ਸ਼ਰਧਾ ਕਪੂਰ ਆਪਣੀਆਂ ਲਗਾਤਾਰ ਸਫਲ ਰਹੀਆਂ ਤਿੰਨ ਫ਼ਿਲਮਾਂ 'ਆਸ਼ਿਕੀ-2', 'ਏਕ ਵਿਲੇਨ' ਅਤੇ 'ਹੈਦਰ' ਨੂੰ ਲੈ ਕੇ ਬੇਹੱਦ ਖੁਸ਼ ਹੈ। ਸ਼ਰਧਾ ਨੇ ਸਖਤ ਮਿਹਨਤ ਅਤੇ ਲਗਨ ਨਾਲ ਇਕੱਲਿਆਂ ਹੀ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਅੱਜਕਲ ਸ਼ਰਧਾ ਰੇਮੋ ਡਿਸੂਜ਼ਾ ਦੀ ਫ਼ਿਲਮ 'ਏ. ਬੀ. ਸੀ. ਡੀ.-2' ਦੀ ਸ਼ੂਟਿੰਗ ਵਿਚ ਬਿਜ਼ੀ ਹੈ। ਪਿਛਲੇ ਦਿਨੀਂ ਸ਼ਰਧਾ ਨਾਲ ਉਸ ਦੀ ਸਫਲਤਾ ਅਤੇ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਮੁੱਖ ਅੰਸ਼ :-
*ਤੁਸੀਂ ਆਪਣੀਆਂ ਫ਼ਿਲਮਾਂ ਦੀ ਸਫਲਤਾ ਨੂੰ ਲੈ ਕੇ ਕੀ ਸੋਚਦੇ ਹੋ?
—ਜਦੋਂ 'ਆਸ਼ਿਕੀ-2' ਹਿੱਟ ਹੋਈ ਤਾਂ ਮੈਨੂੰ ਕਾਫੀ ਰਾਹਤ ਮਿਲੀ। ਮੈਂ ਇਸ ਫ਼ਿਲਮ ਲਈ ਕਾਫੀ ਮਿਹਨਤ ਕੀਤੀ ਸੀ ਪਰ 'ਏਕ ਵਿਲੇਨ' ਦੇ ਹਿੱਟ ਹੋਣ ਦਾ ਸਾਰਾ ਕ੍ਰੈਡਿਟ ਇਸ ਦੇ ਨਿਰਦੇਸ਼ਕ ਮੋਹਿਤ ਸੂਰੀ ਨੂੰ ਜਾਂਦਾ ਹੈ। ਮੈਂ ਖੁਦ ਨੂੰ ਕਾਫੀ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਇਨ੍ਹਾਂ ਦੋਹਾਂ ਫ਼ਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਫ਼ਿਲਮ 'ਤੀਨ ਪੱਤੀ' ਅਤੇ 'ਲਵ ਕਾ ਦਿ ਐਂਡ' ਦੇ ਫਲਾਪ ਹੋਣ ਪਿੱਛੋਂ ਵੀ ਮੈਨੂੰ ਨਿਰਾਸ਼ਾ ਹੋਈ ਸੀ।
*ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਅਸਫਲਤਾ ਜਾਂ ਸਫਲਤਾ 'ਚੋਂ ਵਧੇਰੇ ਮੁਸ਼ਕਿਲ ਕੀ ਹੋ ਸਕਦਾ ਹੈ?
—ਮੈਂ ਤਾਂ ਖੁਸ਼ ਹਾਂ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਅਸਫਲਤਾ ਦੇਖਣ ਨੂੰ ਮਿਲੀ। ਇਸ ਨਾਲ ਮੈਨੂੰ ਸਬਰ ਰੱਖਣਾ ਅਤੇ ਇਸ ਨੂੰ ਹੈਂਡਲ ਕਰਨਾ ਆ ਗਿਆ। ਜਦੋਂ ਤੁਹਾਡੀ ਫ਼ਿਲਮ ਨਹੀਂ ਚੱਲਦੀ ਤਾਂ ਕਈ ਲੋਕ ਤੁਹਾਨੂੰ ਕਹਿੰਦੇ ਹਨ ਕਿ ਮੈਂ ਮਨ੍ਹਾ ਕੀਤਾ ਸੀ ਨਾ ਕਿ ਇਹ ਫ਼ਿਲਮ ਨਾ ਕਰ, ਨਹੀਂ ਚੱਲੇਗੀ ਤਾਂ ਫਿਰ ਤੂੰ ਕਿਉਂ ਕੀਤੀ? ਜਦੋਂ ਤੁਹਾਡੀ ਫ਼ਿਲਮ ਚੱਲਦੀ ਹੈ ਤਾਂ ਉਹੀ ਲੋਕ ਕਹਿੰਦੇ ਹਨ ਕਿ ਦੇਖਿਆ, ਮੈਂ ਕਿਹਾ ਸੀ ਨਾ ਕਿ ਇਹ ਫ਼ਿਲਮ ਜ਼ਰੂਰ ਚੱਲੇਗੀ। ਇਸ ਲਈ ਤੁਹਾਨੂੰ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿੰਦਿਆਂ ਜਿਵੇਂ ਹੋ, ਉਵੇਂ ਹੀ ਰਹਿਣਾ ਚਾਹੀਦੈ। ਜਦੋਂ ਮੇਰਾ ਕਰੀਅਰ ਠੀਕ ਨਹੀਂ ਚੱਲ ਰਿਹਾ ਸੀ ਤਾਂ ਮੈਂ ਕਈ ਹੋਰ ਕੰਮ ਕਰਦੀ ਸੀ ਜਿਵੇਂ ਪਰਸਨੈਲਿਟੀ ਡਿਵੈੱਲਪਮੈਂਟ, ਟ੍ਰੈਵਲਿੰਗ, ਡਾਂਸ ਕਲਾਸਾਂ ਆਦਿ। ਹੁਣ ਕਿਉਂਕਿ ਮੈਂ ਕਾਫੀ ਬਿਜ਼ੀ ਹਾਂ ਤਾਂ ਮੈਂ ਇਹ ਸਭ ਕਰਨਾ ਮਿਸ ਕਰਦੀ ਹਾਂ।
*ਜਦੋਂ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਤਾਂ ਕੀ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ?
—ਹਾਂ, ਜਦੋਂ ਮੈਂ ਦੂਜੀਆਂ ਅਭਿਨੇਤਰੀਆਂ ਨੂੰ ਅੱਗੇ ਵਧਦਿਆਂ ਦੇਖਦੀ ਸੀ ਤਾਂ ਮੈਨੂੰ ਵੀ ਅਸੁਰੱਖਿਆ ਦੀ ਭਾਵਨਾ ਮਹਿਸੂਸ ਹੁੰਦੀ ਸੀ ਪਰ ਜਦੋਂ ਮੋਹਿਤ ਸੂਰੀ ਨੇ 'ਆਸ਼ਿਕੀ-2' ਲਈ ਅਤੇ ਵਿਸ਼ਾਲ ਸਰ ਨੇ 'ਹੈਦਰ' ਲਈ ਮੈਨੂੰ ਚੁਣਿਆ ਤਾਂ ਲੱਗਿਆ ਕਿ ਹੁਣ ਮੇਰਾ ਵੀ ਸਮਾਂ ਆ ਗਿਆ ਹੈ। ਇਸ ਦੌਰਾਨ ਮੈਂ ਖੁਦ ਨੂੰ ਸਮਝਾਉਂਦੀ ਰਹੀ ਕਿ ਅਗਾਂਹ ਵਧ। ਅਦਾਕਾਰੀ ਮੇਰਾ ਬਚਪਨ ਦਾ ਸੁਪਨਾ ਸੀ। ਆਸ ਹੈ ਕਿ ਕਿਸੇ ਦਿਨ ਮੈਨੂੰ ਅਵਾਰਡ ਵੀ ਮਿਲੇਗਾ। ਜਦੋਂ ਮੈਨੂੰ 'ਆਸ਼ਿਕੀ-2' ਲਈ ਫ਼ਿਲਮ ਫੇਅਰ ਦਾ ਨੌਮੀਨੇਸ਼ਨ ਮਿਲਿਆ ਸੀ ਤਾਂ ਮੈਂ ਕਾਫੀ ਖੁਸ਼ ਹੋਈ ਸੀ।
*ਤੁਹਾਨੂੰ ਫ਼ਿਲਮ 'ਹੈਦਰ' ਵਿਚ ਵਿਸ਼ਾਲ ਭਾਰਦਵਾਜ ਨਾਲ ਕੰਮ ਕਰਕੇ ਕਿਵੇਂ ਲੱਗਾ?
—ਮੈਂ ਹਮੇਸ਼ਾ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੀ ਫ਼ਿਲਮ ਵਿਚ ਮੈਨੂੰ ਲੈਣ ਬਾਰੇ ਸੋਚ ਰਹੇ ਹਨ ਤਾਂ ਮੈਂ ਬਹੁਤ ਖੁਸ਼ ਹੋਈ ਸੀ। ਵਿਸ਼ਾਲ ਸਰ ਤੋਂ ਥੋੜ੍ਹਾ ਡਰ ਲੱਗਦਾ ਹੈ ਪਰ ਉਹ ਬਹੁਤ ਸ਼ਾਂਤ ਹਨ। ਜੇਕਰ ਉਹ ਤੁਹਾਡੇ ਤੋਂ ਕਿਸੇ ਖਾਸ ਤਰੀਕੇ ਨਾਲ ਐਕਟਿੰਗ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਤੁਹਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ। ਉਨ੍ਹਾਂ ਦਾ ਗੱਲਬਾਤ ਦਾ ਢੰਗ ਵੀ ਅਜਿਹਾ ਹੀ ਹੈ।
*ਫ਼ਿਲਮ 'ਏ. ਬੀ. ਸੀ. ਡੀ.-2' ਵਿਚ ਰੇਮੋ ਡਿਸੂਜ਼ਾ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
— ਹੁਣ ਤਕ ਦਾ ਅਨੁਭਵ ਕਾਫੀ ਵਧੀਆ ਰਿਹਾ ਹੈ। ਮੈਂ ਇਕ ਐਵਰੇਜ ਡਾਂਸਰ ਹਾਂ ਪਰ ਆਸ ਹੈ ਕਿ ਜਦੋਂ ਤਕ ਫ਼ਿਲਮ ਆਏਗੀ, ਮੈਂ ਇਕ ਚੰਗੀ ਡਾਂਸਰ ਬਣ ਜਾਵਾਂਗੀ। ਇਸ ਫ਼ਿਲਮ 'ਚ ਬਹੁਤ ਉੱਚੇ ਦਰਜੇ ਦੇ ਡਾਂਸਰ ਹਨ ਪਰ ਜੇਕਰ ਮੈਨੂੰ ਕੋਈ ਸਟੈੱਪ ਨਹੀਂ ਆਉਂਦਾ ਤਾਂ ਉਹ ਲੋਕ ਮੈਨੂੰ ਸਮਝਾਉਂਦੇ ਹਨ। ਵਰੁਣ ਧਵਨ ਬਹੁਤ ਵਧੀਆ ਡਾਂਸਰ ਹਨ। ਇਸ ਲਈ ਮੈਨੂੰ ਇਨ੍ਹਾਂ ਸਭ ਦੀ ਬਰਾਬਰੀ ਕਰਨ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ।
* ਕੀ ਇਸ ਨਾਲ ਤੁਹਾਡੇ ਉੱਪਰ ਪਰਫਾਰਮੈਂਸ ਦਾ ਦਬਾਅ ਪੈਂਦਾ ਹੈ?
—ਦਬਾਅ ਤਾਂ ਪੈਂਦਾ, ਜੇ ਮੈਂ ਕੁਝ ਅਜਿਹਾ ਕਰਦੀ, ਜੋ ਮੈਨੂੰ ਪਸੰਦ ਨਾ ਹੁੰਦਾ। ਡਾਂਸਿੰਗ ਤਾਂ ਮੈਨੂੰ ਬਹੁਤ ਪਸੰਦ ਹੈ। ਮੈਂ ਬਚਪਨ ਵਿਚ ਬਹੁਤ ਸਾਰੇ ਡਾਂਸ ਮੁਕਾਬਲਿਆਂ ਵਿਚ ਹਿੱਸਾ ਲਿਆ ਹੈ। ਮੈਂ ਹੁਣ ਤਕ ਅਜਿਹੀਆਂ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚ ਬਸ ਠੁਮਕਾ ਹੀ ਲਗਾਉਣਾ ਪੈਂਦਾ ਸੀ। 'ਏ. ਬੀ. ਸੀ. ਡੀ.-2' ਇਕ ਡਾਂਸ ਬੇਸਡ ਫ਼ਿਲਮ ਹੈ। ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।
*ਕੀ ਤੁਸੀਂ ਖੁਸ਼ ਹੋ ਕਿ ਤੁਹਾਨੂੰ ਓਨਾ ਸੰਘਰਸ਼ ਨਹੀਂ ਕਰਨਾ ਪਿਆ, ਜਿੰਨਾ ਕਿ ਤੁਹਾਡੇ ਪਿਤਾ ਨੂੰ ਕਰਨਾ ਪਿਆ ਸੀ?
—ਇੰਝ ਨਹੀਂ ਹੈ। ਮੈਂ ਖੁਦ ਨੂੰ ਆਊਟਸਾਈਡਰ ਹੀ ਸਮਝਦੀ ਸੀ। ਮੈਂ ਕਈ ਆਡੀਸ਼ਨਸ ਦਿੱਤੇ ਅਤੇ ਕਈ ਵਾਰ ਰਿਜੈਕਸ਼ਨ ਦਾ ਸਾਹਮਣਾ ਵੀ ਕੀਤਾ। ਇਕ ਵੱਡੇ ਬੈਨਰ ਦੀ ਫ਼ਿਲਮ ਵੀ ਕੀਤੀ ਸੀ, ਜੋ ਮੈਂ ਸਾਈਨ ਕੀਤੀ ਸੀ ਪਰ ਬਾਅਦ 'ਚ ਮੈਨੂੰ ਕਾਲ ਕਰਕੇ ਕਿਹਾ ਗਿਆ ਕਿ ਮੈਨੇਜਮੈਂਟ ਕਿਸੇ ਹੋਰ ਨੂੰ ਫ਼ਿਲਮ 'ਚ ਲੈਣਾ ਚਾਹੁੰਦੀ ਹੈ। ਇਕ ਹੋਰ ਵੱਡਾ ਬੈਨਰ ਸੀ, ਜੋ ਮੈਨੂੰ ਲੈਣ ਵਾਲਾ ਸੀ ਪਰ ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੇ ਕਿਸੇ ਹੋਰ ਨੂੰ ਸਾਈਨ ਕਰ ਲਿਆ ਹੈ। ਲੋਕਾਂ ਨੂੰ ਲੱਗਦੈ ਕਿ ਸ਼ਕਤੀ ਕਪੂਰ ਦੀ ਬੇਟੀ ਹੋਣ ਦੇ ਨਾਤੇ ਮੈਨੂੰ ਸੰਘਰਸ਼ ਨਹੀਂ ਕਰਨਾ ਪਿਆ ਹੋਵੇਗਾ ਪਰ ਇੰਝ ਨਹੀਂ ਹੈ। ਮੈਂ ਕਈ ਫ਼ਿਲਮ ਨਿਰਦੇਸ਼ਕਾਂ ਨੂੰ ਮਿਲੀ, ਜੋ ਮੇਰੇ ਪਿਤਾ ਨੂੰ ਜਾਣਦੇ ਸਨ ਪਰ ਉਨ੍ਹਾਂ ਨੇ ਮੈਨੂੰ ਕੋਈ ਫ਼ਿਲਮ ਆਫਰ ਨਹੀਂ ਕੀਤੀ।
ਹੁਣ 'ਸਾਵੀਂ' ਉਤੇ ਬਣ ਰਹੀ ਹੈ ਫਿਲਮ
NEXT STORY