ਪਰਿਣੀਤੀ ਆਪਣੇ ਹਰ ਰੋਲ ਨੂੰ ਲੈ ਕੇ ਸੰਜੀਦਾ ਰਹਿੰਦੀ ਹੈ ਅਤੇ ਕੈਮਰੇ ਦੇ ਸਾਹਮਣੇ ਜਾਣ ਤੋਂ ਪਹਿਲਾਂ ਹੋਮਵਰਕ ਕਰਦੀ ਹੈ। ਉਹ ਨਿੱਜੀ ਜ਼ਿੰਦਗੀ ਵਿਚ ਬਹੁਤ ਖੁਸ਼ਮਿਜ਼ਾਜ ਹੈ। ਫਿਲਮਾਂ ਵਿਚ ਉਸ ਦੀ ਇਮੇਜ ਬਬਲੀ ਗਰਲ ਜਿਹੀ ਹੈ। ਬਿੰਦਾਸ ਅਤੇ ਚੁਲਬੁਲੀ ਪਰਿਣੀਤੀ ਚੋਪੜਾ ਨਾਲ ਪਿਛਲੇ ਦਿਨੀਂ ਮੁੰਬਈ ਦੇ ਉਪ ਨਗਰ ਅੰਧੇਰੀ ਸਥਿਤ ਯਸ਼ਰਾਜ ਸਟੂਡੀਓ ਵਿਚ ਮੁਲਾਕਾਤ ਹੋਈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਜਿਸ ਤਰ੍ਹਾਂ ਨਾਲ ਅੱਜਕਲ ਆਦਿੱਤਿਆ ਰਾਏ ਕਪੂਰ ਨਾਲ ਤੁਹਾਡੇ ਰਿਲੇਸ਼ਨ ਬਣ ਰਹੇ ਹਨ। ਉਸ ਨੂੰ ਦੇਖਦੇ ਹੋਏ ਸ਼ਰਧਾ ਕਪੂਰ ਤੁਹਾਡੇ ਨਾਲ ਨਾਰਾਜ਼ ਚੱਲ ਰਹੀ ਹੈ?
— ਆਦਿੱਤਿਆ ਨਾਲ ਮੇਰੇ ਕੋਈ ਅਜਿਹੇ ਸੰਬੰਧ ਨਹੀਂ ਹਨ। ਉਨ੍ਹਾਂ ਨਾਲ ਰਿਸ਼ਤਾ ਤਾਂ ਸਿਰਫ ਪ੍ਰੋਫੈਸ਼ਨਲ ਕਲਾਕਾਰ ਵਾਲਾ ਹੀ ਹੈ। ਮੈਂ ਸ਼ਰਧਾ ਨੂੰ ਸਾਫ-ਸਾਫ ਦੱਸ ਦੇਣਾ ਚਾਹੁੰਦੀ ਹੈ ਕਿ ਜੇਕਰ ਆਦਿੱਤਿਆ ਉਸ ਦੇ ਹਨ ਤਾਂ ਹਨ। ਇਸ ਮਾਮਲੇ ਵਿਚ ਮੈਂ ਰੋੜਾ ਨਹੀਂ ਅਟਕਾਵਾਂਗੀ।
* ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ 'ਦਾਵਤ-ਏ-ਇਸ਼ਕ' ਦੇ ਪ੍ਰਮੋਸ਼ਨ ਲਈ ਸ਼ਰਧਾ ਨੇ ਤੁਹਾਡੇ ਦੋਹਾਂ ਦੇ ਇਕੱਠਿਆਂ ਜਾਣ 'ਤੇ ਇਤਰਾਜ਼ ਕੀਤਾ ਸੀ?
— ਸ਼ਰਧਾ ਕਪੂਰ ਇਕ ਚੰਗੀ ਹੀਰੋਇਨ ਹੈ। ਉਸ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਅੱਜ ਇਸੇ ਫਿਲਮ ਦੀ ਕਾਮਯਾਬੀ ਲਈ ਪ੍ਰਮੋਸ਼ਨ ਕਿੰਨੀ ਜ਼ਰੂਰੀ ਹੈ। ਅਸੀਂ ਫਿਲਮ ਸਾਈਨ ਕਰਦੇ ਸਮੇਂ ਜੋ ਕੰਟ੍ਰੈਕਟ ਸਾਈਨ ਕਰਦੇ ਹਾਂ ਉਸ ਵਿਚ ਸਾਫ ਤੌਰ 'ਤੇ ਲਿਖਿਆ ਹੁੰਦਾ ਹੈ ਕਿ ਫਿਲਮ ਦੀ ਪ੍ਰਮੋਸ਼ਨ ਵੀ ਕਰਨੀ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸ਼ਰਧਾ ਨੇ ਇਸ ਤਰ੍ਹਾਂ ਦੀ ਕੋਈ ਸ਼ਰਤ ਆਦਿੱਤਿਆ ਦੇ ਸਾਹਮਣੇ ਰੱਖੀ ਹੋਵੇਗੀ।
* ਹਬੀਬ ਫੈਜ਼ਲ ਨਾਲ ਤੁਸੀਂ 'ਇਸ਼ਕਜ਼ਾਦੇ' ਕਰ ਚੁੱਕੇ ਹੋ। 'ਦਾਵਤ-ਏ-ਇਸ਼ਕ' ਉਨ੍ਹਾਂ ਨਾਲ ਤੁਹਾਡੀ ਦੂਜੀ ਫਿਲਮ ਹੈ। ਕੀ ਅੱਗੇ ਵੀ ਉਨ੍ਹਾਂ ਨਾਲ ਕਿਸੇ ਫਿਲਮ ਵਿਚ ਆਓਗੇ?
— ਹਬੀਬ ਨਾਲ ਪਿਛਲੀਆਂ ਫਿਲਮਾਂ ਦਾ ਤਜਰਬਾ ਬਹੁਤ ਚੰਗਾ ਰਿਹਾ। ਐਕਟਿੰਗ ਬਾਰੇ ਮੈਨੂੰ ਕੁਝ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਇਸ ਵਾਰ ਜਦੋਂ ਮੈਂ ਐਕਟਿੰਗ ਬਾਰੇ ਕਾਫੀ ਕੁਝ ਜਾਣ ਚੁੱਕੀ ਹਾਂ ਤਾਂ ਹਬੀਬ ਨਾਲ ਕੰਮ ਕਰਨਾ ਚੰਗਾ ਲੱਗੇਗਾ।
* ਯਸ਼ਰਾਜ ਬੈਨਰ ਨਾਲ ਬਤੌਰ ਮਾਰਕੀਟਿੰਗ ਐਗਜ਼ੀਕਿਊਟਿਵ ਦੇ ਤੌਰ 'ਤੇ ਜੁੜਨ ਤੋਂ ਬਾਅਦ ਹੁਣ ਇਸੇ ਬੈਨਰ ਦੇ ਸਥਾਈ ਕਲਾਕਾਰ ਹੋ? ਕਿਹੋ ਜਿਹਾ ਮਹਿਸੂਸ ਹੁੰਦਾ ਹੈ?
— ਇਹ ਸਭ ਸੁਪਨੇ ਦੀ ਤਰ੍ਹਾਂ ਲੱਗਦੈ। ਕਦੀ ਕਦੀ ਸੋਚਦੀ ਹਾਂ ਕਿ ਉਸ ਸਮੇਂ ਦਫਤਰ ਜਾਣ ਦੀ ਕਿੰਨੀ ਹੜਬੜਾਹਟ ਹੁੰਦੀ ਸੀ। ਸਵੇਰੇ ਠੀਕ 10 ਵਜੇ ਤੋਂ ਪਹਿਲਾਂ ਹਾਜ਼ਰੀ ਲਈ ਸਟੂਡੀਓ ਦੇ ਗੇਟ 'ਤੇ ਕਾਰਡ ਸਵਾਈਪ ਕਰਨਾ ਹੁੰਦਾ ਸੀ। ਹੁਣ ਆਰਾਮ ਨਾਲ ਆਉਂਦੀ ਹਾਂ।
* ਪਰ ਐਕਟਿੰਗ ਫੀਲਡ ਵਿਚ ਟਾਈਮ ਦੀ ਕਦਰ ਬਹੁਤ ਮਹੱਤਵਪੂਰਨ ਹੁੰਦੀ ਹੈ।
— ਸ਼ੂਟਿੰਗ ਦਾ ਇਕ ਕਾਲ ਟਾਈਮ ਹੁੰਦਾ ਹੈ ਪਰ ਉਸ ਵਿਚ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਰਿਆਇਤ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਜੇਕਰ ਤੁਸੀਂ ਆਪਣੇ ਕੰਮ 'ਤੇ ਬਹੁਤ ਜ਼ਿਆਦਾ ਲੇਟ ਨਹੀਂ ਹੋ ਤਾਂ ਜ਼ਿਆਦਾ ਪ੍ਰੇੇਸ਼ਾਨੀ ਦੀ ਗੱਲ ਨਹੀਂ।
* ਦੂਜੇ ਬੈਨਰਾਂ ਦੇ ਮੁਕਾਬਲੇ ਯਸ਼ਰਾਜ ਬੈਨਰ ਲਈ ਤੁਹਾਡੇ ਦਿਲ 'ਚ ਜੋ ਸ਼ਰਧਾ ਹੈ, ਉਹ ਸਾਫ ਨਜ਼ਰ ਆਉਂਦੀ ਹੈ।
— ਇਹ ਤਾਂ ਹੋਣਾ ਹੀ ਚਾਹੀਦਾ ਹੈ। ਕਿਉਂਕਿ ਇਹ ਬੈਨਰ ਤਾਂ ਮੇਰੇ ਘਰ ਜਿਹਾ ਹੈ। ਇਸ ਨੂੰ ਮੈਂ ਆਪਣਾ ਖੁਦ ਦਾ ਮੰਨ ਕੇ ਕੰਮ ਕਰਦੀ ਹਾਂ। ਅੱਜ ਮੈਂ ਜੋ ਕੁਝ ਵੀ ਹਾਂ ਇਸੇ ਬੈਨਰ ਦੀ ਬਦੌਲਤ ਹਾਂ।
* ਤੁਸੀਂ ਫਿਲਮ ਸਾਈਨ ਕਰਦੇ ਸਮੇਂ ਕਹਾਣੀ, ਦਮਦਾਰ ਰੋਲ ਜਾਂ ਫਿਰ ਬਿਹਤਰ ਡਾਇਰੈਕਟਰ ਕਿਸ ਵੱਲ ਧਿਆਨ ਦਿੰਦੇ ਹੋ?
— ਮੇਰਾ ਇਕ ਹੀ ਫੰਡਾ ਹੈ ਕਿ ਜੋ ਵੀ ਫਿਲਮ ਕਰਾਂ, ਉਸ ਵਿਚ ਮੈਨੂੰ ਖੁਦ ਨੂੰ ਲੱਭਣ ਦੀ ਜ਼ਿਆਦਾ ਲੋੜ ਨਾ ਪਵੇ। ਮੈਂ ਅਜਿਹਾ ਕੰਮ ਕਰਨਾ ਚਾਹੁੰਦੀ ਹਾਂ, ਜਿਸ ਨੂੰ ਦਰਸ਼ਕ ਜ਼ਰੂਰ ਨੋਟਿਸ ਕਰਨ।
* ਤੁਸੀਂ ਟੀ. ਵੀ. ਸ਼ੋਅ 'ਜ਼ੀ ਸਿਨੇ ਸਟਾਰ ਕੀ ਖੋਜ' ਵਿਚ ਬਤੌਰ ਮੈਂਟੋਰ ਨਜ਼ਰ ਆਏ ਸੀ?
— ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਦਰਸ਼ਕ ਮੈਨੂੰ ਇਸ ਵਿਚ ਜੱਜ ਸਮਝਣ ਦੀ ਗਲਤੀ ਕਰ ਰਹੇ ਹਨ ਇਸ ਲਈ ਮੈਂ ਖੁਦ ਹੀ ਇਸ ਸ਼ੋਅ ਤੋਂ ਬਾਹਰ ਹੋ ਗਈ ਕਿਉਂਕਿ ਮੈਨੂੰ ਲੱਗਾ ਕਿ ਇਸ ਸਿੱਖਣ ਦੇ ਦੌਰ ਵਿਚ ਮੈਂ ਨਿਆਂ ਨਹੀਂ ਕਰ ਸਕਾਂਗੀ। ਜੱਜ ਬਣਨ ਲਈ ਲੰਬੇ ਤਜਰਬੇ ਦੀ ਲੋੜ ਹੁੰਦੀ ਹੈ।
* ਆਨ ਸਕ੍ਰੀਨ ਤੁਹਾਡੀ ਬਬਲੀ ਗਰਲ ਦੀ ਇਮੇਜ ਬਣੀ ਹੈ। ਕੀ ਕਹੋਗੇ?
— ਮੈਂ ਇਸ ਤੋਂ ਬਹੁਤ ਖੁਸ਼ ਹਾਂ। ਮੈਂ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਕਰ ਰਹੀ ਹੈ ਅਤੇ ਕਰਦੀ ਵੀ ਰਹਾਂਗੀ। ਕਿਸੇ ਵੀ ਖਾਸ ਕਿਸਮ ਦੀ ਇਮੇਜ ਵਿਚ ਬੱਝ ਕੇ ਕਲਾਕਾਰ ਦੀ ਤਰੱਕੀ ਰੁਕ ਜਾਂਦੀ ਹੈ।
* ਤੁਸੀਂ ਆਪਣੀ ਕਜ਼ਨ ਪ੍ਰਿਯੰਕਾ ਚੋਪੜਾ ਦੀ ਤਰ੍ਹਾਂ ਖੂਬਸੂਰਤ ਤੇ ਗਲੈਮਰਸ ਨਹੀਂ ਹੋ?
— ਪ੍ਰਿਯੰਕਾ ਦੀ ਖੂਬਸੂਰਤੀ 'ਤੇ ਸਾਰੇ ਹਿੰਦੋਸਤਾਨ ਨੂੰ ਮਾਣ ਹੈ ਅਤੇ ਉਹ ਮਿਸ ਵਰਲਡ ਰਹਿ ਚੁੱਕੀ ਹੈ ਪਰ ਮੈਨੂੰ ਇਹ ਕਦੇ ਨਹੀਂ ਲੱਗਦਾ ਕਿ ਪ੍ਰਮਾਤਮਾ ਨੇ ਮੇਰੇ ਨਾਲ ਕੋਈ ਨਾਇਨਸਾਫੀ ਕੀਤੀ ਹੈ। ਪ੍ਰਮਾਤਮਾ ਨੇ ਮੈਨੂੰ ਜੋ ਕੁਝ ਦਿੱਤਾ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ।
* ਕੀ ਦਰਸ਼ਕ ਤੁਹਾਨੂੰ ਕਦੇ ਗਲੈਮਰਸ ਰੋਲ ਵਿਚ ਦੇਖ ਸਕਣਗੇ।
— 'ਕਿਲ ਦਿਲ' ਵਿਚ ਮੈਂ ਰਣਵੀਰ ਸਿੰਘ ਦੇ ਆਪੋਜ਼ਿਟ ਇਕ ਗਲੈਮਰਸ ਰੋਲ ਵਿਚ ਨਜ਼ਰ ਆਵਾਂਗੀ। ਗੋਵਿੰਦਾ ਇਸ ਫਿਲਮ ਵਿਚ ਵਿਲੇਨ ਬਣਿਆ ਹੈ ਅਤੇ ਇਹ ਫਿਲਮ ਨਵੰਬਰ ਵਿਚ ਰਿਲੀਜ਼ ਹੋਵੇਗੀ। ਯਸ਼ਰਾਜ ਬੈਨਰ ਦੇ ਲਈ 'ਸਾਥੀਆ' ਜਿਹੀ ਖੂਬਸੂਰਤ ਫਿਲਮ ਬਣਾਉਣ ਵਾਲੇ ਸ਼ਾਦ ਅਲੀ ਇਸ ਨੂੰ ਡਾਇਰੈਕਟ ਕਰ ਰਹੇ ਹਨ।
ਮਿਹਨਤ ਅਤੇ ਕਿਸਮਤ ਦੋਵੇਂ ਨਾਲ ਹਨ
NEXT STORY