ਛਛੂੰਦਰ ਨਾਂ ਦੇ ਜੀਵ ਤੋਂ ਤਾਂ ਤੁਸੀਂ ਵਾਕਿਫ ਹੀ ਹੋਵੋਗੇ। ਦੁਨੀਆ ਭਰ 'ਚ ਹਰ ਕਿਤੇ ਸਭ ਤੋਂ ਵੱਧ ਗਿਣਤੀ 'ਚ ਪਾਇਆ ਜਾਣ ਵਾਲਾ ਇਹ ਜਾਨਵਰ ਹੀ ਹੈ। ਭਾਰਤ ਵਿਚ ਛਛੂੰਦਰ ਹਰ ਕਿਤੇ ਮਿਲ ਜਾਂਦਾ ਹੈ।
ਛਛੂੰਦਰ ਦੀਆਂ ਲੱਗਭਗ 30 ਕਿਸਮਾਂ ਦੇਖਣ ਨੂੰ ਮਿਲਦੀਆਂ ਹਨ। ਜ਼ਮੀਨ ਦੀਆਂ ਲੰਮੀਆਂ ਦਰਾੜਾਂ ਦੇ ਅੰਦਰ ਜਾਂ ਖੇਤਾਂ ਦੇ ਆਲੇ-ਦੁਆਲੇ ਛਛੂੰਦਰ ਅਕਸਰ ਦੇਖੇ ਜਾ ਸਕਦੇ ਹਨ। ਛਛੂੰਦਰ ਅਕਸਰ ਧਰਤੀ ਦੇ ਹੇਠਾਂ ਡੂੰਘੀ ਸੁਰੰਗ ਬਣਾਉਂਦੇ ਹਨ ਅਤੇ ਆਪਣੀ ਸਾਰੀ ਜ਼ਿੰਦਗੀ ਜ਼ਮੀਨ ਦੇ ਹੇਠਾਂ ਹਨੇਰੇ ਵਿਚ ਹੀ ਬਿਤਾ ਦਿੰਦੇ ਹਨ। ਛਛੂੰਦਰ ਇਕ ਅਜਿਹੀ ਕਿਲੇਨੁਮਾ ਬਸਤੀ ਵਿਚ ਰਹਿੰਦੇ ਹਨ, ਜੋ ਜ਼ਮੀਨ ਦੇ ਹੇਠਾਂ ਖੁਦ ਬਣਾਉਂਦੇ ਹਨ। ਜ਼ਮੀਨ ਵਿਚ ਖੋਦਾਈ ਕਰਨ ਦੇ ਮਾਮਲੇ 'ਚ ਤਾਂ ਛਛੂੰਦਰ ਦਾ ਕੋਈ ਸਾਨੀ ਨਹੀਂ ਹੈ। ਇਸ ਦੀ ਜ਼ਮੀਨ ਨੂੰ ਖੁਰਚਣ ਦੀ ਸਮਰੱਥਾ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਖੇਤ ਵਿਚ ਹੀ 200 ਫੁੱਟ ਤੋਂ ਵੀ ਜ਼ਿਆਦਾ ਲੰਮੀ ਇਕ ਸੁਰੰਗ ਬੜੀ ਆਸਾਨੀ ਨਾਲ ਬਣਾ ਲੈਂਦੇ ਹਨ ਅਤੇ ਇਕ ਮਿੰਟ ਤੋਂ ਵੀ ਘੱਟ ਸਮੇਂ 'ਚ ਇਕ ਖੁੱਡ ਪੁੱਟ ਕੇ ਉਸ ਵਿਚ ਸਮਾ ਸਕਦੇ ਹਨ। ਦਰਅਸਲ ਛਛੂੰਦਰ ਦੇ ਪੰਜੇ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ, ਜਿਨ੍ਹਾਂ ਦਾ ਆਕਾਰ ਕਾਫੀ ਵੱਡਾ ਹੁੰਦਾ ਹੈ।
ਛਛੂੰਦਰ ਦੀਆਂ ਬਣਾਈਆਂ ਸੁਰੰਗਾਂ ਦੀ ਬਣਤਰ ਇੰਨੀ ਜਟਿਲ ਹੁੰਦੀ ਹੈ ਕਿ ਦੂਜੇ ਜਾਨਵਰਾਂ ਲਈ ਇਨ੍ਹਾਂ ਸੁਰੰਗਾਂ ਵਿਚ ਜਾਣਾ ਸੁਰੱਖਿਅਤ ਨਹੀਂ ਹੁੰਦਾ।
ਛਛੂੰਦਰ ਦੇ ਦੰਦ ਵੀ ਇੰਨੇ ਤੇਜ਼ ਹੁੰਦੇ ਹਨ ਕਿ ਇਹ ਆਪਣੇ ਤੋਂ ਵੱਡੇ ਆਕਾਰ ਦੇ ਚੂਹਿਆਂ ਨੂੰ ਇਨ੍ਹਾਂ ਦੀ ਮਦਦ ਨਾਲ ਮਾਰ ਦਿੰਦੇ ਹਨ। ਆਪਣੇ ਜੀਵਨਕਾਲ 'ਚ ਇਕ ਛਛੂੰਦਰ ਆਕਾਰ 'ਚ ਲੱਗਭਗ 6 ਇੰਚ ਤੱਕ ਵਧਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਛਛੂੰਦਰ ਇੰਨਾ ਭੁੱਖਾ ਤੇ ਲਚਕੀਲਾ ਜੀਵ ਹੈ ਕਿ ਜੇਕਰ ਇਹ 12 ਘੰਟਿਆਂ ਤੱਕ ਭੁੱਖਾ ਰਹਿ ਜਾਵੇ ਤਾਂ ਇਹ ਭੁੱਖ ਨਾਲ ਦਮ ਤੋੜ ਜਾਂਦਾ ਹੈ।
ਆਮ ਤੌਰ 'ਤੇ ਲੋਕ ਮੰਨਦੇ ਰਹੇ ਹਨ ਕਿ ਛਛੂੰਦਰ ਦੀਆਂ ਅੱਖਾਂ ਨਹੀਂ ਹੁੰਦੀਆਂ ਪਰ ਇਹ ਸੱਚ ਨਹੀਂ ਹੈ। ਛਛੂੰਦਰ ਦੀਆਂ ਅੱਖਾਂ ਤਾਂ ਹੁੰਦੀਆਂ ਪਰ ਇਹ ਸੱਚ ਹੈ ਕਿ ਇਨ੍ਹਾਂ ਨੂੰ ਦਿਖਾਈ ਬਹੁਤ ਘੱਟ ਦਿੰਦਾ ਹੈ।
ਦਰਅਸਲ, ਇਨ੍ਹਾਂ ਦੀਆਂ ਅੱਖਾਂ ਚਮੜੀ ਅਤੇ ਵਾਲਾਂ ਨਾਲ ਢਕੀਆਂ ਰਹਿੰਦੀਆਂ ਹਨ ਇਸ ਲਈ ਲੋਕ ਸਮਝਦੇ ਹਨ ਕਿ ਛਛੂੰਦਰ ਅੰਨ੍ਹੇ ਹੁੰਦੇ ਹਨ। ਛਛੂੰਦਰ ਦਾ ਰੰਗ ਚੂਹੇ ਵਰਗਾ ਹੁੰਦਾ ਹੈ ਅਤੇ ਇਸ ਦੇ ਵਾਲ ਸਾਫ ਤੇ ਮਖਮਲੀ ਹੁੰਦੇ ਹਨ। ਛਛੂੰਦਰ ਦੇ ਛੋਟੇ-ਛੋਟੇ ਕੰਨ ਹੁੰਦੇ ਹਨ ਪਰ ਇਸ ਦੀ ਗਰਦਨ ਨਹੀਂ ਹੁੰਦੀ। ਇਸ ਦੀ ਗੁਲਾਬੀ ਰੰਗ ਦੀ ਲੱਗਭਗ ਇਕ ਇੰਚ ਲੰਮੀ ਪੂਛ ਹੁੰਦੀ ਹੈ।
ਘੱਟ ਖਰਚੇ 'ਚ ਕਰੋ ਘਰ ਦੀ ਸਜਾਵਟ
NEXT STORY