ਇਕ ਵਾਰ ਫਿਰ ਹਿੰਦੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਨਮਾਨਿਤ ਫ਼ਿਲਮ 'ਮੁਗਲ-ਏ-ਆਜ਼ਮ' ਦਰਸ਼ਕਾਂ ਵਿਚਾਲੇ ਰੂਪ ਬਦਲ ਕੇ ਆਈ ਹੈ। ਫ਼ਿਲਮ ਵਿਚ ਦਿਖਾਏ ਗਏ ਯੁੱਧ ਦੇ ਦ੍ਰਿਸ਼ ਭਾਵੇਂ ਦਰਸ਼ਕਾਂ ਨੂੰ ਤਕਨੀਕੀ ਰੂਪ 'ਚ ਓਨਾ ਆਕਰਸ਼ਿਤ ਨਾ ਕਰਨ ਪਰ ਲੱਗਭਗ ਚਾਰ ਦਹਾਕੇ ਪਹਿਲਾਂ ਦਰਸ਼ਕਾਂ ਨੂੰ ਇਸ ਨੇ ਯੁੱਧ ਦੇ ਦ੍ਰਿਸ਼ਾਂ ਨਾਲ ਹੀ ਦੰਦਾਂ ਹੇਠਾਂ ਉਂਗਲੀ ਦਬਾਉਣ 'ਤੇ ਮਜਬੂਰ ਕੀਤਾ ਸੀ। ਯੁੱਧ ਦੇ ਇਹ ਪ੍ਰਭਾਵਸ਼ਾਲੀ ਤੇ ਮਹਿੰਗੇ ਦ੍ਰਿਸ਼ ਨਿਰਦੇਸ਼ਕ ਕੇ. ਆਸਿਫ ਨੇ ਰਾਜਸਥਾਨ ਦੇ ਰੇਤਲੇ ਮੈਦਾਨਾਂ 'ਚ ਫ਼ਿਲਮਾਏ ਸਨ। ਮਹਾਬਲੀ ਅਕਬਰ ਅਤੇ ਸ਼ਹਿਜ਼ਾਦੇ ਸਲੀਮ ਦੀ ਫੌਜ ਦੇ ਖੂਨੀ ਘਮਾਸਾਣ 'ਚ ਤੋਪਾਂ ਤੇ ਬੰਦੂਕਾਂ ਨਾਲ ਬੰਬਾਂ ਦੀ ਵੀ ਵਰਤੋਂ ਕੀਤੀ ਗਈ ਸੀ।
ਰੇਗਿਸਤਾਨ ਦੀਆਂ ਤਪਦੀਆਂ ਲੋਕੇਸ਼ਨਾਂ 'ਤੇ ਯੁੱਧ ਦੇ ਇਨ੍ਹਾਂ ਦ੍ਰਿਸ਼ਾਂ ਨੂੰ ਫ਼ਿਲਮਾਉਣਾ ਬੜਾ ਮੁਸ਼ਕਿਲ ਭਰਿਆ ਸੀ। ਲੋਕੇਸ਼ਨਾਂ 'ਤੇ ਦਿਨ ਵੇਲੇ ਭਿਆਨਕ ਗਰਮੀ ਅਤੇ ਰਾਤ ਨੂੰ ਜ਼ਬਰਦਸਤ ਠੰਡ ਹੁੰਦੀ ਸੀ। ਯੁੱਧ ਨੂੰ ਫ਼ਿਲਮਾਉਣ ਲਈ ਘੋੜਿਆਂ ਦੇ ਨਾਲ-ਨਾਲ ਹਾਥੀ ਅਤੇ ਊਠ ਵੀ ਸ਼ਾਮਲ ਸਨ। ਹਰ ਰੋਜ਼ ਇਨ੍ਹਾਂ ਦ੍ਰਿਸ਼ਾਂ 'ਤੇ ਪਾਣੀ ਵਾਂਗ ਪੈਸਾ ਵਹਾਇਆ ਜਾ ਰਿਹਾ ਸੀ ਪਰ ਇਕ ਸਮਾਂ ਉਹ ਵੀ ਆਇਆ, ਜਦੋਂ ਪੂਰੀ ਯੂਨਿਟ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ, ਯੂਨਿਟ ਦਾ ਹਰ ਮੈਂਬਰ ਜੜ ਹੋ ਕੇ ਰਹਿ ਗਿਆ।
ਅਸਲ ਵਿਚ 'ਮਹਾਬਲੀ' ਬਣੇ ਪ੍ਰਿਥਵੀਰਾਜ ਕਪੂਰ, ਦਿਲੀਪ ਕੁਮਾਰ, ਅਜੀਤ ਅਤੇ ਮਧੂਬਾਲਾ 'ਤੇ ਇਕ ਖਾਸ ਦ੍ਰਿਸ਼ ਫ਼ਿਲਮਾਇਆ ਜਾ ਰਿਹਾ ਸੀ। ਯੁੱਧ ਦੇ ਸੀਨ ਇਕ-ਇਕ ਕਰਕੇ ਸ਼ੂਟ ਕੀਤੇ ਜਾ ਰਹੇ ਸਨ, ਅਗਲਾ ਸੀਨ ਸੀ ਕਿ ਹਾਥੀ 'ਤੇ ਅਕਬਰ ਦੇ ਰੂਪ ਵਿਚ ਪ੍ਰਿਥਵੀਰਾਜ ਕਪੂਰ ਅਤੇ ਉਨ੍ਹਾਂ ਦਾ ਮਹਾਵਤ ਮੌਜੂਦ ਹੈ ਅਤੇ ਹਾਥੀ ਦੇ ਅੱਗੇ ਵਧਦਿਆਂ ਨੇੜੇ ਹੀ ਬੰਬ ਫਟ ਜਾਂਦਾ ਹੈ। ਉਸ ਜ਼ਮਾਨੇ 'ਚ ਸਾਈਕਲ ਦੇ ਪਹੀਆਂ 'ਚ ਹਵਾ ਭਰ ਕੇ ਦੂਰ ਰੱਖੇ ਬੰਬ 'ਤੇ ਪ੍ਰੈਸ਼ਰ ਪਾਇਆ ਜਾਂਦਾ ਸੀ, ਜਿਸ ਨਾਲ ਜ਼ਮੀਨ ਵਿਚ ਦੱਬਿਆ ਬੰਬ ਫਟ ਜਾਂਦਾ ਸੀ। 'ਮੁਗਲ-ਏ-ਆਜ਼ਮ' ਦੇ ਇਸ ਸ਼ਾਟ ਲਈ ਵੀ ਬੰਬ ਨੂੰ ਜ਼ਮੀਨ 'ਚ ਦਬਾ ਦਿੱਤਾ ਗਿਆ ਸੀ। ਸ਼ਾਟ ਤਿਆਰ ਸੀ ਅਤੇ ਸੈਨਿਕਾਂ ਦੇ ਭੇਸ ਵਿਚ ਸਾਰੇ ਫਾਈਟਰ ਇਸ ਬੰਬ ਵਿਸਫੋਟ ਲਈ ਤਿਆਰ ਸਨ ਪਰ ਸ਼ੂਟਿੰਗ ਸ਼ੁਰੂ ਹੋਣ 'ਤੇ ਕੈਮਰੇ ਦੇ ਮੂਵ ਹੁੰਦਿਆਂ ਹੀ ਅਕਬਰ ਦੇ ਹਾਥੀ ਨੇ ਆਪਣਾ ਪੈਰ ਉਥੇ ਰੱਖ ਦਿੱਤਾ, ਜਿਥੇ ਜ਼ਮੀਨ ਵਿਚ ਬੰਬ ਦੱਬਿਆ ਸੀ। ਹਾਥੀ ਨੇ ਪੈਰ ਜ਼ਮੀਨ 'ਤੇ ਰੱਖਿਆ ਅਤੇ ਖੜ੍ਹਾ ਹੋ ਗਿਆ। ਹੁਣ ਸਥਿਤੀ ਇਹ ਸੀ ਕਿ ਹਾਥੀ ਦਾ ਪੈਰ ਹਟਦਿਆਂ ਹੀ ਬੰਬ ਫਟ ਜਾਂਦਾ। ਵਿਸਫੋਟ ਦੇ ਨਾਲ ਹੀ ਉਸ 'ਤੇ ਬੈਠੇ ਪ੍ਰਿਥਵੀਰਾਜ ਕਪੂਰ ਅਤੇ ਮਹਾਵਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਸਕਦੇ ਸਨ। ਗੰਭੀਰ ਸੱਟਾਂ ਕਾਰਨ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਹੁਣ ਤਾਂ ਖਤਰਨਾਕ ਸਥਿਤੀ ਪੈਦਾ ਹੋ ਚੁੱਕੀ ਸੀ ਅਤੇ ਉਸ ਨਾਲ ਨਜਿੱਠਣਾ ਬੜਾ ਮੁਸ਼ਕਿਲ ਸੀ। ਹਾਥੀ ਕਿਸੇ ਵੀ ਵੇਲੇ ਆਪਣਾ ਪੈਰ ਉਸ ਸਥਾਨ ਤੋਂ ਹਟਾ ਸਕਦਾ ਸੀ। ਛੇਤੀ ਹੀ ਪ੍ਰਿਥਵੀਰਾਜ ਨੂੰ ਹਾਥੀ ਤੋਂ ਲਾਹ ਲਿਆ ਗਿਆ ਤੇ ਜਿਵੇਂ ਹੀ ਮਹਾਵਤ ਹਾਥੀ ਤੋਂ ਉਤਰਿਆ ਤਾਂ ਹਾਥੀ ਨੇ ਆਪਣਾ ਪੈਰ ਜ਼ਮੀਨ ਤੋਂ ਹਟਾ ਲਿਆ। ਉਸ ਦੇ ਪੈਰ ਚੁੱਕਦਿਆਂ ਹੀ ਹਾਥੀ ਜ਼ਖ਼ਮੀ ਹੋ ਕੇ ਡਰ ਦੇ ਮਾਰੇ ਬੇਕਾਬੂ ਹੋ ਕੇ ਇਧਰ-ਉਧਰ ਦੌੜਨ ਲੱਗਾ। ਮੈਦਾਨ 'ਤੇ ਇਸ ਵਿਸਫੋਟ ਨਾਲ ਕਾਲਾ ਧੂੰਆਂ ਅਤੇ ਰੇਤ ਹਵਾ 'ਚ ਬੱਦਲ ਬਣ ਕੇ ਉੱਡ ਗਈ ਸੀ। ਪ੍ਰਿਥਵੀਰਾਜ ਕਪੂਰ ਇਕ ਕੋਨੇ ਵਿਚ ਖੜ੍ਹੇ ਹੋ ਕੇ ਉਸ ਸਥਿਤੀ ਦੀ ਕਲਪਨਾ ਕਰ ਰਹੇ ਸਨ ਕਿ ਉਹ ਹਾਥੀ ਤੋਂ ਨਾ ਉਤਰੇ ਹੁੰਦੇ ਅਤੇ ਹਾਥੀ ਪੈਰ ਹਟਾ ਲੈਂਦਾ ਤਾਂ ਕੀ ਹੁੰਦਾ!
ਹੁਣ ਹਸਾਏਗੀ ਵੀ ਕਲਕੀ
NEXT STORY