ਕੀ ਤੁਹਾਡੇ ਨਾਲ ਹਮੇਸ਼ਾ ਇੰਝ ਹੁੰਦਾ ਹੈ ਕਿ ਤੁਹਾਡਾ ਮਨਪਸੰਦ ਕਾਮੇਡੀ ਸ਼ੋਅ ਚੱਲ ਰਿਹਾ ਹੈ ਪਰ ਤੁਸੀਂ ਟੀ. ਵੀ. ਦੇ ਸਾਹਮਣੇ ਬੈਠ ਕੇ ਊਂਘ ਰਹੇ ਹੋ? ਕੀ ਤੁਸੀਂ ਦੂਜੀ ਮੰਜ਼ਿਲ 'ਤੇ ਆਪਣੇ ਘਰ ਤਕ ਜਾਣ ਵਾਲੀਆਂ 20 ਪੌੜੀਆਂ ਤੋਂ ਨਫਰਤ ਕਰਦੇ ਹੋ। ਕੀ ਤੁਸੀਂ ਦੁਪਹਿਰ ਤੋਂ ਪਹਿਲਾਂ ਊਰਜਾਵਾਨ ਤੇ ਲੰਚ ਪਿੱਛੋਂ ਥੱਕੇ-ਥੱਕੇ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਬੈੱਡ ਤੋਂ ਉੱਠਣਾ ਬੁਰਾ ਲੱਗਦਾ ਹੈ। ਕੀ ਤੁਸੀਂ 8 ਘੰਟਿਆਂ ਦੀ ਨੀਂਦ ਲਈ ਹੈ ਅਤੇ ਉਹ ਤੁਹਾਨੂੰ ਲੋੜੀਂਦੀ ਨਹੀਂ ਲੱਗਦੀ? ਜੇਕਰ ਤੁਸੀਂ ਇੰਝ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਕੱਲੀ ਅਜਿਹੀ ਔਰਤ ਨਹੀਂ ਹੋ। ਸ਼ਹਿਰਾਂ ਵਿਚ ਆਮ ਤੌਰ 'ਤੇ ਦੁਹਰਾਇਆ ਜਾਂਦਾ ਹੈ ਕਿ 'ਮੈਂ ਬਹੁਤ ਥੱਕੀ ਹੋਈ ਹਾਂ।' ਹਲਕੀ ਥਕਾਵਟ ਅਤੇ ਗੰਭੀਰ ਥਕਾਵਟ 'ਚੋਂ ਤੁਸੀਂ ਖੁਦ ਨੂੰ ਕਿਸ ਦੀ ਸ਼ਿਕਾਰ ਮਹਿਸੂਸ ਕਰਦੇ ਹੋ ਅਤੇ ਅਸਲ ਵਿਚ ਤੁਹਾਡੇ ਨਾਲ ਗਲਤ ਕੀ ਹੋ ਰਿਹਾ ਹੈ?
ਊਰਜਾ ਦਾ ਸੰਚਾਰ
ਸਿਹਤਮੰਦ ਊਰਜਾ ਦਾ ਨਿਰਮਾਣ ਸਿਹਤ ਵਧਾਊ ਪਾਚਨ ਪ੍ਰਣਾਲੀ ਨਾਲ ਸ਼ੁਰੂ ਹੁੰਦਾ ਹੈ। ਇਕ ਜਾਂ ਦੋ ਵਾਰ ਭਾਰੀ ਭੋਜਨ ਦੀ ਬਜਾਏ ਦਿਨ ਵਿਚ ਕਈ ਵਾਰ ਹਲਕਾ-ਫੁਲਕਾ ਭੋਜਨ ਖਾਓ, ਜਿਸ ਵਿਚ ਸਾਬਤ ਅਨਾਜ, ਓਟਸ, ਪੁੰਗਰੇ ਖਾਧ ਪਦਾਰਥ ਅਤੇ ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਸ਼ਾਮਲ ਹੋਣ। ਥਕਾਵਟ ਦੂਰ ਕਰਨ ਲਈ ਵਿਨੇਗਰ (ਸਿਰਕਾ) ਵੀ ਕਾਫੀ ਸਹਾਇਕ ਹੁੰਦਾ ਹੈ।
ਇਕ ਗਲਾਸ ਠੰਡੇ ਪਾਣੀ ਵਿਚ ਇਕ ਜਾਂ ਦੋ ਛੋਟੇ ਚੱਮਚ ਐਪਲ ਸਾਈਡਰ ਵਿਨੇਗਰ ਪਾਓ ਅਤੇ ਹੌਲੀ-ਹੌਲੀ ਪੀਓ। ਜੇਕਰ ਤੁਹਾਨੂੰ ਇਸ ਦਾ ਸਵਾਦ ਚੰਗਾ ਨਾ ਲੱਗੇ ਤਾਂ ਇਸ ਵਿਚ ਖੀਰੇ ਦੇ ਟੁਕੜੇ ਪਾ ਸਕਦੇ ਹੋ।
ਇਸ ਤੋਂ ਇਲਾਵਾ ਅਨਰਿਫਾਈਂਡ ਆਟਾ, ਘੱਟ ਗਲਾਈਸੈਮਿਕ ਇੰਡੈਕਸ ਵਾਲੇ ਖਾਧ ਪਦਾਰਥ ਅਤੇ ਘੱਟ ਸ਼ੂਗਰ ਵਾਲੀਆਂ ਚੀਜ਼ਾਂ ਨੂੰ ਆਪਣੇ ਖਾਣੇ ਵਿਚ ਸ਼ਾਮਲ ਕਰੋ। ਫੂਡ ਐਲਰਜੀ ਨਾਲ ਵੀ ਤੁਹਾਡੀ ਊਰਜਾ ਨਸ਼ਟ ਹੁੰਦੀ ਹੈ। ਜੇਕਰ ਤੁਸੀਂ ਖਾਣੇ ਤੋਂ ਬਾਅਦ ਇਕਦਮ ਥੱਕੇ ਹੋਏ ਮਹਿਸੂਸ ਕਰਦੇ ਹੋ ਤਾਂ ਆਪਣੀ ਜਾਂਚ ਕਰਵਾਓ।
ਕਸਰਤ ਨਾਲ ਮਿਲਦੀ ਹੈ ਮਦਦ
ਥਕਾਵਟ ਤੋਂ ਰਾਹਤ ਹਾਸਲ ਕਰਨ ਲਈ ਹਿਲਦੇ-ਜੁਲਦੇ ਰਹੋ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਹਾਡਾ ਮੈਟਾਬੋਲਿਕ ਰੇਟ ਘਟ ਜਾਂਦਾ ਹੈ ਅਤੇ ਤੁਸੀਂ ਘੱਟ ਕੈਲੋਰੀਜ਼ ਬਰਨ ਕਰਦੇ ਹੋ। ਇਸੇ ਕਾਰਨ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ।
ਬੋਰ ਹੋਣ ਤੋਂ ਬਚੋ
ਜਦੋਂ ਤੁਸੀਂ ਬੋਰ ਹੁੰਦੇ ਹੋ ਤਾਂ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ। ਜਦੋਂ ਤੁਸੀਂ ਕਿਸੇ ਸੰਗੀਤ ਸਮਾਗਮ ਵਿਚ ਘੰਟਿਆਂਬੱਧੀ ਆਨੰਦ ਮਾਣਦੇ ਹੋ ਤਾਂ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਪਰ ਜਦੋਂ ਤੁਸੀਂ ਰੇਲ ਦਾ ਸਫਰ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ। ਬੋਰੀਅਤ ਤੁਹਾਡੇ ਮੂਡ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਨਾਲ ਹੀ ਇਸ ਗੱਲ ਨੂੰ ਵੀ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ। ਆਪਣੇ ਬਾਰੇ ਨਕਾਰਾਤਮਕ ਵਿਚਾਰਾਂ ਨਾਲ ਸਰੀਰਕ ਥਕਾਵਟ ਹੋਣ ਲੱਗਦੀ ਹੈ। ਇਸ ਲਈ ਆਪਣੇ ਵਾਤਾਵਰਣ ਨੂੰ ਤਾਜ਼ਾ ਬਣਾਈ ਰੱਖੋ। ਆਪਣੇ ਕੰਮ ਵਿਚ ਵੰਨਗੀ ਲਿਆਓ ਅਤੇ ਬ੍ਰੇਕ ਲੈਂਦੇ ਰਹੋ।
ਨੀਂਦ ਦਾ ਪ੍ਰਭਾਵ
ਤੁਹਾਡੇ ਲਈ ਰਾਤ ਦੇ ਸਮੇਂ ਘੱਟੋ-ਘੱਟ 8 ਘੰਟੇ ਨੀਂਦ ਲੈਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੁਝ ਮਾਹਿਰ ਦਿਨ ਦੌਰਾਨ ਇਕ ਹਲਕੀ ਝਪਕੀ ਲੈਣ ਦਾ ਸੁਝਾਅ ਵੀ ਦਿੰਦੇ ਹਨ। ਦਿਨ ਦੇ ਸਮੇਂ ਜੇਕਰ ਤੁਸੀਂ ਸੌਂ ਨਾ ਸਕੋ ਤਾਂ ਵੀ 10 ਜਾਂ 20 ਮਿੰਟਾਂ ਲਈ ਆਪਣੀਆਂ ਅੱਖਾਂ ਬੰਦ ਕਰੋ, ਚੰਗਾ ਸੰਗੀਤ ਸੁਣੋ ਜਾਂ ਮੈਡੀਟੇਸ਼ਨ ਕਰੋ। ਇਸ ਨਾਲ ਤੁਹਾਡੀ ਬੈਟਰੀ ਰਿਚਾਰਜ ਹੋਵੇਗੀ। ਸਲੀਪ ਐਪਨੀਆ ਨਾਲ ਤੁਹਾਡੀ ਨੀਂਦ ਵਿਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਤੁਸੀਂ ਥੱਕ ਜਾਂਦੇ ਹੋ। ਜੇਕਰ ਤੁਹਾਨੂੰ ਅਜਿਹੀ ਕਿਸੇ ਸਮੱਸਿਆ ਦਾ ਸ਼ੱਕ ਹੋਵੇ ਤਾਂ ਆਪਣਾ ਸਲੀਪ ਟੈਸਟ ਕਰਵਾਓ।
ਵਿਟਾਮਿਨਾਂ ਦੀ ਭੂਮਿਕਾ
ਆਮ ਤੌਰ 'ਤੇ ਥਕਾਵਟ ਆਇਰਨ ਦੀ ਕਮੀ ਅਤੇ ਹੀਮੋਗਲੋਬਿਨ ਦੇ ਨੀਵੇਂ ਪੱਧਰ ਕਾਰਨ ਹੁੰਦੀ ਹੈ। ਜੇਕਰ ਤੁਹਾਨੂੰ ਆਪਣੀ ਚਮੜੀ ਪੀਲੀ ਨਜ਼ਰ ਆਏ, ਆਪਣੀ ਧੜਕਣ ਤੇਜ਼ ਮਹਿਸੂਸ ਹੋਵੇ ਤਾਂ ਆਇਰਨ ਸਪਲੀਮੈਂਟਸ ਅਤੇ ਆਇਰਨ ਭਰਪੂਰ ਡਾਈਟ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਹਾਸਲ ਕਰਨ ਵਿਚ ਸਹਾਇਕ ਹੋ ਸਕਦੀ ਹੈ। ਵਿਟਾਮਿਨ ਬੀ ਦੀ ਕਮੀ ਨਾਲ ਵੀ ਥਕਾਵਟ ਮਹਿਸੂਸ ਹੁੰਦੀ ਹੈ।
ਥਾਇਰਾਇਡ ਵੀ ਹੋ ਸਕਦੈ ਕਾਰਨ
ਸਵੇਰ ਸਮੇਂ ਥਕਾਵਟ ਥਾਇਰਾਇਡ ਦੀ ਕਮਜ਼ੋਰ ਕਾਰਜ ਪ੍ਰਣਾਲੀ ਦਾ ਚਿੰਨ੍ਹ ਹੋ ਸਕਦੀ ਹੈ। ਇਸ ਲਈ ਥਾਇਰਾਇਡ ਦੀ ਜਾਂਚ ਜ਼ਰੂਰ ਕਰਵਾਓ।
... ਅਤੇ ਅਖੀਰ ਵਿਚ
ਜੇਕਰ ਥਕਾਵਟ ਤੁਹਾਨੂੰ 6 ਮਹੀਨਿਆਂ ੋਤੋਂ ਵਧੇਰੇ ਸਮੇਂ ਤੋਂ ਮਹਿਸੂਸ ਹੋ ਰਹੀ ਹੋਵੇ ਅਤੇ ਇਹ ਇੰਨੀ ਗੰਭੀਰ ਹੋਵੇ ਕਿ ਤੁਸੀਂ ਆਪਣੀਆਂ ਰੋਜ਼ਾਨਾ ਦੀਆਂ ਸਰਗਰਮੀਆਂ ਨੂੰ ਵੀ ਮੈਨੇਜ ਨਾ ਕਰ ਸਕਦੇ ਹੋਵੋ ਤਾਂ ਛੇਤੀ ਆਪਣੇ ਡਾਕਟਰ ਨੂੰ ਮਿਲੋ। ਲਗਾਤਾਰ ਹੋਣ ਵਾਲੀ ਥਕਾਵਟ ਕਿਸੇ ਵੱਡੀ ਬੀਮਾਰੀ ਦਾ ਸੰਕੇਤ ਹੋ ਸਕਦੀ ਹੈ।
ਸਾਫਟ ਡਰਿੰਕਸ ਪੀਣ ਤੋਂ ਪਹਿਲਾਂ ਸੋਚੋ!
NEXT STORY