ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ 'ਤੇ ਗੌਰ ਕਰਨਗੇ ਕਿ 'ਨਸ਼ੇ 'ਚ ਹੋਣ ਕਾਰਨ' ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ 'ਤੇ ਦਿੱਲੀ ਆਉਣ ਵਾਲੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ। ਮੰਤਰੀ ਨੇ ਜ਼ੋਰ ਦਿੱਤਾ ਕਿ ਤੱਥਾਂ ਦੀ ਪੁਸ਼ਟੀ ਕਰਨਾ ਮਹੱਤਵਪੂਰਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ 'ਤੇ ਲੁਫਥਾਂਸਾ ਦੇ ਜਹਾਜ਼ ਤੋਂ ਇਸ ਲਈ ਉਤਾਰਿਆ ਗਿਆ, ਕਿਉਂਕਿ ਉਹ ਨਸ਼ੇ 'ਚ ਸਨ।

ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ 'ਚ ਜਾਂਚ ਦੀ ਮੰਗ ਕਰਦੇ ਹੋਏ ਸਿੰਧੀਆ ਨੂੰ ਪੱਤਰ ਲਿਖਿਆ ਹੈ। ਸਿੰਧੀਆ ਨੇ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨੂੰ ਕਿਹਾ,''ਇਹ ਘਟਨਾ ਕੌਮਾਂਤਰੀ ਧਰਤੀ 'ਤੇ ਹੋਈ ਹੈ। ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਅਸੀਂ ਤੱਥਾਂ ਦੀ ਪੁਸ਼ਟੀ ਕਰੀਏ। ਇਹ ਹਵਾਬਾਜ਼ੀ ਕੰਪਨੀ ਲੁਫਥਾਂਸਾ 'ਤੇ ਹੈ ਕਿ ਉਹ ਵੇਰਵਾ ਪੇਸ਼ ਕਰੇ। ਮੈਨੂੰ ਜੋ ਅਪੀਲ ਭੇਜੀ ਗਈ ਹੈ, ਮੈਂ ਯਕੀਨੀ ਰੂਪ ਨਾਲ ਉਸ 'ਤੇ ਗੌਰ ਕਰਾਂਗਾ।'' ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ। ਮਾਨ ਜਰਮਨੀ ਦੀ 8 ਦਿਨਾਂ ਯਾਤਰਾ ਤੋਂ ਸੋਮਵਾਰ ਨੂੰ ਪਰਤੇ। ਉਹ ਨਿਵੇਸ਼ ਆਕਰਸ਼ਿਤ ਕਰਨ ਦੇ ਮਕਸਦ ਨਾਲ ਜਰਮਨੀ ਗਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੰਗਾਲ ’ਚ ਕੇਂਦਰੀ ਏਜੰਸੀਆਂ ਦੀਆਂ ਵਧੀਕੀਆਂ ਖ਼ਿਲਾਫ ਮਤਾ ਪਾਸ, ਮਮਤਾ ਨੇ PM ਬਾਰੇ ਆਖੀ ਇਹ ਗੱਲ
NEXT STORY