ਇੰਟਰਨੈਸ਼ਨਲ ਡੈਸਕ- ਇਕ ਪਾਸੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ ਹੋਇਆ ਹੈ, ਉੱਥੇ ਹੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 60 ਸਾਲਾ ਭਾਰਤੀ ਮੂਲ ਦੀ ਔਰਤ ਬਬਲੀ ਕੌਰ ਨੂੰ ਉਸ ਦੀ ਗ੍ਰੀਨ ਕਾਰਡ ਪ੍ਰਕਿਰਿਆ ਦੇ ਆਖਰੀ ਪੜਾਅ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਮਗਰੋਂ ਉਸ ਦੇ ਪਰਿਵਾਰ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਬਬਲੀ ਕੌਰ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਲੌਂਗ ਬੀਚ ਵਿੱਚ ਆਪਣੇ ਪਤੀ ਨਾਲ ਮਿਲ ਕੇ ਪਿਛਲੇ ਕਰੀਬ 20 ਸਾਲਾਂ ਤੋਂ ਇੱਕ ਰੈਸਟੋਰੈਂਟ ਚਲਾ ਰਹੀ ਹੈ।
ਜਾਣਕਾਰੀ ਅਨੁਸਾਰ ਬਬਲੀ ਕੌਰ ਨੂੰ 1 ਦਸੰਬਰ 2025 ਨੂੰ ਉਸ ਦੀ ਗ੍ਰੀਨ ਕਾਰਡ ਐਪਲੀਕੇਸ਼ਨ ਨਾਲ ਸਬੰਧਤ ਇੱਕ ਰੂਟੀਨ ਬਾਇਓਮੈਟ੍ਰਿਕਸ ਅਪਾਇੰਟਮੈਂਟ ਲਈ ਗਈ ਹੋਈ ਸੀ ਕਿ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਏਜੰਟਾਂ ਨੇ ਉਸ ਨੂੰ ਅਚਾਨਕ ਹਿਰਾਸਤ ਵਿੱਚ ਲਿਆ। ਬਬਲੀ ਦੀ ਧੀ ਜੋਤੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿੱਥੇ ਲਿਜਾਇਆ ਗਿਆ ਹੈ।
ਜੋਤੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੀ ਮਾਂ ਨੂੰ ਹੱਥਾਂ-ਪੈਰਾਂ ਵਿੱਚ ਹੱਥਕੜੀਆਂ ਲਾ ਕੇ ਮਰਦਾਂ ਨਾਲ ਭਰੀ ਇੱਕ ਵੈਨ ਵਿੱਚ ਬਿਠਾਇਆ ਗਿਆ ਸੀ, ਜਦਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ। ਬਬਲੀ ਕੌਰ ਨੂੰ ਰਾਤੋ-ਰਾਤ ਐਡਲੈਂਟੋ ਟਰਾਂਸਫਰ ਕਰ ਦਿੱਤਾ ਗਿਆ, ਜੋ ਕਿ ਇੱਕ ਪੁਰਾਣੀ ਫੈਡਰਲ ਜੇਲ੍ਹ ਹੈ, ਜਿਸ ਨੂੰ ਹੁਣ ICE ਹਿਰਾਸਤ ਕੇਂਦਰ ਵਜੋਂ ਵਰਤਿਆ ਜਾਂਦਾ ਹੈ।
ਪਰਿਵਾਰ ਦੇ ਅਨੁਸਾਰ ਕੌਰ ਨੂੰ ਇੱਕ ਵੱਡੇ ਡਾਰਮ ਵਰਗੇ ਕਮਰੇ ਵਿੱਚ ਦਰਜਨਾਂ ਹੋਰ ਕੈਦੀਆਂ ਨਾਲ ਰੱਖਿਆ ਗਿਆ ਹੈ, ਜਿੱਥੇ ਲਗਾਤਾਰ ਸ਼ੋਰ ਅਤੇ ਰਾਤ ਭਰ ਜਗਦੀਆਂ ਲਾਈਟਾਂ ਕਾਰਨ ਸੌਣਾ ਮੁਸ਼ਕਲ ਹੈ। ਉਸ ਦੀ ਧੀ ਨੇ ਕਿਹਾ ਹੈ ਕਿ ਉਹ ਜਗ੍ਹਾ ਰਹਿਣ ਦੇ ਲਾਇਕ ਨਹੀਂ ਹੈ ਤੇ ਜਿਸ ਤਰ੍ਹਾਂ ਉਸ ਦੀ ਮਾਂ ਨੂੰ ਰੱਖਿਆ ਗਿਆ ਹੈ, ਇਹ ਬਹੁਤ ਅਣਮਨੁੱਖੀ ਹੈ। ਲੌਂਗ ਬੀਚ ਦੀ ਨੁਮਾਇੰਦਗੀ ਕਰ ਰਹੇ ਡੈਮੋਕਰੇਟਿਕ ਕਾਂਗਰਸੀ ਰੌਬਰਟ ਗਾਰਸੀਆ ਨੇ ਕੌਰ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ ਅਤੇ ਉਸ ਦਾ ਪਰਿਵਾਰ ਜ਼ਮਾਨਤ (ਬਾਂਡ) 'ਤੇ ਉਸ ਦੀ ਰਿਹਾਈ ਲਈ ਕਾਨੂੰਨੀ ਕਾਗਜ਼ਾਤ ਤਿਆਰ ਕਰ ਰਿਹਾ ਹੈ।
ਗੋਆ ਨਾਈਟ ਕਲੱਬ ਅਗਨੀਕਾਂਡ : ਦਿੱਲੀ ਤੋਂ ਗੋਆ ਲਿਆਂਦੇ ਗਏ ਲੂਥਰਾ ਭਰਾ
NEXT STORY