'ਨਾਬਰ' ਵਰਗੀ ਐਵਾਰਡ ਪ੍ਰਾਪਤ ਫਿਲਮ ਡਾਇਰੈਕਟ ਕਰਨ ਵਾਲਾ ਰਾਜੀਵ ਸ਼ਰਮਾ ਅੱਜਕਲ ਡਾ. ਜਗਦੀਸ਼ ਸਚਦੇਵਾ ਦੇ ਨਾਟਕ 'ਸਾਵੀ' ਉਤੇ ਆਧਾਰਿਤ 'ਸਾਵੀਂ' ਨਾਂ ਦੀ ਹੀ ਹਿੰਦੀ ਫਿਲਮ ਬਣਾ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਅੱਜਕਲ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਹੈ ਅਤੇ ਪੰਜਾਬੀ ਸਿਨੇਮੇ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਇਸ ਫਿਲਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਨਾਟਕਕਾਰ ਜਗਦੀਸ਼ ਸਚਦੇਵਾ ਨਾਲ 'ਸਾਵੀਂ' ਬਾਰੇ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਨਾਟਕ 1991 'ਚ ਲਿਖਿਆ ਸੀ ਅਤੇ 2000 'ਚ ਇਹ ਕਿਤਾਬੀ ਰੂਪ 'ਚ ਪ੍ਰਕਾਸ਼ਿਤ ਹੋਇਆ।
'ਸਾਵੀ' ਹੁਣ ਤਕ ਸੈਂਕੜੇ ਵਾਰ ਸਟੇਜ 'ਤੇ ਖੇਡਿਆ ਜਾ ਚੁੱਕਿਐ। ਸਚਦੇਵਾ ਨੇ ਦੱਸਿਆ ਕਿ ਇਸ ਨਾਟਕ ਦੇ ਘੱਟੋ-ਘੱਟ 25 ਸ਼ੋਅ ਤਾਂ ਉਹ ਆਪ ਕਰ ਚੁੱਕੇ ਹਨ। ਸਾਵੀਂ ਦੇ ਕਿਰਦਾਰ 'ਚ ਪਹਿਲਾਂ ਮੌਰਾਕੀਨ ਪੇਸ਼ ਹੁੰਦੀ ਰਹੀ ਅਤੇ ਪਿੱਛੋਂ ਇਹ ਕਿਰਦਾਰ ਮਨਦੀਪ ਨਿਭਾਉਂਦੀ ਰਹੀ। ਇਹ ਨਾਟਕ ਅਨੇਕ ਵਾਰ ਯੂਥ ਫੈਸਟੀਵਲਜ਼ 'ਚ ਖੇਡਿਆ ਗਿਆ।
ਹਿੰਦੀ ਅਤੇ ਪੰਜਾਬੀ ਤੋਂ ਇਲਾਵਾ ਇਸ ਨਾਟਕ ਦਾ ਪ੍ਰਕਾਸ਼ਨ ਅੰਗਰੇਜ਼ੀ 'ਚ ਵੀ ਹੋ ਰਿਹਾ ਹੈ। ''ਮੈਨੂੰ ਇਸ ਨਾਟਕ ਦੀ ਰਾਇਲਟੀ ਮਿਲਦੀ ਹੈ। 'ਸਾਵੀਂ' ਨੂੰ ਆਧਾਰ ਬਣਾ ਕੇ ਰਾਜੀਵ ਸ਼ਰਮਾ ਇਸ 'ਤੇ ਫਿਲਮ ਬਣਾ ਰਿਹਾ ਹੈ।'' ਜਗਦੀਸ਼ ਸਚਦੇਵਾ ਨੂੰ ਆਸ ਹੈ ਕਿ ਪਹਾੜੀ ਪਿੱਠਭੂਮੀ ਵਾਲੀ ਇਹ ਫਿਲਮ ਕਾਫੀ ਚਰਚਿਤ ਹੋ ਸਕਦੀ ਹੈ। ਰਾਜੀਵ ਸ਼ਰਮਾ ਇਕ ਸੁਲਝਿਆ ਹੋਇਆ ਨਿਰਦੇਸ਼ਕ ਹੈ ਅਤੇ ਉਸ ਨੇ 'ਸਾਵੀਂ' ਵਿਚ ਕੁਝ ਤਬਦੀਲੀਆਂ ਕਰਕੇ ਇਸ ਦਾ ਸਕ੍ਰੀਨ ਪਲੇਅ ਤਿਆਰ ਕੀਤਾ ਹੈ। ਇਸ ਫ਼ਿਲਮ ਵਿਚ 'ਸਾਵੀ' ਦਾ ਰੋਲ ਕਰ ਰਹੀ ਹੈ 'ਇਕ ਕੁੜੀ ਪੰਜਾਬ ਦੀ' ਫੇਮ ਹੀਰੋਇਨ ਜਸਪਿੰਦਰ ਚੀਮਾ। ਜਸਪਿੰਦਰ ਨੇ ਫੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਅੱਜਕਲ ਉਹ ਹਿਮਾਚਲ ਦੇ ਚੰਬਾ ਅਤੇ ਬੱਦੀ ਵਿਖੇ 'ਸਾਵੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਜਸਪਿੰਦਰ ਚੀਮਾ ਤੋਂ ਇਲਾਵਾ ਇਸ ਫ਼ਿਲਮ 'ਚ ਆਸ਼ਿਸ਼ ਦੁੱਗਲ, ਦਿਲਜਿੰਦਰ, ਮਨੀ ਬੋਪਾਰਾਏ ਅਤੇ ਨਿਰਮਲ ਰਿਸ਼ੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।