ਨਵੀਂ ਦਿੱਲੀ- 4 ਸਾਲ ਦੀ ਗ੍ਰੈਜੂਏਸ਼ਨ ਪਾਠਕ੍ਰਮ ਪੂਰਾ ਕਰਨ ਮਗਰੋਂ ਆਨਰਜ਼ ਡਿਗਰੀ ਦੇਣ ਦਾ ਯੂਨੀਵਰਸਿਟੀ ਗਰਾਂਟ ਕਮਿਸ਼ਨ (UGC) ਦਾ ਮਤਾ ਅਮਲ ’ਚ ਆਉਣ ਮਗਰੋਂ ਵਿਦਿਆਰਥੀਆਂ ਨੂੰ ਵਿਦੇਸ਼ ’ਚ ਉੱਚ ਸਿੱਖਿਆ ਪ੍ਰਾਪਤ ਕਰਨ ’ਚ ਮਦਦ ਮਿਲੇਗੀ। ਇਹ ਰਾਏ ਮਾਹਰਾਂ ਨੇ ਦਿੱਤੀ ਹੈ। ਮਾਹਰਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਜ਼ਰੂਰੀ ਹੁਨਰ ਸਿਖਾਉਣ ਦੀ ਵੀ ਲੋੜ ਹੈ।
ਭਾਰਤ ’ਚ ਵਿਦਿਆਰਥੀਆਂ ਨੂੰ 3 ਸਾਲ ਦੇ ਸਿਲੇਬਸ ’ਚ ਆਨਰਜ਼ ਦੀ ਡਿਗਰੀ ਵੀ ਮਿਲਦੀ ਹੈ। ਨਵੀਂ ਸਿੱਖਿਆ ਨੀਤੀ 2020 ਦੇ ਨਵੇਂ ਰੂਪ ਨੂੰ ਵੇਖਦੇ ਹੋਏ ਯੂ. ਜੀ. ਸੀ. ਵਿਦਿਆਰਥੀਆਂ ਨੂੰ 4 ਸਾਲ ਦਾ ਸਿਲੇਬਸ ਪੂਰਾ ਕਰਨ ਅਤੇ 160 ਕ੍ਰੇਡਿਟ ਹਾਸਲ ਕਰਨ ’ਤੇ ਗ੍ਰੈਜੂਏਸ਼ਨ ਦੀ ਆਨਰਜ਼ ਡਿਗਰੀ ਦੀ ਆਗਿਆ ਦੇਵੇਗਾ। ਸਿੱਖਿਆ ਮਾਹਰਾਂ ਅਤੇ ਸਲਾਹਕਾਰਾਂ ਮੁਤਾਬਕ ਯੂ. ਜੀ. ਸੀ. ਦਾ ਰੂਪ ਕੌਮਾਂਤਰੀ ਮਾਪਦੰਡਾਂ ਦੇ ਮੁਤਾਬਕ ਹੈ।
ਪਹਿਲਾਂ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਕਰਨ ਮਗਰੋਂ ਪੀ. ਐੱਚ. ਡੀ. ਲਈ ਵਿਦੇਸ਼ ਜਾਂਦੇ ਸਨ। 4 ਸਾਲ ਦੀ ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ ਵਿਦਿਆਰਥੀ ਵਿਦੇਸ਼ ’ਚ ਸਿੱਧੇ ਪੀ. ਐੱਚ. ਡੀ. ਕਰ ਸਕਣਗੇ। ਗਲੋਬਲ ਪੱਧਰ ’ਤੇ 16 ਸਾਲ ਦੀ ਸਿੱਖਿਆ ਦਾ ਮਾਪਦੰਡ ਹੈ। ਇਸ ਕ੍ਰਮ ’ਚ ਕੋਲੰਬੀਆ ਅਤੇ ਡਿਊਕ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਵੀ ਇਕਨਾਮਿਕਸ, ਫਾਈਨੈਂਸ ਅਤੇ ਹੋਰ ਵਿਸ਼ੇਸ਼ ਸਿਲੇਬਸ ਮੁਹੱਈਆ ਕਰਾਉਂਦੀਆਂ ਹਨ।
ਰੁਜ਼ਗਾਰ ਲਈ ਯੋਗਤਾ ਸਮਰੱਥਾ ਜ਼ਰੂਰੀ
ਮਾਹਰਾਂ ਮੁਤਾਬਕ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਯੂ. ਜੀ. ਸੀ. ਦੇ ਰੂਪ ਵਿਚ ਸੁਧਾਰ ਦੀ ਗੁੰਜਾਇਸ਼ ਹੈ। ਵੱਡਾ ਸਵਾਲ ਇਹ ਹੈ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਕਿਵੇਂ ਤਿਆਰ ਕੀਤਾ ਜਾਵੇ ਅਤੇ ਕਿਵੇਂ ਉਹ ਪੜ੍ਹਾਈ ਕਰਨ ਦੌਰਾਨ ਪੈਸੇ ਕਮਾ ਸਕਦੇ ਹਨ। ਜੇਕਰ 4 ਸਾਲ ਦੇ ਸਿਲੇਬਸ ’ਚ ਬੱਚਿਆਂ ਨੂੰ ਰੁਜ਼ਗਾਰ ਦੇ ਯੋਗ ਬਣਾਉਣ ਹੈ ਤਾਂ ਪੜ੍ਹਾਈ ਦੌਰਾਨ ਨੌਕਰੀ ’ਚ ਸਿੱਖਣ ਦੀ ਕਲਾ ਨੂੰ ਸ਼ਾਮਲ ਕਰਨਾ ਹੋਵੇਗਾ। ਇਹ ਯਕੀਨੀ ਕਰਨਾ ਹੋਵੇਗਾ ਕਿ ਜਦੋਂ ਉਹ 4 ਸਾਲ ਦਾ ਸਿਲੇਬਸ ਪੂਰਾ ਕਰਨ ਤਾਂ ਰੁਜ਼ਗਾਰ ਲਈ ਪੂਰੀ ਤਰ੍ਹਾਂ ਤਿਆਰ ਹੋਣ।
ਬਿਹਾਰ: ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਦੀ ਮੌਤ, ਲੋਕ ਸਭਾ ’ਚ ਭਖਿਆ ਮੁੱਦਾ
NEXT STORY