ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਹੈਨਲੀ ਪਾਸਪੋਰਟ ਇੰਡੈਕਸ 2025 ਦੀ ਤਾਜ਼ਾ ਸੂਚੀ ਜਾਰੀ ਹੋ ਗਈ ਹੈ। ਇਸ ਸੂਚੀ ਵਿੱਚ ਅਮਰੀਕੀ ਪਾਸਪੋਰਟ ਪਹਿਲੀ ਵਾਰ ਟੌਪ-10 ਲਿਸਟ ਤੋਂ ਬਾਹਰ ਹੋ ਗਿਆ ਹੈ। ਇਹ ਪਿਛਲੇ 20 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਇਸ ਸਿਖਰਲੀ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਨਵੇਂ ਇੰਡੈਕਸ ਦੇ ਅਨੁਸਾਰ:
- ਸਭ ਤੋਂ ਤਾਕਤਵਰ ਪਾਸਪੋਰਟ ਹੁਣ ਸਿੰਗਾਪੁਰ ਦਾ ਹੈ, ਜਿਸ ਨਾਲ 193 ਦੇਸ਼ਾਂ ਵਿੱਚ ਵੀਜ਼ਾ-ਮੁਕਤ ਐਂਟਰੀ ਮਿਲਦੀ ਹੈ।
- ਇਸ ਤੋਂ ਬਾਅਦ ਦੱਖਣੀ ਕੋਰੀਆ (190 ਦੇਸ਼) ਅਤੇ ਜਾਪਾਨ (189 ਦੇਸ਼) ਦੂਜੇ ਅਤੇ ਤੀਜੇ ਸਥਾਨ 'ਤੇ ਹਨ।
- ਅਮਰੀਕੀ ਪਾਸਪੋਰਟ ਹੁਣ 12ਵੇਂ ਨੰਬਰ 'ਤੇ ਖਿਸਕ ਗਿਆ ਹੈ, ਜੋ ਮਲੇਸ਼ੀਆ ਦੇ ਬਰਾਬਰ ਹੈ। ਇਸ ਪਾਸਪੋਰਟ ਰਾਹੀਂ 227 ਵਿੱਚੋਂ 180 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਦਾਖਲ ਹੋਇਆ ਜਾ ਸਕਦਾ ਹੈ।
ਪਹਿਲਾਂ ਨਾਲੋਂ ਮਜ਼ਬੂਤ ਹੋਇਆ ਭਾਰਤੀ ਪਾਸਪੋਰਟ
ਇੰਡੈਕਸ ਵਿੱਚ ਭਾਰਤ ਲਈ ਇੱਕ ਵੱਡੀ ਸਕਾਰਾਤਮਕ ਖ਼ਬਰ ਹੈ। ਭਾਰਤੀ ਪਾਸਪੋਰਟ 2025 ਦੇ ਪਹਿਲੇ ਤਿਮਾਹੀ ਦੇ ਮੁਕਾਬਲੇ 8 ਪਾਇਦਾਨਾਂ ਦੇ ਸੁਧਾਰ ਨਾਲ 77ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤੀ ਪਾਸਪੋਰਟ ਦੇ ਧਾਰਕਾਂ ਨੂੰ ਹੁਣ 59 ਦੇਸ਼ਾਂ ਵਿੱਚ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਦੀ ਸਹੂਲਤ ਮਿਲਦੀ ਹੈ। ਮਾਹਰਾਂ ਮੁਤਾਬਕ, ਭਾਰਤ ਦੀ ਵਿਸ਼ਵ ਪੱਧਰ 'ਤੇ ਵਧ ਰਹੀ ਤਾਕਤ ਦਾ ਅਸਰ ਪਾਸਪੋਰਟ ਰੈਂਕਿੰਗ 'ਤੇ ਵੀ ਪਿਆ ਹੈ। ਭਾਰਤੀ ਪਾਸਪੋਰਟ ਦੀ ਤਾਕਤ ਵਿੱਚ ਸੁਧਾਰ ਦੇ ਮੁੱਖ ਕਾਰਨ ਹੇਠ ਲਿਖੇ ਹਨ:
- ਨਵੇਂ ਸਮਝੌਤੇ: ਭਾਰਤ ਨੇ ਫਿਲੀਪੀਨਜ਼ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਨਾਲ ਵੀਜ਼ਾ-ਮੁਕਤ ਜਾਂ VOA ਸਮਝੌਤੇ ਕੀਤੇ ਹਨ।
- ਮਜ਼ਬੂਤ ਕੂਟਨੀਤੀ ਅਤੇ ਅਰਥਵਿਵਸਥਾ: ਭਾਰਤ ਦੀ ਵਧ ਰਹੀ ਅਰਥਵਿਵਸਥਾ ਅਤੇ ਮਜ਼ਬੂਤ ਰਿਸ਼ਤਿਆਂ ਕਾਰਨ ਮਲੇਸ਼ੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਨੇ ਵੀਜ਼ਾ ਨਿਯਮਾਂ ਨੂੰ ਆਸਾਨ ਕੀਤਾ ਹੈ।
- ਡਿਜੀਟਲ ਸਹੂਲਤ : ਈ-ਵੀਜ਼ਾ ਅਤੇ ਵੀਜ਼ਾ-ਆਨ-ਅਰਾਈਵਲ (VOA) ਨੂੰ ਉਤਸ਼ਾਹਤ ਕੀਤਾ ਗਿਆ, ਜਿਸਨੂੰ ਇੰਡੈਕਸ ਵਿੱਚ ਮਹੱਤਵ ਦਿੱਤਾ ਜਾਂਦਾ ਹੈ।
- ਵਪਾਰ ਅਤੇ ਸੈਰ-ਸਪਾਟਾ: ਭਾਰਤ ਤੋਂ ਵੱਧ ਰਹੇ ਸੈਲਾਨੀਆਂ ਅਤੇ ਵਪਾਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਛੋਟਾਂ ਦਿੱਤੀਆਂ ਹਨ।
ਅਮਰੀਕੀ ਪਾਸਪੋਰਟ ਕਿਉਂ ਹੋਇਆ ਕਮਜ਼ੋਰ?
ਮਾਹਰਾਂ ਅਨੁਸਾਰ, ਕਈ ਦੇਸ਼ਾਂ ਨੇ ਅਮਰੀਕੀਆਂ ਲਈ ਵੀਜ਼ਾ ਨਿਯਮ ਸਖ਼ਤ ਕਰ ਦਿੱਤੇ ਹਨ, ਜਿਸ ਕਾਰਨ ਪਾਸਪੋਰਟ ਦੀ ਤਾਕਤ ਘਟੀ ਹੈ। ਅਪ੍ਰੈਲ ਵਿੱਚ ਬ੍ਰਾਜ਼ੀਲ ਨੇ ਵੀਜ਼ਾ-ਮੁਕਤ ਐਂਟਰੀ ਖ਼ਤਮ ਕਰ ਦਿੱਤੀ ਹੈ, ਅਤੇ ਚੀਨ ਨੇ ਆਪਣੇ ਵੀਜ਼ਾ-ਮੁਕਤ ਪ੍ਰੋਗਰਾਮ ਵਿੱਚ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ। ਇਸ ਤੋਂ ਇਲਾਵਾ, ਪਾਪੂਆ ਨਿਊ ਗਿਨੀ, ਮਿਆਂਮਾਰ, ਭਾਰਤ, ਸੋਮਾਲੀਆ ਅਤੇ ਵੀਅਤਨਾਮ ਦੇ ਨਵੇਂ ਨਿਯਮਾਂ ਨੇ ਵੀ ਅਮਰੀਕੀ ਪਾਸਪੋਰਟ ਦੀ ਤਾਕਤ 'ਤੇ ਅਸਰ ਪਾਇਆ ਹੈ।
ਹੈਨਲੀ ਐਂਡ ਪਾਰਟਨਰਜ਼ ਦੇ ਚੇਅਰਮੈਨ ਕ੍ਰਿਸ਼ਚੀਅਨ ਕੇਲਿਨ ਨੇ ਕਿਹਾ ਕਿ ਅਮਰੀਕੀ ਪਾਸਪੋਰਟ ਦੀ ਤਾਕਤ ਵਿੱਚ ਕਮੀ ਸਿਰਫ਼ ਰੈਂਕਿੰਗ ਦੀ ਗੱਲ ਨਹੀਂ ਹੈ, ਸਗੋਂ ਇਹ ਦਰਸਾਉਂਦਾ ਹੈ ਕਿ ਦੁਨੀਆ ਵਿੱਚ ਸ਼ਕਤੀ ਦਾ ਸੰਤੁਲਨ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਖੁੱਲ੍ਹੇਪਨ ਨੂੰ ਅਪਣਾਉਂਦੇ ਹਨ, ਉਹ ਅੱਗੇ ਵਧ ਰਹੇ ਹਨ, ਅਤੇ ਜੋ ਪੁਰਾਣੀ ਸੋਚ 'ਤੇ ਟਿਕੇ ਹਨ, ਉਹ ਪਿੱਛੇ ਰਹਿ ਰਹੇ ਹਨ।
ਹੋਰ ਪ੍ਰਮੁੱਖ ਦੇਸ਼ਾਂ ਦੀ ਸਥਿਤੀ:
- ਬ੍ਰਿਟੇਨ ਦਾ ਪਾਸਪੋਰਟ ਛੇਵੇਂ ਤੋਂ ਅੱਠਵੇਂ ਨੰਬਰ 'ਤੇ ਖਿਸਕ ਗਿਆ ਹੈ (2015 ਵਿੱਚ ਇਹ ਪਹਿਲੇ ਨੰਬਰ 'ਤੇ ਸੀ)।
- ਚੀਨ ਦਾ ਪਾਸਪੋਰਟ 2015 ਵਿੱਚ 94ਵੇਂ ਸਥਾਨ 'ਤੇ ਸੀ, ਜੋ ਹੁਣ 64ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਚੀਨ ਨੂੰ 37 ਨਵੇਂ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਮੁਕਤ ਐਂਟਰੀ ਮਿਲੀ ਹੈ। ਚੀਨ ਹੁਣ 76 ਦੇਸ਼ਾਂ ਨੂੰ ਵੀਜ਼ਾ-ਮੁਕਤ ਐਂਟਰੀ ਦਿੰਦਾ ਹੈ, ਜੋ ਅਮਰੀਕਾ ਤੋਂ 30 ਦੇਸ਼ ਜ਼ਿਆਦਾ ਹਨ।
ਗੜ੍ਹਚਿਰੌਲੀ 'ਚ ਚੋਟੀ ਦੇ ਨਕਸਲੀ ਸਮੇਤ 61 ਨਕਸਲੀਆਂ ਨੇ ਹਥਿਆਰਾਂ ਸਣੇ ਕੀਤਾ ਸਰੰਡਰ
NEXT STORY