ਠਾਣੇ - ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਮੀਰਾ-ਭਯੰਦਰ ਨਗਰ ਨਿਗਮ ਦੀ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਂਸਲਰਾਂ ਨੇ ਕਥਿਤ ਤੌਰ 'ਤੇ ਨਾਗਰਿਕਾਂ ਅਤੇ ਪੱਤਰਕਾਰਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਵਿਰੋਧ ਪ੍ਰਦਰਸ਼ਨ ਹੋਏ ਅਤੇ ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਨੀ ਪਈ, ਜਿਸ ਦੀ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਇਸ ਸਬੰਧ 'ਚ ਸ਼ੁੱਕਰਵਾਰ ਨੂੰ ਭਯੰਦਰ ਪੁਲਸ ਸਟੇਸ਼ਨ 'ਚ ਦੋ FIR ਦਰਜ ਕੀਤੀਆਂ ਗਈਆਂ। FIR 'ਚ 17 ਭਾਜਪਾ ਕੌਂਸਲਰਾਂ ਦੇ ਨਾਮ ਦਰਜ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ 'ਚ ਕਥਿਤ ਤੌਰ 'ਤੇ ਕੌਂਸਲਰਾਂ ਨੂੰ ਪੱਤਰਕਾਰਾਂ 'ਤੇ ਜੁੱਤੀਆਂ ਅਤੇ ਚੱਪਲਾਂ ਸੁੱਟਦੇ ਅਤੇ ਇਕ ਪੱਤਰਕਾਰ ਦਾ ਮੋਬਾਈਲ ਫੋਨ ਤੋੜਦੇ ਦਿਖਾਇਆ ਗਿਆ ਹੈ। ਚਸ਼ਮਦੀਦਾਂ ਦੇ ਅਨੁਸਾਰ, ਨਗਰ ਨਿਗਮ ਦੀ ਮੀਟਿੰਗ ਦੌਰਾਨ, ਮੇਅਰ ਡਿੰਪਲ ਮਹਿਤਾ ਨੇ ਸੁਰੱਖਿਆ ਕਰਮਚਾਰੀਆਂ ਨੂੰ ਵਿਜ਼ਟਰ ਗੈਲਰੀ 'ਚ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇਸ ਦੌਰਾਨ ਚਸ਼ਮਦੀਦਾਂ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਦਾ ਇੱਕ ਗਰੁੱਪ ਫਿਰ ਉੱਥੇ ਪਹੁੰਚਿਆ ਅਤੇ ਉਨ੍ਹਾਂ ਨੇ ਦਰਸ਼ਕਾਂ ਨਾਲ ਹੱਥੋਪਾਈ ਕੀਤੀ, ਨਾਲ ਹੀ ਹੰਗਾਮੇ ਦੀ ਵੀਡੀਓ ਬਣਾ ਰਹੇ ਮੀਡੀਆ ਕਰਮਚਾਰੀਆਂ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਪੱਤਰਕਾਰਾਂ ਨੇ ਨਗਰ ਨਿਗਮ ਦੀ ਇਮਾਰਤ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ, ਮੰਗ ਕੀਤੀ ਕਿ ਗੜਬੜ 'ਚ ਸ਼ਾਮਲ ਕੌਂਸਲਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਜਾਣ।
ਕਾਂਗਰਸ, ਸ਼ਿਵ ਸੈਨਾ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਸਮੇਤ ਵਿਰੋਧੀ ਪਾਰਟੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ; 8 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ
NEXT STORY