ਨਵੀਂ ਦਿੱਲੀ- ਭਾਰਤ ਦੀ ਮੇਜ਼ਬਾਨੀ ਹੇਠ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਦੋ-ਦਿਨਾ 18ਵਾਂ 'ਬ੍ਰਿਕਸ ਸਿਖਰ ਸੰਮੇਲਨ' ਸਫ਼ਲਤਾਪੂਰਵਕ ਸਮਾਪਤ ਹੋ ਗਿਆ ਹੈ। ਇਸ ਮਗਰੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਐਤਵਾਰ ਨੂੰ ਚੀਨ ਲਈ ਰਵਾਨਾ ਹੋ ਗਏ ਹਨ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਹੋਈ ਦੁਵੱਲੀ ਬੈਠਕ 'ਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਰਣਨੀਤਕ ਦ੍ਰਿਸ਼ਟੀਕੋਣ ਨਾਲ ਅੱਗੇ ਵਧਣ 'ਤੇ ਖ਼ਾਸ ਜ਼ੋਰ ਦਿੱਤਾ ਗਿਆ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਭਾਰਤ ਅਤੇ ਚੀਨ ਨੂੰ ਆਪਣੇ ਦੁਵੱਲੇ ਸਬੰਧਾਂ ਨੂੰ ਲੰਬੇ ਸਮੇਂ ਦੇ ਵਿਕਾਸ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਤਭੇਦਾਂ ਦੇ ਬਾਵਜੂਦ ਦੋਵੇਂ ਦੇਸ਼ ਸਾਂਝੇ ਵਿਕਾਸ ਲਈ ਇੱਕ-ਦੂਜੇ ਦਾ ਸਹਿਯੋਗ ਕਰਦੇ ਰਹੇ ਹਨ। ਸ਼ੀ ਜਿਨਪਿੰਗ ਨੇ ਜ਼ਿਕਰ ਕੀਤਾ ਕਿ 12 ਸਾਲਾਂ ਵਿੱਚ ਇਹ ਉਨ੍ਹਾਂ ਦਾ ਦੂਜਾ ਦਿੱਲੀ ਦੌਰਾ ਹੈ ਅਤੇ ਇਸ ਦੌਰਾਨ ਦੋਵਾਂ ਨੇਤਾਵਾਂ ਦੀਆਂ 20 ਤੋਂ ਵੱਧ ਮੁਲਾਕਾਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਅਹਿਮ ਮੁੱਦਿਆਂ 'ਤੇ ਸਹਿਮਤੀ ਬਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬ੍ਰਿਕਸ ਸੰਮੇਲਨ 'ਚ ਸ਼ੀ ਜਿਨਪਿੰਗ ਦੇ ਹੁੰਗਾਰੇ ਅਤੇ ਭਾਰਤ ਦੀ ਮੇਜ਼ਬਾਨੀ ਦੌਰਾਨ ਚੀਨ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ 7 ਸਾਲਾਂ ਦੌਰਾਨ ਚੀਨੀ ਰਾਸ਼ਟਰਪਤੀ ਦਾ ਇਹ ਪਹਿਲਾ ਭਾਰਤ ਦੌਰਾ ਸੀ। ਸਾਲ 2020 'ਚ ਗਲਵਾਨ ਘਾਟੀ 'ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈਆਂ ਝੜਪਾਂ ਕਾਰਨ ਰਿਸ਼ਤੇ ਕਾਫ਼ੀ ਤਣਾਅਪੂਰਨ ਦੌਰ 'ਚੋਂ ਗੁਜ਼ਰ ਰਹੇ ਸਨ। ਬ੍ਰਿਕਸ ਦੌਰੇ ਦੌਰਾਨ ਭਾਰਤ ਆਏ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਮਗਰੋਂ ਉਮੀਦ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਹੁਣ ਘਟ ਸਕਦਾ ਹੈ।
ਸਿਲਵਰਸਟੋਨ ਟ੍ਰੈਕ 'ਤੇ ਮਿਲੇ 'ਥਾਲਾ' ਅਜੀਤ ਤੇ 'ਥਾਲਾਪਤੀ' ਵਿਜੇ, ਵੀਡੀਓ ਵਾਇਰਲ
NEXT STORY