ਨੈਸ਼ਨਲ ਡੈਸਕ- ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦੌਰਾਨ 26 ਅਗਸਤ ਨੂੰ ਅਚਾਨਕ ਬੱਦਲ ਫਟਣ ਅਤੇ ਉਸ ਤੋਂ ਬਾਅਦ ਜ਼ਮੀਨ ਖਿਚਕਣ ਕਾਰਨ ਕਈ ਸ਼ਰਧਾਲੂਆਂ ਦੀ ਜਾਨ ਗਈ। ਇਸ ਦੁੱਖਦਾਈ ਘਟਨਾ 'ਤੇ ਸ਼੍ਰਾਈਨ ਬੋਰਡ (SMVDSB) ਨੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਮੀਡੀਆ ਰਿਪੋਰਟਾਂ ਨੂੰ ਗਲਤ ਤੇ ਬੇਬੁਨਿਆਦ ਕਰਾਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਯਾਤਰਾ ਮੌਸਮ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਕੇ ਜਾਰੀ ਰੱਖੀ ਗਈ ਸੀ।
ਬੋਰਡ ਨੇ ਸਪਸ਼ਟ ਕੀਤਾ ਕਿ 26 ਅਗਸਤ ਦੀ ਸਵੇਰ 10 ਵਜੇ ਤੱਕ ਮੌਸਮ ਬਿਲਕੁਲ ਸਾਫ਼ ਸੀ ਅਤੇ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਸੀ। ਇਥੋਂ ਤੱਕ ਕਿ ਹੈਲੀਕਾਪਟਰ ਸੇਵਾਵਾਂ ਵੀ ਸਧਾਰਨ ਤਰੀਕੇ ਨਾਲ ਚਲ ਰਹੀਆਂ ਸਨ। ਮੌਸਮ ਵਿੱਚ ਬਦਲਾਅ ਦੀ ਜਾਣਕਾਰੀ ਮਿਲਦੇ ਹੀ ਯਾਤਰੀਆਂ ਦੀ ਰਜਿਸਟ੍ਰੇਸ਼ਨ ਤੁਰੰਤ ਰੋਕ ਦਿੱਤੀ ਗਈ ਸੀ ਅਤੇ ਜ਼ਿਆਦਾਤਰ ਸ਼ਰਧਾਲੂ ਦਰਸ਼ਨ ਕਰਨ ਤੋਂ ਬਾਅਦ ਹੇਠਾਂ ਉਤਰ ਰਹੇ ਸਨ।
ਬੋਰਡ ਨੇ ਦੱਸਿਆ ਕਿ ਨਵਾਂ ਟਰੈਕ (ਕਟਰਾ ਤੋਂ ਅਧਕੁਆਰੀ ਤੱਕ ਤਰਕੋਟੇ ਰਾਹੀਂ), ਜੋ ਜ਼ਮੀਨ ਖਿਸਕਣ ਲਈ ਸੰਵੇਦਨਸ਼ੀਲ ਹੈ, 24 ਅਗਸਤ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ। ਪੁਰਾਣਾ ਟਰੈਕ, ਜੋ ਦਹਾਕਿਆਂ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ, ਨਜ਼ਦੀਕੀ ਨਿਗਰਾਨੀ ਹੇਠ ਖੁੱਲ੍ਹਾ ਰੱਖਿਆ ਗਿਆ ਸੀ। ਪਰ 26 ਅਗਸਤ ਦੁਪਹਿਰ 12 ਵਜੇ ਤੋਂ ਯਾਤਰਾ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ।
ਜ਼ਮੀਨ ਖਿਸਕਣ ਦੀ ਦੁੱਖਦਾਈ ਘਟਨਾ ਇੰਦਰਪ੍ਰਸਥ ਭੋਜਨਾਲਯਾ ਦੇ ਨੇੜੇ ਹੋਈ, ਜਿੱਥੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਪਰ 2:40 ਵਜੇ ਅਚਾਕਨ ਜ਼ਮੀਨ ਖਿਸਕਣ ਕਾਰਨ 50 ਮੀਟਰ ਦੇ ਖੇਤਰ ਵਿੱਚ ਵੱਡਾ ਹਾਦਸਾ ਵਾਪਰ ਗਿਆ। ਬੋਰਡ ਦੇ ਮੁਤਾਬਕ ਇਹ ਕੁਦਰਤੀ ਕਹਿਰ ਸੀ, ਜਿਸਦਾ ਪਹਿਲਾਂ ਤੋਂ ਅਨੁਮਾਨ ਲਗਾਉਣਾ ਸੰਭਵ ਨਹੀਂ ਸੀ।
ਘਟਨਾ ਤੋਂ ਤੁਰੰਤ ਬਾਅਦ ਬੋਰਡ ਦੀ ਡਿਜ਼ਾਸਟਰ ਮੈਨੇਜਮੈਂਟ ਟੀਮ, ਜ਼ਿਲ੍ਹਾ ਪ੍ਰਸ਼ਾਸਨ, ਜੰਮੂ-ਕਸ਼ਮੀਰ ਪੁਲਸ, CRPF, ਫੌਜ, NDRF, SDRF ਅਤੇ ਸੇਵਾਦਾਰਾਂ ਨੇ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ। 18 ਜ਼ਖ਼ਮੀ ਯਾਤਰੀਆਂ ਨੂੰ ਪਹਿਲੀ ਮਦਦ ਦੇ ਕੇ ਸ਼੍ਰਾਈਨ ਬੋਰਡ ਦੇ ਕਾਕਰਿਆਲ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਸੁਪਰਸਪੈਸ਼ਲਟੀ ਇਲਾਜ ਦਿੱਤਾ ਜਾ ਰਿਹਾ ਹੈ। ਫਸੇ ਹੋਏ ਯਾਤਰੀਆਂ ਨੂੰ ਤਰਕੋਟ ਮਾਰਗ ਰਾਹੀਂ ਸੁਰੱਖਿਅਤ ਤਰੀਕੇ ਨਾਲ ਕਟਰਾ ਵਾਪਸ ਲਿਆਂਦਾ ਗਿਆ।
ਸ਼੍ਰਾਈਨ ਬੋਰਡ ਨੇ ਕਿਹਾ ਹੈ ਕਿ ਉਸ ਨੇ ਹਮੇਸ਼ਾਂ ਦੀ ਤਰ੍ਹਾਂ ਮੌਸਮ ਪੇਸ਼ਗੋਈਆਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਸਨ। ਇਸ ਘਟਨਾ ਨੂੰ ਪੂਰੀ ਤਰ੍ਹਾਂ ਕੁਦਰਤੀ ਆਫ਼ਤ (Force Majeure) ਦੱਸਦੇ ਹੋਏ, ਬੋਰਡ ਨੇ ਕਿਹਾ ਕਿ ਇਹ ਮਨੁੱਖੀ ਨਿਯੰਤਰਣ ਤੋਂ ਬਾਹਰ ਸੀ।
ਜੰਮੂ ਅਤੇ ਕਸ਼ਮੀਰ ਦੇ ਸੂਚਨਾ ਅਤੇ ਪੀਆਰ ਵਿਭਾਗ ਦੇ ਅਧਿਕਾਰਤ ਅਕਾਊਂਟ 'ਤੇ ਪੋਸਟ ਲਿਖਿਆ, 'ਬੋਰਡ ਨੇ ਹਮੇਸ਼ਾ ਅਧਿਕਾਰਤ ਮੌਸਮ ਭਵਿੱਖਬਾਣੀਆਂ ਅਤੇ ਸਲਾਹਾਂ ਦੇ ਅਨੁਸਾਰ ਸਖ਼ਤੀ ਨਾਲ ਕੰਮ ਕੀਤਾ ਹੈ, ਜਿਸ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਇਸਦੀ ਸਭ ਤੋਂ ਵੱਡੀ ਤਰਜੀਹ ਹੈ। ਸ਼੍ਰਾਈਨ ਬੋਰਡ ਇਸ ਦੁੱਖ ਦੀ ਘੜੀ ਵਿੱਚ ਸੋਗ ਮਨਾਉਣ ਵਾਲੇ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜ਼ਖਮੀਆਂ ਨੂੰ ਸਭ ਤੋਂ ਵਧੀਆ ਡਾਕਟਰੀ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਸ਼੍ਰਾਈਨ ਬੋਰਡ ਮਾਤਾ ਵੈਸ਼ਨੋ ਦੇਵੀ ਨੂੰ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹੈ।'
ਖੁੱਲ੍ਹੇ ਨਾਲੇ 'ਚ ਡਿੱਗਿਆ ਸਕੂਟਰੀ ਸਵਾਰ ਨੌਜਵਾਨ, ਘਟਨਾ ਦੀ ਵੀਡੀਓ ਵਾਇਰਲ
NEXT STORY