ਪਿਛਲੇ ਕੁਝ ਸਾਲਾਂ ਵਿਚ ਬਹੁਤ ਸਾਰੀਆਂ ਵਿਦੇਸ਼ੀ ਸੁੰਦਰੀਆਂ ਨੇ ਬਾਲੀਵੁੱਡ ਵਿਚ ਕਦਮ ਰੱਖ ਕੇ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ 'ਚੋਂ ਕੁਝ ਨੂੰ ਇਥੇ ਵਿਲੱਖਣ ਸਫਲਤਾ ਮਿਲੀ ਤਾਂ ਕਈਆਂ ਦੇ ਹੱਥ ਨਿਰਾਸ਼ਾ ਲੱਗੀ ਪਰ ਅਜੇ ਵੀ ਵਿਦੇਸ਼ੀ ਸੁੰਦਰੀਆਂ ਦੀ ਇਹ ਆਮਦ ਲਗਾਤਾਰ ਜਾਰੀ ਹੈ।
ਹੁਣ ਇਸ ਸੂਚੀ ਵਿਚ ਇਕ ਹੋਰ ਨਾਂ ਜੁੜ ਗਿਆ ਹੈ ਮੋਰਾਕੋ ਮੂਲ ਦੀ ਕੈਨੇਡੀਆਈ ਮਾਡਲ ਨੋਰਾ ਫਾਤੇਹੀ ਦਾ। ਉਹ ਕਮਲ ਸਦਾਨਾ ਦੀ ਫਿਲਮ 'ਰੋਰ-ਟਾਈਗਰਸ ਆਫ ਦਿ ਸੁੰਦਰਬਨਸ' ਨਾਲ ਬਾਲੀਵੁੱਡ 'ਚ ਕਦਮ ਰੱਖ ਰਹੀ ਹੈ। ਫਿਲਮ ਵਿਚ ਉਸ 'ਤੇ ਫਿਲਮਾਇਆ ਗੀਤ 'ਰੂ-ਬ-ਰੂ' ਅੱਜਕਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਬਾਲੀਵੁੱਡ ਵਿਚ ਫਿਲਮ 'ਰੋਰ...' ਨਾਲ ਆਪਣੇ ਡੈਬਿਊ ਨੂੰ ਲੈ ਕੇ ਉਤਸ਼ਾਹਿਤ ਨੋਰਾ ਦੱਸਦੀ ਹੈ, ''ਮੈਨੂੰ ਇਸ ਫਿਲਮ ਵਿਚ ਕੰਮ ਕਰਕੇ ਬਹੁਤ ਮਜ਼ਾ ਆਇਆ। ਮੈਂ ਇਸ ਲਈ ਸਟੰਟ ਟ੍ਰੇਨਿੰਗ ਲਈ ਹੈ ਅਤੇ ਜੋ ਵੀ ਸਟੰਟ ਮੇਰੇ 'ਤੇ ਫਿਲਮਾਏ ਗਏ ਹਨ, ਉਹ ਮੈਂ ਆਪ ਕੀਤੇ ਹਨ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਫਿਲਮ ਲਈ ਅਸੀਂ ਕਿੰਨੀ ਮਿਹਨਤ ਕੀਤੀ ਹੈ। ਇਸ ਦੇ ਨਿਰਦੇਸ਼ਕ ਕਮਲ ਸਦਾਨਾ ਜੀ ਨੇ ਸਾਨੂੰ ਕਦੇ ਵੀ ਨਿਊਕਮਰ ਵਾਂਗ ਟ੍ਰੀਟ ਨਹੀਂ ਕੀਤਾ ਅਤੇ ਇਸ ਤਰ੍ਹਾਂ ਸਾਨੂੰ ਉਨ੍ਹਾਂ ਨਾਲ ਕੰਮ ਕਰਨ 'ਚ ਬਹੁਤ ਮਜ਼ਾ ਆਇਆ।''
ਉਂਝ ਉਸ ਦਾ ਉਤਸ਼ਾਹ ਜਾਇਜ਼ ਵੀ ਲੱਗਦੈ ਕਿਉਂਕਿ ਉਸ ਦੇ ਹੱਥ ਵਿਚ ਕੰਮ ਦੀ ਕੋਈ ਕਮੀ ਨਜ਼ਰ ਨਹੀਂ ਆ ਰਹੀ। ਹੁਣ ਉਹ ਮਹੇਸ਼ ਭੱਟ ਦੇ ਪ੍ਰੋਡਕਸ਼ਨ ਵਿਚ ਬਣ ਰਹੀ ਇਮਰਾਨ ਹਾਸ਼ਮੀ ਦੀ ਫਿਲਮ 'ਮਿਸਟਰ ਐਕਸ' ਵਿਚ ਵੀ ਇਕ ਆਈਟਮ ਨੰਬਰ ਕਰਦੀ ਨਜ਼ਰ ਆਏਗੀ।
ਉਂਝ ਉਹ ਇਕ ਦੱਖਣ ਭਾਰਤੀ ਫਿਲਮ ਵਿਚ ਵੀ ਆਈਟਮ ਨੰਬਰ ਕਰ ਰਹੀ ਹੈ। ਇੰਨਾ ਹੀ ਨਹੀਂ, ਨੋਰਾ ਨੂੰ ਪ੍ਰਕਾਸ਼ ਝਾਅ ਦੀ ਫਿਲਮ 'ਕ੍ਰੇਜ਼ੀ ਕੁੱਕੜ ਫੈਮਿਲੀ' ਵਿਚ ਵੀ ਇਕ ਅਹਿਮ ਭੂਮਿਕਾ ਮਿਲ ਚੁੱਕੀ ਹੈ। ਮਤਲਬ ਕਿ ਉਹ ਬਾਲੀਵੁੱਡ ਦੇ ਨਾਲ-ਨਾਲ ਸਾਊਥ ਦੀਆਂ ਫਿਲਮਾਂ ਵਿਚ ਵੀ ਕਦਮ ਰੱਖ ਰਹੀ ਹੈ ਅਤੇ ਉਸ ਦੀ ਪਹਿਲੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਵਿਦੇਸ਼ੀ ਮੁਟਿਆਰ ਦੇ ਹੁਸਨ ਦਾ ਜਾਦੂ ਨਿਰਮਾਤਾ-ਨਿਰਦੇਸ਼ਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ ਪਰ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਦਰਸ਼ਕਾਂ ਦੇ ਦਿਲਾਂ 'ਚ ਉਹ ਸਥਾਨ ਬਣਾਉਣ 'ਚ ਸਫਲ ਹੁੰਦੀ ਹੈ ਜਾਂ ਨਹੀਂ।
ਵੀਰ ਯੋਧਾ ਬਣਨ ਲਈ ਰਿਤਿਕ ਦੀ ਖਾਸ ਤਿਆਰੀ
NEXT STORY