ਸੂਰਤ (ਵਿਸ਼ੇਸ਼)- ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਪਾਰਟੀ ਵਰਕਰ ਤੇ ਆਗੂ ਜਸ਼ਨ ਮਨਾ ਰਹੇ ਹਨ। ਗੁਜਰਾਤ ਦੇ ਲੋਕਾਂ ਨੇ 150 ਦੇ ਟੀਚੇ ’ਤੇ ਚੱਲ ਰਹੀ ਪਾਰਟੀ ਨੂੰ 156 ਸੀਟਾਂ ’ਤੇ ਜਿੱਤ ਦਿਵਾਈ ਹੈ। ਗੁਜਰਾਤ ’ਚ ਪਿਛਲੇ 27 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਇਸ ਚੋਣ ’ਚ ਭਾਜਪਾ ਨੇ ਆਦਿਵਾਸੀ ਬਹੁ-ਗਿਣਤੀ ਵਾਲੇ ਖੇਤਰਾਂ ’ਚ ਮਹੱਤਵਪੂਰਨ ਲਾਭ ਹਾਸਲ ਕੀਤਾ। ਪਾਰਟੀ ਨੇ 27 ’ਚੋਂ 23 ਸੀਟਾਂ ’ਤੇ ਜਿੱਤ ਹਾਸਲ ਕੀਤੀ। ਇਸ ਜਿੱਤ ਦਾ ਵੱਡਾ ਕਾਰਨ ਆਮ ਆਦਮੀ ਪਾਰਟੀ ਸੀ, ਜਿਸ ਦੀ ਸੰਨ੍ਹ ਨੇ ਕਾਂਗਰਸੀ ਕੈਂਪ ਦੇ ਵੋਟ ਬੈਂਕ ਨੂੰ ਠੇਸ ਪਹੁੰਚਾਈ।
ਸੂਬੇ ਦੀ 15 ਫ਼ੀਸਦੀ ਆਬਾਦੀ ਆਦਿਵਾਸੀ ਸਮਾਜ ਨਾਲ ਸਬੰਧਤ
ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਖੇਡ ਨੂੰ ਵਿਗਾੜਨ ਲਈ ਪੂਰੇ ਪ੍ਰਬੰਧ ਕਰ ਲਏ ਸਨ। 2011 ਦੀ ਮਰਦਮਸ਼ੁਮਾਰੀ ਮੁਤਾਬਕ ਗੁਜਰਾਤ ’ਚ ਆਦਿਵਾਸੀ ਆਬਾਦੀ ਲਗਭਗ 90 ਲੱਖ ਸੀ, ਜੋ ਸੂਬੇ ਦੀ ਕੁੱਲ ਆਬਾਦੀ ਦਾ ਲਗਭਗ 15 ਫ਼ੀਸਦੀ ਬਣਦੀ ਹੈ । ਇਹ ਮੁੱਖ ਤੌਰ ’ਤੇ ਸੂਬੇ ਦੇ 14 ਪੂਰਬੀ ਜ਼ਿਲ੍ਹਿਆਂ ’ਚ ਫੈਲੀ ਹੋਈ ਹੈ। ਸਿਆਸੀ ਮਾਹਿਰਾਂ ਅਨੁਸਾਰ ਆਦਿਵਾਸੀ ਪੱਟੀ ’ਚ ਭਾਜਪਾ ਦੀ ਸਫ਼ਲਤਾ ਦਾ ਇਕ ਕਾਰਨ ਵਿਕਾਸ ਕਾਰਜਾਂ ’ਤੇ ਬਿਹਤਰ ਧਿਆਨ ਕੇਂਦਰਿਤ ਕਰਨਾ ਅਤੇ ਪ੍ਰਭਾਵਸ਼ਾਲੀ ਕਾਂਗਰਸੀ ਨੇਤਾਵਾਂ ਨੂੰ ਇਸ ਦੇ ਘੇਰੇ ਵਿਚ ਲਿਆਉਣਾ ਸੀ।
ਭਾਜਪਾ ਨੇ 2021 ’ਚ ਆਦਿਵਾਸੀ ਖੇਤਰਾਂ ਵਿੱਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਜਿੱਤਣ ’ਤੇ ਧਿਆਨ ਕੇਂਦਰਿਤ ਕੀਤਾ। ਇਸ ਵਾਰ ਭਾਜਪਾ ਨੇ ਆਦਿਵਾਸੀ ਬਹੁ ਗਿਣਤੀ ਜ਼ਿਲ੍ਹਿਆਂ ਦੇ ਲਗਭਗ ਸਾਰੇ ਖੇਤਰਾਂ ਅਤੇ ਜ਼ਿਲ੍ਹਾ ਪੰਚਾਇਤਾਂ ’ਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਲਈ ਪਾਰਟੀ ਨੇ ਆਦਿਵਾਸੀ ਵੋਟਰਾਂ ’ਤੇ ਕੇਂਦਰਿਤ ਵਿਸ਼ੇਸ਼ ‘ਗੌਰਵ ਯਾਤਰਾ’ ਦਾ ਆਯੋਜਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਦਿਵਾਸੀ ਖੇਤਰਾਂ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ। 27 ਨਵੰਬਰ ਨੂੰ ਭਰੂਚ ਵਿਚ ਉਨ੍ਹਾਂ ਕਾਂਗਰਸ ’ਤੇ ਆਦਿਵਾਸੀਆਂ ਦਾ ਸਨਮਾਨ ਨਾ ਕਰਨ ਅਤੇ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾਏ ਜਾਣ ਦਾ ਵਿਰੋਧ ਕਰਨ ਦਾ ਦੋਸ਼ ਲਾਇਆ।
‘ਆਪ’ ਨੇ ਕਾਂਗਰਸ ਦੇ ਰੰਗ ’ਚ ਭੰਗ ਪਾਇਆ
ਆਮ ਆਦਮੀ ਪਾਰਟੀ ਦੇ ਦਾਖਲੇ ਦਾ ਭਾਜਪਾ ਨੂੰ ਵੀ ਫਾਇਦਾ ਹੋਇਆ। ਅੰਕੜੇ ਦੱਸਦੇ ਹਨ ਕਿ ‘ਆਪ’ ਨੇ ਇਸ ਪੱਟੀ ਦੀਆਂ 11 ਸੀਟਾਂ ’ਤੇ ਰੰਗ ’ਚ ਭੰਗ ਪਾਉਣ ਦਾ ਕੰਮ ਕੀਤਾ। ਜੇਤੂ ਅਤੇ ਉਪ ਜੇਤੂ ਵਿਚਕਾਰ ਵੋਟਾਂ ਦਾ ਫਰਕ ਜ਼ਿਆਦਾ ਸੀ। 11 ਸੀਟਾਂ ’ਚੋਂ ਕਾਂਗਰਸ 9 ’ਤੇ ਤੀਜੇ ਅਤੇ ਭਾਜਪਾ ਦੂਜੇ ਨੰਬਰ ’ਤੇ ਸੀ। ਆਮ ਆਦਮੀ ਪਾਰਟੀ ਨੇ ਕਾਂਗਰਸ ਦੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਇਆ। ਕਈ ਆਦਿਵਾਸੀ ਸੀਟਾਂ ’ਤੇ ‘ਆਪ’ ਦੇ ਉਮੀਦਵਾਰਾਂ ਨੇ ਕਾਂਗਰਸ ਦੀਆਂ ਵੋਟਾਂ ਕੱਟੀਆਂ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਇਆ।
ਕੁੱਲ ਮਿਲਾ ਕੇ ਦੱਖਣੀ ਗੁਜਰਾਤ ਵਿਚ ਕਾਂਗਰਸ 2017 ਦੇ ਅੱਠ ਦੇ ਮੁਕਾਬਲੇ ਇਸ ਵਾਰ ਇਕ ਸੀਟ ਤੱਕ ਸਿਮਟ ਗਈ ਜਦੋਂ ਕਿ ‘ਆਪ’ ਨੇ ਭਾਰਤੀ ਟ੍ਰਾਈਬਲ ਪਾਰਟੀ ਤੋਂ ਇਕ ਸੀਟ ਖੋਹ ਲਈ। ਸੂਰਤ ਵਿਚ ਭਾਜਪਾ ਨੇ ਸਾਰੇ 16 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਵਿਚੋਂ 4 ਪੇਂਡੂ ਹਨ। ਇਹ 2017 ਵਿਚ 15 ਤੋਂ ਇਕ ਵੱਧ ਹੈ। ਮੌਜੂਦਾ ਵਿਧਾਇਕ ਚੌਧਰੀ ਨੇ 56,074 ਅਤੇ ‘ਆਪ’ ਦੀ ਸਯਾਨਾਬੇਨ ਨੂੰ 48,301 ਵੋਟਾਂ ਹਾਸਲ ਕੀਤੀਆਂ। ਇਸ ਨਾਲ ਭਾਜਪਾ ਦੇ ਕੁੰਵਰ ਹਲਪਤੀ 74,202 ਵੋਟਾਂ ਨਾਲ ਜਿੱਤ ਗਏ। ਸੂਰਤ ਸ਼ਹਿਰ ਦੀਆਂ 12 ਸੀਟਾਂ ਆਮ ਆਦਮੀ ਪਾਰਟੀ ਲਈ ਨਿਰਾਸ਼ਾਜਨਕ ਸਨ। ‘ਆਪ’ ਨੇ ਗੁਜਰਾਤ ਵਿਚ ਆਪਣੇ ਕਈ ਵੱਡੇ ਅਤੇ ਸਾਬਕਾ ਪਾਟੀਦਾਰ ਨੇਤਾਵਾਂ ਨੂੰ ਮੈਦਾਨ ਵਿਚ ਉਤਾਰਿਆ ਸੀ।
ਹਿਮਾਚਲ ਅਤੇ ਕਸ਼ਮੀਰ ਦੇ ਉੱਚੇ ਪਹਾੜਾਂ ’ਤੇ ਤਾਜ਼ਾ ਬਰਫ਼ਬਾਰੀ
NEXT STORY