ਜ਼ਿੰਦਗੀ ਦੀਆਂ 80 ਬਹਾਰਾਂ ਦੇਖ ਚੁੱਕੇ ਸ. ਜਸਵੰਤ ਸਿੰਘ ਮੁੰਡੀ ਅੱਜ ਵੀ ਸਿਹਤਮੰਦ, ਦ੍ਰਿੜ੍ਹ ਇਰਾਦੇ ਵਾਲੇ ਅਤੇ ਚੰਗੀ ਸੋਚ ਦੇ ਮਾਲਕ ਹਨ। ਇਸ ਦੇ ਨਾਲ ਹੀ ਜੇਕਰ ਜੀਵਨਸਾਥੀ ਦਾ ਸਾਥ ਵੀ ਹੋਵੇ ਤੇ ਸੰਸਕਾਰੀ ਬੱਚੇ ਹੋਣ ਤਾਂ ਜ਼ਿੰਦਗੀ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਅਜਿਹੀ ਹੀ ਸ਼ਖਸੀਅਤ ਦੇ ਮਾਲਕ ਹਨ ਸ. ਜਸਵੰਤ ਸਿੰਘ ਅਤੇ ਬੀਬੀ ਦਵਿੰਦਰ ਕੌਰ ਮੁੰਡੀ। ਇਨ੍ਹਾਂ ਨੂੰ ਸਾਰੇ ਬਾਪੂ ਜੀ ਅਤੇ ਬੀਬੀ ਜੀ ਕਹਿ ਕੇ ਬੁਲਾਉਂਦੇ ਹਨ। ਸ. ਜਸਵੰਤ ਸਿੰਘ 81 ਸਾਲ ਅਤੇ ਦਵਿੰਦਰ ਕੌਰ 77 ਸਾਲ ਦੀ ਹੋ ਚੁੱਕੀ ਹੈ। ਉਹ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਦਵਾਈਆਂ ਤੋਂ ਕੋਹਾਂ ਦੂਰ ਹਨ। ਬਾਪੂ ਜੀ ਅਤੇ ਬੀਬੀ ਜੀ ਕੋਲ ਨਿਮਰਤਾ ਦੇ ਰੂਪ ਵਿਚ ਸਭ ਤੋਂ ਵੱਡਾ ਗਹਿਣਾ ਹੈ। ਸ. ਜਸਵੰਤ ਸਿੰਘ ਦਾ ਜਨਮ 1937 ਵਿਚ ਸ਼ਾਹਪੁਰ ਤਹਿਸੀਲ ਪਾਇਲ ਵਿਚ ਸ. ਫੁੰਮਣ ਸਿੰਘ ਮੁੰਡੀ ਅਤੇ ਜਗੀਰ ਕੌਰ ਮੁੰਡੀ ਦੇ ਘਰ ਹੋਇਆ, ਜਦਕਿ ਮਾਤਾ ਦਵਿੰਦਰ ਕੌਰ ਦਾ ਜਨਮ 1941 ਵਿਚ ਪਿੰਡ ਮਾਜਰੀ ਵਿਚ ਪਿਤਾ ਕਸ਼ਮੀਰਾ ਸਿੰਘ ਅਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ। ਇਨ੍ਹਾਂ ਦੋਹਾਂ ਦਾ ਵਿਆਹ 1965 ਵਿਚ ਹੋਇਆ। ਬਾਪੂ ਜੀ ਨੇ ਜਵਾਨੀ ਵਿਚ ਖੇਤੀਬਾੜੀ ਦਾ ਕੰਮ ਸੰਭਾਲ ਕੇ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਕਦੇ ਹਿੰਮਤ ਨਹੀਂ ਛੱਡੀ।
ਜ਼ਿੰਦਗੀ ਵਿਚ ਉਨ੍ਹਾਂ ਨੇ ਸਖਤ ਮਿਹਨਤ ਕੀਤੀ। ਉਥੇ ਹੀ ਦੂਜੇ ਪਾਸੇ ਮਾਤਾ ਜੀ ਨੇ ਘਰੇਲੂ ਕੰਮਾਂ ਨੂੰ ਬਾਖੂਬੀ ਨਿਭਾਇਆ। ਬਾਪੂ ਜੀ ਸਵੇਰੇ 4 ਵਜੇ ਇਸ਼ਨਾਨ ਕਰਨ ਪਿੱਛੋਂ ਗੁਰੂ ਘਰ ਜਾ ਕੇ ਗੁਰਬਾਣੀ ਸੁਣਦੇ ਹਨ ਅਤੇ ਉਸ ਪਿੱਛੋਂ ਚਾਹ ਪੀ ਕੇ ਸੈਰ ਕਰਨ ਚਲੇ ਜਾਂਦੇ ਹਨ। ਇਸੇ ਤਰ੍ਹਾਂ ਬੀਬੀ ਜੀ ਵੀ ਸਵੇਰੇ 4 ਵਜੇ ਉੱਠ ਜਾਂਦੇ ਹਨ। ਉਹ ਘਰ 'ਚ ਹੀ ਥੋੜ੍ਹੀ-ਬਹੁਤ ਸੈਰ ਕਰ ਲੈਂਦੇ ਹਨ ਪਰ ਆਪਣੇ ਪਤੀ ਨਾਲ ਗੁਰੂ ਘਰ ਜਾ ਕੇ ਗੁਰਬਾਣੀ ਜ਼ਰੂਰ ਸੁਣਦੇ ਹਨ। ਉਹ ਤਿੰਨੇ ਸਮੇਂ ਸ਼ਾਕਾਹਾਰੀ ਭੋਜਨ ਦੇ ਨਾਲ ਦੁੱਧ, ਦਹੀਂ ਅਤੇ ਚਾਟੀ ਦੀ ਲੱਸੀ ਜ਼ਰੂਰ ਪੀਂਦੇ ਹਨ। ਉਹ ਤਲੀਆਂ ਅਤੇ ਮਸਾਲੇਦਾਰ ਚੀਜ਼ਾਂ ਨਹੀਂ ਖਾਂਦੇ। ਉਹ ਅੱਜ ਵੀ ਆਪਣੇ ਬੱਚਿਆਂ ਦੇ ਕੰਮ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ।
ਬਾਪੂ ਜੀ ਭਾਵੇਂ ਮੈਟ੍ਰਿਕ ਪਾਸ ਹਨ ਪਰ ਇਸ ਜੋੜੇ ਨੇ ਚੰਗੇ ਸੰਸਕਾਰਾਂ ਅਤੇ ਸਮਝਦਾਰੀ ਨਾਲ ਆਪਣੇ ਪਰਿਵਾਰ ਨੂੰ ਬੜੇ ਚੰਗੇ ਢੰਗ ਨਾਲ ਸੰਵਾਰਿਆ ਹੈ। ਪਰਿਵਾਰਕ ਸਾਂਝ ਨੂੰ ਲੰਬੇ ਜੀਵਨ ਅਤੇ ਖੁਸ਼ੀਆਂ ਦਾ ਆਧਾਰ ਮੰਨਣ ਵਾਲੇ ਬਾਪੂ ਜੀ ਅਤੇ ਬੀਬੀ ਜੀ ਦੇ ਦੋਵੇਂ ਬੇਟੇ ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਆਪਣੇ ਖਾਨਦਾਨੀ ਕੰਮ ਭਾਵ ਖੇਤਬਾੜੀ ਧੰਦੇ ਨੂੰ ਅਪਣਾ ਕੇ ਕਾਫੀ ਪ੍ਰਸਿੱਧੀ ਖੱਟ ਰਹੇ ਹਨ। ਉਨ੍ਹਾਂ ਦੀਆਂ ਦੋਵੇਂ ਨੂੰਹਾਂ ਅਮਰਦੀਪ ਅਤੇ ਕਿਰਨਦੀਪ ਵੀ ਰੋਜ਼ ਦੇ ਕੰਮਾਂ ਨੂੰ ਰਲ-ਮਿਲ ਕੇ ਕਰਦੀਆਂ ਹਨ ਅਤੇ ਸੱਸ-ਸਹੁਰੇ ਦੀ ਖੂਬ ਸੇਵਾ ਕਰਦੀਆਂ ਹਨ। ਉਨ੍ਹਾਂ ਦੀਆਂ ਤਿੰਨ ਬੇਟੀਆਂ ਬਲਜੀਤ ਕੌਰ, ਮਨਜੀਤ ਕੌਰ ਅਤੇ ਕਮਲਜੀਤ ਕੌਰ ਆਪਣੇ ਗ੍ਰਹਿਸਥੀ ਜੀਵਨ ਨੂੰ ਬਾਖੂਬੀ ਨਿਭਾਅ ਰਹੀਆਂ ਹਨ।
ਬਾਪੂ ਜੀ ਨੇ ਜਿਥੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸਮਾਜਿਕ ਸਰੋਕਾਰਾਂ ਨਾਲ ਜੋੜਿਆ ਹੋਇਆ ਹੈ, ਉਥੇ ਹੀ ਅੱਗੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦੇ ਕੇ ਸਮਾਜਿਕ ਤੌਰ-ਤਰੀਕੇ ਸਿਖਾ ਰਹੇ ਹਨ ਤਾਂਕਿ ਉਹ ਚੰਗੇ ਗੁਣ ਅਪਣਾ ਸਕਣ। ਬਾਪੂ ਜੀ ਦੱਸਦੇ ਹਨ ਕਿ ਆਪਣੇ ਜੀਵਨਕਾਲ ਦੌਰਾਨ ਕੀਤੀ ਸਖਤ ਮਿਹਨਤ ਕਾਰਨ ਹੀ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ।
ਪ੍ਰਵਾਸੀਆਂ ਦੀ ਦੀਵਾਲੀ
NEXT STORY