ਰੇਖਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇੰਦਰ ਕੁਮਾਰ ਅਤੇ ਅਸ਼ੋਕ ਠਾਕੇਰੀਆ ਦੀ ਫ਼ਿਲਮ ਵਿਚ ਦੇਖ ਸਕਣਗੇ। ਇਸ ਵਿਚ ਰੇਖਾ ਨਾਲ ਸ਼ਰਮਨ ਜੋਸ਼ੀ ਅਤੇ ਸ਼ਵੇਤਾ ਕੁਮਾਰ ਵੀ ਲੀਡ ਰੋਲ 'ਚ ਹਨ। ਇਹ ਫ਼ਿਲਮ ਮੌਜ-ਮਸਤੀ ਨਾਲ ਭਰਪੂਰ ਹੈ। ਫ਼ਿਲਮ ਦੇ ਇਕ ਗੀਤ ਵਿਚ ਰੇਖਾ ਪੁਰਾਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਵਰਗੇ ਰੂਪ ਵਿਚ ਨਜ਼ਰ ਆਏਗੀ। ਉਨ੍ਹਾਂ ਨੇ ਕਲਾਸੀਕਲ ਫ਼ਿਲਮ ਜਿਵੇਂ 'ਮੁਗਲ-ਏ-ਆਜ਼ਮ', 'ਹਾਵੜਾ ਬ੍ਰਿਜ' ਆਦਿ ਤੋਂ ਇਹ ਅੰਦਾਜ਼ ਲਿਆ ਹੈ। ਇਸ ਵਿਚ ਰੇਖਾ ਨੇ 'ਪਿਆਰ ਕੀਆ ਤੋ ਡਰਨਾ ਕਿਆ' ਗੀਤ 'ਤੇ ਮਧੂਬਾਲਾ ਅੰਦਾਜ਼ ਵਿਚ ਡਾਂਸ ਕੀਤਾ ਹੈ, ਜਿਸ ਨੂੰ ਸ਼ਬੀਨਾ ਖਾਨ ਨੇ ਕੋਰੀਓਗ੍ਰਾਫ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਸੁਪਰ ਨਾਨੀ ਨੂੰ ਦਰਸ਼ਕਾਂ ਦਾ ਕੀ ਹੁੰਗਾਰਾ ਮਿਲਦਾ ਹੈ।
ਇਸ ਫ਼ਿਲਮ ਦੀ ਕਹਾਣੀ ਭਾਰਤੀ ਭਾਟੀਆ (ਰੇਖਾ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਉਸ ਦੀ ਸੁਆਣੀ ਤੋਂ ਸੁਪਰ ਨਾਨੀ ਬਣਨ ਦੀ ਕਹਾਣੀ ਹੈ। ਆਪਣੇ ਪਰਿਵਾਰ ਵਿਚ ਸਭ ਦਾ ਖਿਆਲ ਰੱਖਣ ਵਾਲੀ ਭਾਰਤੀ ਭਾਟੀਆ ਸਾਰਾ ਦਿਨ ਘਰ ਦੇ ਕੰਮਾਂ 'ਚ ਹੀ ਉਲਝੀ ਰਹਿਣ ਵਾਲੀ ਔਰਤ ਹੈ। ਉਸ ਦਾ ਪਤੀ ਕਾਰਪੋਰੇਟ ਜਗਤ ਨਾਲ ਸੰਬੰਧ ਰੱਖਣ ਵਾਲਾ ਮਿਸਟਰ ਭਾਟੀਆ (ਰਣਧੀਰ ਕਪੂਰ) ਹੈ। ਨਾਲ ਹੀ ਸਟਾਕ ਮਾਰਕੀਟ ਵਿਚ ਕਾਰੋਬਾਰ ਕਰਨ ਵਾਲਾ ਬੇਟਾ ਅਤੇ ਉਸ ਦੀ ਪਤਨੀ ਭਾਵ ਨੂੰਹ ਹੈ, ਜੋ ਟੀ. ਵੀ. ਸੀਰੀਅਲਾਂ ਵਿਚ ਕੰਮ ਕਰਨ ਵਾਲੀ ਮਹਾਰਾਣੀ ਹੈ। ਇਸ ਤੋਂ ਇਲਾਵਾ ਮਾਡਰਨ ਵਿਚਾਰਾਂ ਵਾਲੀ ਬੇਟੀ ਵੀ ਹੈ।
ਭਾਰਤੀ ਦੀ ਜ਼ਿੰਦਗੀ ਇਨ੍ਹਾਂ ਸਾਰੀਆਂ ਉਲਝਣਾਂ ਨਾਲ ਭਰੀ ਪਈ ਹੈ। ਉਸ ਵੱਲ ਧਿਆਨ ਦੇਣ ਵਾਲਾ ਕੋਈ ਨਹੀਂ ਹੈ। ਉਸ ਦੀ ਇਹੀ ਦੁਨੀਆ ਹੈ, ਜਿਸ ਵਿਚ ਉਹ ਰੁੱਝੀ ਰਹਿੰਦੀ ਹੈ। ਅਜਿਹੇ ਵਿਚ ਅਚਾਨਕ ਉਸ ਦਾ ਦੋਹਤਾ ਮਨ ਭਾਰਤ ਆਉਂਦਾ ਹੈ। ਉਹ ਦੇਖਦਾ ਹੈ ਕਿ 'ਨਾਨੀ' ਦੀ ਜ਼ਿੰਦਗੀ ਇਕ ਮਸ਼ੀਨ ਬਣ ਕੇ ਰਹਿ ਗਈ ਹੈ। ਸਾਰੇ ਉਸ ਤੋਂ ਘਰ ਦੇ ਕੰਮਾਂ ਦੀ ਆਸ ਲਗਾਉਂਦੇ ਹਨ, ਉਸ ਵੱਲ ਕੋਈ ਧਿਆਨ ਨਹੀਂ ਦਿੰਦਾ। ਭਾਵੇਂ ਸਾਰੇ ਉਸ ਦੀ ਗੱਲ ਸੁਣਦੇ ਹੋਣ ਜਾਂ ਉਸ ਦੀ ਇੱਜ਼ਤ ਕਰਦੇ ਹੋਣ ਪਰ ਨਾਨੀ ਨੂੰ ਉਹ ਘਰ ਵਿਚ ਇਕ ਤਰ੍ਹਾਂ ਕਿਸੇ ਕੈਦੀ ਵਾਂਗ ਹੀ ਰੱਖ ਰਹੇ ਹਨ, ਜਿਸ ਨੇ ਆਪਣੀ ਜ਼ਿੰਦਗੀ ਦੇ 60 ਸਾਲ ਐਵੇਂ ਬਿਤਾ ਦਿੱਤੇ। ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਬਹੁਤ ਘੱਟ ਮਿਲਦਾ ਹੈ। ਮਨ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਬਦਲ ਜਾਏ ਅਤੇ ਨਿਵੇਕਲਾਪਨ ਆਏ। ਮਨ ਉਨ੍ਹਾਂ ਨੂੰ ਇਕ ਅਜਿਹੇ ਸਫਰ 'ਤੇ ਲਿਜਾਣਾ ਚਾਹੁੰਦਾ ਹੈ, ਜਿਥੋਂ ਉਹ ਆਪਣੀ ਨਵੀਂ ਜ਼ਿੰਦਗੀ ਦੀ ਆਪਣੇ ਤਰੀਕੇ ਨਾਲ ਸ਼ੁਰੂਆਤ ਕਰ ਸਕੇ।
ਮਨ ਇਕ ਅਸਫਲ ਫੋਟੋਗ੍ਰਾਫਰ ਅਤੇ ਫ਼ਿਲਮਕਾਰ ਵੀ ਹੈ ਪਰ ਕਿਸਮਤ ਦਾ ਮਾਰਿਆ ਹੈ। ਆਪਣੀ ਸਫਲਤਾ ਲਈ ਤਰਸ ਰਿਹਾ ਇਹ ਵਿਅਕਤੀ ਇਕ ਫੈਸਲਾ ਲੈਂਦਾ ਹੈ ਕਿ ਉਹ ਭਾਰਤੀ ਭਾਟੀਆ ਰਾਹੀਂ ਆਪਣੀ ਅਤੇ ਭਾਰਤੀ ਦੀ ਜ਼ਿੰਦਗੀ ਨੂੰ ਬਦਲ ਦੇਵੇਗਾ। ਉਹ ਭਾਰਤੀ ਦੀਆਂ ਤਸਵੀਰਾਂ ਖਿੱਚ ਕੇ ਮੰਨੀਆਂ-ਪ੍ਰਮੰਨੀਆਂ ਏਜੰਸੀਆਂ ਨੂੰ ਭੇਜਦਾ ਹੈ, ਜਿਸ ਵਿਚ ਉਸ ਨੂੰ ਸਫਲਤਾ ਹਾਸਲ ਹੋ ਜਾਂਦੀ ਹੈ। ਭਾਰਤੀ ਦੀ ਖੂਬਸੂਰਤੀ ਅਤੇ ਅਦਾਕਾਰੀ ਦੀ ਡੂੰਘਾਈ ਸਭ ਨੂੰ ਪਸੰਦ ਆਉਂਦੀ ਹੈ। ਕਈ ਵਿਗਿਆਪਨ ਏਜੰਸੀਆਂ ਦੀ ਭਾਰਤੀ ਬ੍ਰਾਂਡ ਅੰਬੈਸਡਰ ਬਣ ਜਾਂਦੀ ਹੈ। ਨਾਲ ਹੀ ਘਰ-ਘਰ ਵਿਚ ਮਾਡਲਿੰਗ ਕਾਰਨ ਉਸ ਦੀ ਚਰਚਾ ਹੁੰਦੀ ਹੈ।
ਵਾਸ਼ਿੰਗ ਪਾਊਡਰ ਰਾਹੀਂ ਉਹ ਹਰ ਸੁਆਣੀ ਦੀ ਰਸੋਈ ਤੱਕ ਪਹੁੰਚ ਜਾਂਦੀ ਹੈ। ਕਲ ਤੱਕ ਘਰ ਦੇ ਜਿਹੜੇ ਮੈਂਬਰ ਨਾਨੀ ਨੂੰ ਇਹ ਕਹਿੰਦੇ ਨਹੀਂ ਥੱਕਦੇ ਸਨ ਕਿ 'ਮੌਮ ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ, ਸਾਡੇ ਵਿਚ ਇੰਟਰਫੇਅਰ ਨਾ ਕਰਿਆ ਕਰੋ', ਅੱਜ ਉਹ ਭਾਰਤੀ ਦੇ ਮੁਰੀਦ ਹੋ ਗਏ ਹਨ।
ਸੁਪਰ ਨਾਨੀ ਦੇ ਰੂਪ ਵਿਚ ਭਾਰਤੀ ਇਕ ਤਰ੍ਹਾਂ ਦਾ ਇਹ ਸੰਦੇਸ਼ ਦਿੰਦੀ ਹੈ ਕਿ ਆਪਣੀ ਪਛਾਣ ਨੂੰ ਖਤਮ ਨਾ ਹੋਣ ਦਿਓ, ਹਰ ਕਿਸੇ ਵਿਚ ਪ੍ਰਤਿਭਾ ਹੈ। ਬਸ ਉਸ ਨੂੰ ਨਿਖਰਨ ਦੇਣ ਦਾ ਮੌਕਾ ਜ਼ਰੂਰ ਦੇਣਾ ਚਾਹੀਦੈ। ਬਸ ਸਹੀ ਸਮੇਂ ਦੀ ਪਛਾਣ ਕਰ ਕੇ ਉਸ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੋ।
ਆਪਣੀ ਇਸ ਫ਼ਿਲਮ ਬਾਰੇ ਰਣਧੀਰ ਕਪੂਰ ਕਹਿੰਦੇ ਹਨ, ''ਰੇਖਾ ਸੁਪਰ ਨਾਨੀ ਹੈ ਤਾਂ ਮੈਂ ਫ਼ਿਲਮ ਵਿਚ ਸੁਪਰ ਨਾਨਾ ਹਾਂ। ਨਾਨੇ ਦੇ ਰੋਲ ਵਿਚ ਵੀ ਕਾਮੇਡੀ ਕਰ ਰਿਹਾ ਹਾਂ। ਇਹ ਫ਼ਿਲਮ ਕਰਨ ਦਾ ਕਾਰਨ ਵੀ ਇਹੀ ਰਿਹਾ ਕਿ ਮੈਂ ਅਜਿਹੀਆਂ ਫ਼ਿਲਮਾਂ ਪਸੰਦ ਕਰਦਾ ਹਾਂ। ਇਸ ਦੇ ਲਈ ਮੈਂ ਇੰਦਰ ਕੁਮਾਰ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਫ਼ਿਲਮ ਆਫਰ ਕੀਤੀ।''
ਇਕ ਲੰਬੇ ਅਰਸੇ ਪਿੱਛੋਂ ਇੰਦਰ ਕੁਮਾਰ ਨੇ ਕਿਸੇ ਸਮਾਜਿਕ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਉਹ 'ਗ੍ਰੈਂਡ ਮਸਤੀ' ਵਰਗੀ ਡਬਲ ਮੀਨਿੰਗ ਵਾਲੀ ਸੌ ਕਰੋੜੀ ਫ਼ਿਲਮ ਬਣਾ ਚੁੱਕੇ ਹਨ, ਜਿਸ ਕਾਰਨ ਭਾਵੇਂ ਉਨ੍ਹਾਂ ਦੀ ਸਾਖ ਨੂੰ ਧੱਕਾ ਲੱਗਾ ਹੋਵੇ ਪਰ ਬਾਕਸ ਆਫਿਸ 'ਤੇ ਇਸ ਫ਼ਿਲਮ ਦੀ ਸਫਲਤਾ ਨੇ ਹੀ ਉਨ੍ਹਾਂ ਨੂੰ ਇਹ ਫ਼ਿਲਮ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਤੋਂ ਇਲਾਵਾ ਰੇਖਾ ਵੀ ਇਕ ਲੰਬੇ ਅਰਸੇ ਪਿੱਛੋਂ ਅਦਾਕਾਰੀ ਦੇ ਖੇਤਰ ਵਿਚ ਇਕ 'ਲਾਰਜਰ ਦੈਨ ਲਾਈਫ' ਕਿਰਦਾਰ ਵਿਚ ਪ੍ਰਫਾਰਮ ਕਰੇਗੀ।
ਗਾਇਕ ਸੁਖਵੀਰ ਸੁੱਖ
NEXT STORY