ਸ਼ਰੂਤੀ ਹਾਸਨ ਲੱਗਭਗ ਦੋ ਸਾਲ ਤੋਂ ਤਮਿਲ ਫਿਲਮ ਉਦਯੋਗ ਤੋਂ ਦੂਰ ਰਹੀ, ਜਿਸ ਦੌਰਾਨ ਉਸ ਨੇ ਆਪਣੇ ਬਾਲੀਵੁੱਡ ਕਰੀਅਰ ਨੂੰ ਜਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਹੁਣ ਇਕ ਵਾਰ ਫਿਰ ਤਮਿਲ ਫਿਲਮ 'ਪੂਜੈ' ਤੋਂ ਤਮਿਲ ਫਿਲਮਾਂ 'ਚ ਵਾਪਸੀ ਕਰ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਫਿਲਮਾਂ 'ਚ ਮਨਚਾਹੀ ਸਫਲਤਾ ਨਸੀਬ ਨਾ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।
ਉਂਝ ਸੂਤਰਾਂ ਅਨੁਸਾਰ ਸ਼ਰੂਤੀ ਹਾਸਨ ਫਿਲਹਾਲ ਆਪਣੇ ਦੋਵੇਂ ਬਦਲ ਯਾਨਿ ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਨੂੰ ਖੁੱਲ੍ਹਾ ਰੱਖਣਾ ਚਾਹੁੰਦੀ ਹੈ, ਇਸ ਲਈ ਉਸ ਨੇ ਬਾਲੀਵੁੱਡ ਦੇ ਨਾਲ-ਨਾਲ ਦੱਖਣ ਭਾਰਤੀ ਫਿਲਮਾਂ 'ਚ ਕੰਮ ਕਰਨਾ ਵੀ ਚਾਲੂ ਰੱਖਣ ਦੀ ਯੋਜਨਾ ਬਣਾਈ ਹੈ। ਉਂਝ ਤਮਿਲ ਸਟਾਰ ਕਮਲ ਹਾਸਨ ਅਤੇ ਅਭਿਨੇਤਰੀ ਸਾਰਿਕਾ ਦੀ ਇਸ ਬੇਟੀ ਦਾ ਕਹਿਣਾ ਹੈ ਕਿ ਉਸ ਨੂੰ ਤਮਿਲ ਫਿਲਮਾਂ ਤੋਂ ਦੂਰ ਰਹਿਣ ਦਾ ਕੋਈ ਮਲਾਲ ਨਹੀਂ ਹੈ। ਉਹ ਕਹਿੰਦੀ ਹੈ, ''ਮੈਂ ਇਕ ਬਹੁ-ਸੰਸਕ੍ਰਿਤਕ ਪਰਿਵਾਰ ਤੋਂ ਹਾਂ ਅਤੇ ਭਾਰਤੀ ਸਿਨੇਮਾ ਨਾਲ ਸੰਬੰਧ ਰੱਖਦੀ ਹਾਂ, ਇਸ ਲਈ ਮੈਨੂੰ ਸਾਰੀਆਂ ਭਾਸ਼ਾਵਾਂ 'ਚ ਫਿਲਮਾਂ ਕਰਨ ਤੋਂ ਝਿਜਕ ਨਹੀਂ। ਮੈਂ ਖੁਦ ਨੂੰ ਇਕ ਫਿਲਮ ਉਦਯੋਗ 'ਚ ਬੰਨ੍ਹ ਕੇ ਨਹੀਂ ਰੱਖਣਾ ਚਾਹੁੰਦੀ। ਮੈਨੂੰ ਤਾਂ ਆਜ਼ਾਦੀ ਪਸੰਦ ਹੈ।''
ਸ਼ਰੂਤੀ ਬਾਲੀਵੁੱਡ ਨੂੰ ਲੈ ਕੇ ਕਾਫੀ ਉਤਸ਼ਾਹਿਤ ਦਿਖਾਈ ਦਿੰਦੀ ਹੈ। ਉਹ ਇਨ੍ਹੀਂ ਦਿਨੀਂ ਤਿਗਮਾਂਸ਼ੂ ਧੂਲੀਆ ਦੀ ਫਿਲਮ 'ਯਾਰਾ' 'ਚ ਕੰਮ ਕਰ ਰਹੀ ਹੈ ਅਤੇ ਜਲਦ ਹੀ ਉਹ ਕਾਮੇਡੀ ਫਿਲਮ 'ਵੈੱਲਕਮ ਬੈਕ' ਵਿਚ ਵੀ ਦਿਖਾਈ ਦੇਵੇਗੀ।
ਖਤਰਨਾਕ ਹੈ ਆਲੀਆ ਨੂੰ ਨੈੱਟ 'ਤੇ ਸਰਚ ਕਰਨਾ
NEXT STORY