਫ਼ੋਨ ਕਰਦਾ ਰਿਹਾ, ਪਰ ਬੱਚੇ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਵਿਦਿਆਰਥੀ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ ਪੁੱਛਿਆ ਸੁਖਬੀਰ ਬਾਦਲ ਦਾ ਹਾਲ-ਚਾਲ
NEXT STORY