ਮੁੰਬਈ (ਬਿਊਰੋ) : ਭਾਜਪਾ ਨੇਤਾ, ਟਿਕ ਟੌਕ ਸਟਾਰ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਗੋਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੋਨਾਲੀ ਦੇ ਦਿਲ ਦਾ ਦੌਰਾ ਪੈਣ ਦੀ ਖ਼ਬਰ 'ਤੇ ਉਨ੍ਹਾਂ ਦੀ ਭੈਣ ਨੇ ਸ਼ੱਕ ਜ਼ਾਹਰ ਕੀਤਾ ਅਤੇ ਕਿਹਾ ਹੈ ਕਿ ਇਹ ਮੌਤ ਸਾਧਾਰਨ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਭਤੀਜੇ ਨੇ ਵੀ ਵੱਡਾ ਖ਼ੁਲਾਸਾ ਕੀਤਾ ਹੈ। ਸੋਨਾਲੀ ਫੋਗਾਟ ਦੇ ਭਤੀਜੇ ਐਡਵੋਕੇਟ ਵਿਕਾਸ ਨੇ ਉਨ੍ਹਾਂ ਦੀ ਮੌਤ ਲਈ ਪਰਸਨਲ ਸੈਕਟਰੀ (ਪੀਏ) ਸੁਧੀਰ ਸਾਂਗਵਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਡਵੋਕੇਟ ਵਿਕਾਸ ਨੇ ਸੁਧੀਰ ਸਾਂਗਵਾਨ 'ਤੇ ਸੋਨਾਲੀ ਫੋਗਾਟ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ ਵਿਕਾਸ ਦਾ ਕਹਿਣਾ ਹੈ ਕਿ ਸੁਧੀਰ ਸਾਂਗਵਾਨ ਦੇ ਕਹਿਣ 'ਤੇ ਫਾਰਮ ਹਾਊਸ ਤੋਂ ਲੈਪਟਾਪ ਅਤੇ ਜ਼ਰੂਰੀ ਸਾਮਾਨ ਲੈ ਗਏ ਹਨ, ਜਿਸ 'ਚ ਸਾਰਾ ਡਾਟਾ ਅਤੇ ਜ਼ਮੀਨ ਅਤੇ ਜਾਇਦਾਦ ਦੇ ਕਾਗਜ਼ ਵੀ ਸੁਰੱਖਿਅਤ ਹਨ। ਐਡਵੋਕੇਟ ਵਿਕਾਸ ਦਾ ਕਹਿਣਾ ਹੈ ਕਿ ਸੁਧੀਰ ਸਾਂਗਵਾਨ ਨਾਲ ਵੀ ਗੱਲਬਾਤ ਹੋਈ ਸੀ ਅਤੇ ਉਹ ਵਾਰ-ਵਾਰ ਸੋਨਾਲੀ ਫੋਗਾਟ ਦੀ ਮੌਤ ਬਾਰੇ ਆਪਣਾ ਬਿਆਨ ਬਦਲ ਰਿਹਾ ਹੈ।
ਖਾਣਾ ਖਾਣ ਤੋਂ ਬਾਅਦ ਮਹਿਸੂਸ ਹੋ ਰਹੀ ਸੀ ਬੇਚੈਨੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭੈਣ ਰਮਨ ਨੇ ਸਾਜ਼ਿਸ਼ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਸੋਨਾਲੀ ਖਾਣਾ ਖਾਣ ਤੋਂ ਬਾਅਦ ਬੇਚੈਨ ਮਹਿਸੂਸ ਕਰ ਰਹੀ ਸੀ ਅਤੇ ਉਨ੍ਹਾਂ ਨੇ ਇਸ ਬਾਰੇ ਆਪਣੀ ਮਾਂ ਨੂੰ ਵੀ ਦੱਸਿਆ ਸੀ। ਭੈਣ ਦੇ ਇਸ ਬਿਆਨ ਤੋਂ ਬਾਅਦ ਅੰਜੁਨਾ ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। 23 ਅਗਸਤ ਨੂੰ ਸਵੇਰੇ 9 ਵਜੇ ਸੋਨਾਲੀ ਫੋਗਾਟ ਨੂੰ ਅੰਜੁਨਾ, ਗੋਆ ਦੇ ਸੇਂਟ ਐਂਥਨੀਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸੋਨਾਲੀ ਦਾ ਸਿਆਸਤ ’ਚ ਵੀ ਰਿਹਾ ਲੰਬਾ ਤਜਰਬਾ
ਸੋਨਾਲੀ ਫੋਗਾਟ ਨੇ ਸਾਲ 2008 ਵਿਚ ਸਿਆਸਤ ਵਿਚ ਕਦਮ ਰੱਖਿਆ। ਸੋਨਾਲੀ ਫੋਗਾਟ ਨੂੰ ਸਾਲ 2019 ਦੀਆ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਆਦਮਪੁਰ ਵਰਗੀ ਹਾਟ ਸੀਟ ਤੋਂ ਟਿਕਟ ਦੇ ਦਿੱਤੀ। ਆਦਮਪੁਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਸੋਨਾਲੀ ਫੋਗਾਟ ਨੂੰ ਲਗਭਗ 29,471 ਵੋਟਾਂ ਦੇ ਫਰਕ ਨਾਲ ਹਰਾਇਆ ਪਰ ਇਸ ਚੋਣ ਤੋਂ ਬਾਅਦ ਸੋਨਾਲੀ ਸਿਆਸਤ ਦੀਆਂ ਸੁਰਖੀਆਂ ਵਿਚ ਆਈ ਅਤੇ ਉਹ ਚੋਣ ਹਾਰਨ ਤੋਂ ਬਾਅਦ ਵੀ ਇਸ ਖੇਤਰ ਵਿਚ ਸਿਆਸੀ ਰੂਪ ਨਾਲ ਲਗਾਤਾਰ ਸਰਗਰਮ ਰਹੀ।
ਵਿਵਾਦਾਂ ਨਾਲ ਵੀ ਰਿਹਾ ਹੈ ਪੁਰਾਣਾ ਨਾਤਾ
ਸੋਨਾਲੀ ਫੋਗਾਟ ਦਾ ਵਿਵਾਦਾਂ ਨਾਲ ਵੀ ਪੁਰਾਣਾ ਨਾਤਾ ਰਿਹਾ ਹੈ। ਸੋਨਾਲੀ ਫੋਗਾਟ ਨੇ ਸਾਲ 2021 ਵਿਚ 'ਬਿੱਗ ਬੌਸ' ਸੀਜ਼ਨ 14 ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ 'ਬਿੱਗ ਬੌਸ' ਦੀ ਕੰਟੈਸਟੈਂਟ ਰਹੀ ਰੂਬੀਨਾ ਸਮੇਤ ਕਈ ਮੁਕਾਬਲੇਬਾਜ਼ਾਂ ਦੇ ਨਾਲ ਉਨ੍ਹਾਂ ਦੇ ਵਿਵਾਦ ਵੀ ਸਾਹਮਣੇ ਆਏ। ਉਥੇ ਹੀ ਇਸ ਤੋਂ ਪਹਿਲਾਂ 5 ਜੂਨ 2020 ਨੂੰ ਸੋਨਾਲੀ ਫੋਗਾਟ ਨੇ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਜਨਤਕ ਜਗ੍ਹਾ ’ਤੇ ਸੈਂਡਲ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਮਾਰਕੁੱਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਇਆ ਸੀ ਅਤੇ ਇਸ ’ਤੇ ਸੋਨਾਲੀ ਨੇ ਕਿਹਾ ਸੀ ਕਿ ਉਕਤ ਅਧਿਕਾਰੀ ਨੇ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸੇ ਤਰ੍ਹਾਂ 8 ਅਕਤੂਬਰ 2019 ਨੂੰ ਆਦਮਪੁਰ ਵਿਧਾਨ ਸਭਾ ਖੇਤਰ ਦੇ ਪਿੰਡ ਬਾਲਸਮੰਦ ਵਿਚ ਇਕ ਸਿਆਸੀ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਇਕ ਨਾਅਰੇ ਨੂੰ ਲੈ ਕੇ ਸੋਨਾਲੀ ਫੋਗਾਟ ਵਿਵਾਦਾਂ ਵਿਚ ਆਈ ਸੀ ਪਰ ਬਾਅਦ ਵਿਚ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਕਹਿਣ ਦਾ ਉਹ ਅਰਥ ਨਹੀਂ ਸੀ ਜਿਵੇਂ ਅਰਥ ਕੱਢਿਆ ਗਿਆ। ਕੁਲ ਮਿਲਾ ਕੇ ਸੋਨਾਲੀ ਫੋਗਾਟ ਲੋਕਪ੍ਰਿਯਤਾ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਨਾਲ-ਨਾਲ ਵਿਵਾਦਾਂ ਵਿਚ ਵੀ ਰਹੀ।
ਖੁੱਲ੍ਹੇ ਮਨ ਤੇ ਬਹਾਦੁਰੀ ਨਾਲ ਰੱਖਦੀ ਸੀ ਆਪਣੀ ਗੱਲ
ਵਿਸ਼ੇਸ਼ ਗੱਲ ਇਹ ਹੈ ਕਿ ਸੋਨਾਲੀ ਫੋਗਾਟ ਜਨਤਕ ਮੰਚਾਂ ਤੋਂ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੀ ਗੱਲ ਬੜੇ ਖੁੱਲ੍ਹੇ ਮਨ ਅਤੇ ਬਹਾਦੁਰੀ ਨਾਲ ਰੱਖਦੀ ਸੀ। ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਦੇ ਨਾਲ ਉਨ੍ਹਾਂ ਦਾ ਵਿਵਾਦ ਹੋਇਆ ਉਦੋਂ ਵੀ ਉਨ੍ਹਾਂ ਆਪਣਾ ਪੱਖ ਬਹੁਤ ਦਲੇਰੀ ਨਾਲ ਰੱਖਿਆ ਸੀ। ਅਜੇ ਹਾਲ ਹੀ ਵਿਚ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਸੀਟ ਤੋਂ ਅਸਤੀਫਾ ਦਿੱਤਾ ਅਤੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਉਦੋਂ ਵੀ ਉਨ੍ਹਾਂ ਤਿੱਖੀਆਂ ਟਿੱਪਣੀਆਂ ਨਾਲ ਖੂਬ ਤੰਜ ਕੱਸੇ ਸਨ। ਸੋਨਾਲੀ ਫੋਗਾਟ ਹਮੇਸ਼ਾ ਤੋਂ ਹੀ ਆਦਮਪੁਰ ਸੀਟ ਤੋਂ ਭਾਜਪਾ ਦੀ ਟਿਕਟ ਦਾ ਦਾਅਵਾ ਪ੍ਰਗਟਾਉਂਦੀ ਰਹੀ ਹੈ। ਅਜਿਹੇ ਵਿਚ ਉਦੋਂ ਸੋਨਾਲੀ ਨੇ ਸਖਤ ਤੇਵਰ ਦਿਖਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਜਦੋਂ ਸ਼ੇਰਨੀ 2 ਕਦਮ ਪਿੱਛੇ ਹੱਟਦੀ ਹੈ ਤਾਂ ਹੋਰ ਜ਼ਿਆਦਾ ਖੁੰਖਾਰ ਹੋ ਜਾਂਦੀ ਹੈ।
ਇਸ ਤਰ੍ਹਾਂ ਦੇ ਟਵੀਟ ਸੋਨਾਲੀ ਸੋਸ਼ਲ ਮੀਡੀਆ ’ਤੇ ਅਕਸਰ ਕਰਦੀ ਰਹਿੰਦੀ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ’ਤੇ ਆਪਣੀ ਗੱਲ ਰੱਖਣ ਤੋਂ ਇਲਾਵਾ ਸੋਨਾਲੀ ਆਪਣੇ ਹਮਾਇਤੀਆਂ ਅਤੇ ਵਿਰੋਧੀਆਂ ਦੀਆਂ ਗੱਲਾਂ ਦਾ ਵੀ ਖੁੱਲੇ ਮਨ ਨਾਲ ਜਵਾਬ ਦਿੰਦੀ ਸੀ। ਸੋਨਾਲੀ ਨੂੰ ਪਹਾੜਾਂ ’ਤੇ ਘੁੰਮਣਾ, ਘੁੜਸਵਾਰੀ ਕਰਨਾ ਅਤੇ ਡਰਾਈਵਿੰਗ ਕਰਨਾ ਕਾਫੀ ਪਸੰਦ ਸੀ। ਉਨ੍ਹਾਂ ਪਤੀ ਦੇ ਦਿਹਾਂਤ ਤੋਂ ਬਾਅਦ ਨਾ ਸਿਰਫ ਖੁਦ ਹਿੰਮਤ ਨਾਲ ਕੰਮ ਲਿਆ ਸਗੋਂ ਆਪਣੀ ਬੇਟੀ ਯਸ਼ੋਧਰਾ ਨੂੰ ਵੀ ਮਾਂ ਅਤੇ ਪਿਤਾ ਦਾ ਸਨੇਹ ਦਿੱਤਾ।
ਇੰਸਟਾਗ੍ਰਾਮ ’ਤੇ ਰੀਲਸ ਨੂੰ ਲੈ ਕੇ ਹੋਈ ਮਸ਼ਹੂਰ
ਟਿਕ ਟੌਕ ਤੋਂ ਬਾਅਦ ਇੰਸਟਾਗ੍ਰਾਮ ’ਤੇ ਮਸ਼ਹੂਰ ਹੋਈ ਸੋਨਾਲੀ ਫੋਗਾਟ ਸੋਸ਼ਲ ਮੀਡੀਆ ’ਤੇ ਵੀ ਇਕ ਮਸ਼ਹੂਰ ਚਿਹਰਾ ਰਹੀ। ਖਾਸ ਗੱਲ ਇਹ ਹੈ ਕਿ ਸਿਆਸਤ ਵਿਚ ਹੋਣ ਦੇ ਬਾਵਜੂਦ ਸੋਨਾਲੀ ਅਕਸਰ ਆਪਣੀ ਡਾਂਸ, ਡਾਇਲਾਗ, ਰੂਟੀਨ ਵਰਕ ਅਤੇ ਮਨੋਰੰਜਨ ਨਾਲ ਜੁੜੇ ਹੋਏ ਵੀਡੀਓ ਅਤੇ ਰੀਲਸ ਲਈ ਜ਼ਿਆਦਾ ਪਛਾਣ ਬਣਾਉਣ ਵਿਚ ਕਾਮਯਾਬ ਹੋਈ। ਸੋਨਾਲੀ ਨੇ ਸਭ ਤੋਂ ਪਹਿਲਾਂ ਟਿਕ ਟੌਕ ਐਪ ’ਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ। ਟਿਕ ਟੌਕ ’ਤੇ ਪਾਬੰਦੀ ਲੱਗ ਗਈ ਤਾਂ ਸੋਨਾਲੀ ਇਸ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸਰਗਰਮ ਹੋ ਗਈ। ਸੋਨਾਲੀ ਨਿਯਮਿਤ ਰੂਪ ਨਾਲ ਇੰਸਟਾਗ੍ਰਾਮ ’ਤੇ ਰੀਲਸ ਪਾਉਂਦੀ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ਦੇ ਆਫੀਸ਼ੀਅਲ ਅਕਾਊਂਟ ਨੂੰ ਲਗਭਗ 8.88 ਲੱਖ ਲੋਕ ਫਾਲੋ ਕਰਦੇ ਹਨ। ਹੁਣ ਤੱਕ ਸੋਨਾਲੀ ਇੰਸਟਾਗ੍ਰਾਮ ’ਤੇ 1661 ਪੋਸਟ ਪਾ ਚੁੱਕੀ ਹੈ, ਜਿਨ੍ਹਾਂ ਵਿਚ ਵਧੇਰੇ ਗਿਣਤੀ ਰੀਲਸ ਦੀ ਹੈ। ਇਸੇ ਤਰ੍ਹਾਂ ਫੇਸਬੁੱਕ ’ਤੇ ਸੋਨਾਲੀ ਦੇ 2.81 ਲੱਖ ਫਾਲੋਅਰਸ ਹਨ। ਫੇਸਬੁੱਕ ’ਤੇ ਵੀ ਸੋਨਾਲੀ ਨਿਯਮਿਤ ਰੂਪ ਨਾਲ ਵੀਡੀਓ ਅਤੇ ਹੋਰ ਪੋਸਟ ਪਾਉਂਦੀ ਸੀ, ਜਦਕਿ ਟਵਿੱਟਰ ’ਤੇ ਸੋਨਾਲੀ ਇੰਸਟਾ ਅਤੇ ਫੇਸਬੁੱਕ ਦੀ ਤੁਲਨਾ ਵਿਚ ਵਧ ਸਰਗਰਮ ਨਹੀਂ ਸੀ। ਟਵਿੱਟਰ ’ਤੇ ਸੋਨਾਲੀ ਨੂੰ 7,849 ਲੋਕ ਫਾਲੋ ਕਰਦੇ ਹਨ।
ਕਲਯੁਗੀ ਧੀ ਦੀ ਘਿਨੌਣੀ ਕਰਤੂਤ, ਜਾਇਦਾਦ ਲਈ ਮਾਂ ਨੂੰ ਚਾਹ ’ਚ ਮਿਲਾ ਕੇ ਦਿੱਤਾ ਜ਼ਹਿਰ
NEXT STORY