ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਕੈਨੇਡਾ ਤੇ ਭਾਰਤ ਵਿਚਾਲੇ ਇਕ ਵਾਰ ਫ਼ਿਰ ਤੋਂ ਰਿਸ਼ਤਿਆਂ 'ਚ ਕੜਵਾਹਟ ਆ ਗਈ ਹੈ। ਸੋਮਵਾਰ 14 ਅਗਸਤ ਨੂੰ ਕੈਨੇਡਾ ਸਰਕਾਰ ਵੱਲੋਂ ਨਿੱਝਰ ਕਤਲਕਾਂਡ ਮਾਮਲੇ 'ਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੂੰ 'ਪਰਸਨ ਆਫ਼ ਇੰਟ੍ਰਸਟ' ਐਲਾਨ ਦਿੱਤਾ ਗਿਆ ਹੈ, ਜਿਸ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਕਾਰਵਾਈ ਕਰਦੇ ਹੋਏ ਸੰਜੈ ਕੁਮਾਰ ਨੂੰ ਭਾਰਤ ਬੁਲਾ ਲਿਆ ਹੈ।
ਇਸ ਮਗਰੋਂ ਭਾਰਤ ਨੇ ਇਕ ਹੋਰ ਸਖ਼ਤ ਕਦਮ ਚੁੱਕਦੇ ਹੋਏ ਕੈਨੇਡਾ ਦੇ 6 ਰਾਜਦੂਤਾਂ ਨੂੰ 19 ਅਕਤੂਬਰ ਤੱਕ ਭਾਰਤ ਛੱਡਣ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਕੈਨੇਡੀਅਨ ਰਾਜਦੂਤਾਂ 'ਚ ਸਟੀਵਰਟ ਰੌਸ ਵ੍ਹੀਲਰ (ਐਕਟਿੰਗ ਹਾਈ ਕਮਿਸ਼ਨਰ), ਪੈਟ੍ਰਿਕ ਹੇਬਰਟ (ਡਿਪਟੀ ਹਾਈ ਕਮਿਸ਼ਨਰ), ਮੈਰੀ ਕੈਥਰੀਨ ਜੌਲੀ (ਪਹਿਲੀ ਸਕੱਤਰ), ਇਆਨ ਰੌਸ ਡੇਵਿਡ ਟ੍ਰਾਈਟਸ (ਪਹਿਲਾ ਸਕੱਤਰ), ਐਡਮ ਜੇਮਜ਼ ਚੂਇਪਕਾ (ਪਹਿਲਾ ਸਕੱਤਰ) ਤੇ ਪਾਉਲਾ ਓਰਜੁਏਲਾ (ਪਹਿਲਾ ਸਕੱਤਰ) ਦਾ ਨਾਂ ਸ਼ਾਮਲ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ 19 ਅਕਤੂਬਰ ਰਾਤ 11:59 ਵਜੇ ਤੋਂ ਪਹਿਲਾਂ ਭਾਰਤ ਛੱਡਣ ਦੇ ਆਦੇਸ਼ ਦਿੱਤੇ ਹਨ।
ਇਹੀ ਨਹੀਂ, ਇਸ ਮਗਰੋਂ ਕੈਨੇਡਾ ਸਰਕਾਰ ਵੀ ਐਕਸ਼ਨ ਮੋਡ 'ਚ ਆ ਗਈ ਹੈ ਤੇ ਉਨ੍ਹਾਂ ਨੇ ਵੀ ਭਾਰਤ ਦੇ 6 ਡਿਪਲੋਮੈਟਾਂ ਨੂੰ ਕੈਨੇਡਾ ਛੱਡਣ ਲਈ ਕਹਿ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਭਾਰਤੀ ਡਿਪਲੋਮੈਟਾਂ 'ਤੇ ਗੁਪਤ ਤਰੀਕੇ ਨਾਲ ਕੈਨੇਡੀਅਨ ਨਾਗਰਿਕਾਂ ਦੀ ਜਾਣਕਾਰੀ ਇਕੱਠੀ ਕਰਨ ਤੇ ਉਸ ਮਗਰੋਂ ਭਾਰਤੀ ਖੁਫੀਆ ਏਜੰਸੀਆਂ ਨੂੰ ਭੇਜਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਗੁਪਤ ਜਾਣਕਾਰੀ ਭਾਰਤ ਸਰਕਾਰ ਅਪਰਾਧਿਕ ਤੱਤਾਂ ਨੂੰ ਦਿੰਦੀ ਹੈ, ਜੋ ਕੈਨੇਡਾ 'ਚ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਦੀ ਕੈਨੇਡਾ ਦੀ ਧਰਤੀ 'ਤੇ ਸੁਰੱਖਿਆ ਦੇ ਮਾਮਲੇ 'ਚ ਉਹ ਨਰਮੀ ਨਹੀਂ ਵਰਤਣਗੇ।
ਇਸ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਪ੍ਰੈੱਸ ਕਾਨਫਰੰਸ ਸੱਦੀ ਤੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਕੈਨੇਡਾ ਵਿੱਚ ਭਾਰਤ ਦੀਆਂ ਗਤੀਵਿਧੀਆਂ ਬਾਰੇ ਸਖ਼ਤ ਚਿੰਤਾ ਜ਼ਾਹਰ ਕੀਤੀ। ਟਰੂਡੋ ਨੇ ਕਿਹਾ ਕਿ ਆਰ.ਸੀ.ਐੱਮ.ਪੀ. ਕੋਲ ਸਪੱਸ਼ਟ ਅਤੇ ਪੱਕੇ ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਨ੍ਹਾਂ ਗਤੀਵਿਧੀਆਂ 'ਚ ਗੁਪਤ ਤਰੀਕੇ ਨਾਲ ਦੱਖਣੀ ਏਸ਼ੀਆਈ ਕੈਨੇਡੀਅਨਾਂ, ਖ਼ਾਸ ਤੌਰ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ, ਡਰਾਉਣਾ ਤੇ ਕਤਲ ਕਰਨਾ ਤੱਕ ਸ਼ਾਮਲ ਹੈ ਤੇ ਅਜਿਹਾ ਕਰ ਕੇ ਭਾਰਤ ਦਾ ਕੈਨੇਡਾ ਨਾਲ ਕੂਟਨੀਤਿਕ ਵਿਵਾਦ ਵਧਦਾ ਜਾ ਰਿਹਾ ਹੈ।
ਟਰੂਡੋ ਨੇ ਅੱਗੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਇਸ ਮਾਮਲੇ 'ਚ ਭਾਰਤੀ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ, ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਭਾਰਤ ਵੱਲੋਂ ਨਕਾਰ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕਾਰਵਾਈ 'ਚ ਅਜਿਹਾ ਵਰਤਾਓ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਇਹ ਵਰਤਾਓ ਅਗਲੇਰੀ ਕਾਰਵਾਈ 'ਚ ਰੁਕਾਵਟ ਵੀ ਪਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸੇ ਕਾਰਨ ਕੈਨੇਡੀਅਨ ਅਧਿਕਾਰੀਆਂ ਨੇ ਇਹ ਸਖ਼ਤ ਕਦਮ ਚੁੱਕਿਆ। ਆਰ.ਸੀ.ਐੱਮ.ਪੀ. ਨੇ ਸਬੂਤ ਸਾਂਝੇ ਕਰਨ ਲਈ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਭਾਰਤ ਸਰਕਾਰ ਦੇ 6 ਏਜੰਟ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ, ''ਭਾਰਤ ਤੇ ਕੈਨੇਡਾ ਵਿਚਾਲੇ ਲੰਬੇ ਸਮੇਂ ਤੋਂ ਸ਼ਾਂਤੀਪੂਰਨ ਤੇ ਦੋਸਤਾਨਾ ਸਬੰਧ ਰਹੇ ਹਨ। ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਅਸੀਂ ਪਹਿਲਾਂ ਵਾਂਗ ਵਰਤਾਓ ਨਹੀਂ ਕਰ ਸਕਦੇ। ਕੈਨੇਡਾ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਪੂਰਾ ਸਤਿਕਾਰ ਕਰਦਾ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਕੈਨੇਡਾ ਦੀ ਪ੍ਰਭੂਸੱਤਾ ਦਾ ਸਤਿਕਾਰ ਕਰੇ। ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਦਾ ਯਕੀਨ ਦਿਵਾਵਾਂ, ਜੋ ਇਸ ਸਮੇਂ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਘਬਰਾਏ ਹੋਏ ਹਨ ਤੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿਵਾਵਾਂ।''
ਇਹ ਵੀ ਪੜ੍ਹੋ- ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਮੁੜ ਆਈ ਕੜਵਾਹਟ, ਜਾਣੋ ਆਖ਼ਿਰ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਸੀ ਪੂਰਾ ਮਾਮਲਾ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਹਿਰਾਇਚ ਹਿੰਸਾ 'ਚ ਇੱਕ ਵਿਅਕਤੀ ਦੀ ਮੌਤ, ਅੱਜ ਪੀੜਤ ਪਰਿਵਾਰ ਨੂੰ ਮਿਲਣਗੇ CM ਯੋਗੀ
NEXT STORY