ਛੋਟੇ ਬੱਚੇ ਅਕਸਰ ਰਾਤ ਨੂੰ ਬਿਸਤਰੇ 'ਤੇ ਪਿਸ਼ਾਬ ਕਰ ਦਿੰਦੇ ਹਨ, ਜਿਸ ਨੂੰ ਮਾਤਾ-ਪਿਤਾ ਕੋਈ ਵੱਡੀ ਗੱਲ ਨਹੀਂ ਮੰਨਦੇ ਕਿਉਂਕਿ ਇਹ ਤਾਂ ਬਚਪਨ ਦਾ ਇਕ ਹਿੱਸਾ ਹੈ। ਹੁਣ ਤਾਂ ਡਾਈਪਰਸ ਦਾ ਰੁਝਾਨ ਵਧੇਰੇ ਹੋਣ ਕਾਰਨ ਛੋਟੇ ਬੱਚਿਆਂ ਵਲੋਂ ਬਿਸਤਰਾ ਗਿੱਲਾ ਕਰਨ ਦੀ ਸਮੱਸਿਆ ਨਹੀਂ ਰਹੀ। ਚਾਰ-ਪੰਜ ਸਾਲ ਦਾ ਹੋਣ 'ਤੇ ਜਦੋਂ ਬੱਚਿਆਂ ਨੂੰ ਡਾਈਪਰ ਲਗਾਉਣਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਸਮੇਂ ਉਨ੍ਹਾਂ ਵਲੋਂ ਬਿਸਤਰੇ 'ਤੇ ਪਿਸ਼ਾਬ ਕਰਨਾ ਪਰੇਸ਼ਾਨੀ ਵਾਲੀ ਗੱਲ ਜ਼ਰੂਰ ਹੋ ਸਕਦੀ ਹੈ। ਕਈ ਵਾਰ ਤਾਂ ਪੂਰੀ ਸਾਵਧਾਨੀ ਵਰਤਣ 'ਤੇ ਵੀ ਬੱਚੇ ਬਿਸਤਰਾ ਗਿੱਲਾ ਕਰ ਦਿੰਦੇ ਹਨ ਅਤੇ ਮਾਤਾ-ਪਿਤਾ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਉਨ੍ਹਾਂ ਦੀ ਇਹ ਆਦਤ ਕਿਵੇਂ ਛੁਡਵਾਉਣ। ਇਸ ਦੇ ਲਈ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਏ ਤਾਂ ਬੱਚਿਆਂ ਦੀ ਬਿਸਤਰੇ 'ਤੇ ਪਿਸ਼ਾਬ ਕਰਨ ਦੀ ਆਦਤ ਆਸਾਨੀ ਨਾਲ ਛੁਡਵਾਈ ਜਾ ਸਕਦੀ ਹੈ।
ਸੌਣ ਤੋਂ ਪਹਿਲਾਂ
ਛੋਟੇ ਬੱਚਿਆਂ ਨੂੰ ਰਾਤ ਨੂੰ ਸੁਆਉਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰਵਾਓ। ਇਸ ਨਾਲ ਉਨ੍ਹਾਂ ਦੀ ਰਾਤ ਨੂੰ ਬਿਸਤਰਾ ਗਿੱਲਾ ਕਰਨ ਦੀ ਆਦਤ ਵਿਚ ਜ਼ਰੂਰ ਸੁਧਾਰ ਹੋਵੇਗਾ।
ਰਾਤ ਨੂੰ ਪਾਣੀ ਨਾ ਪਿਲਾਓ
ਰਾਤ ਨੂੰ ਜਦੋਂ ਬੱਚਾ ਸੌਣ ਲੱਗੇ ਤਾਂ ਉਸ ਨੂੰ ਪਾਣੀ ਬਿਲਕੁਲ ਨਾ ਪਿਲਾਓ। ਇਸ ਤਰ੍ਹਾਂ ਉਹ ਰਾਤ ਨੂੰ ਸ਼ਾਂਤੀ ਨਾਲ ਸੌਵੇਂਗਾ ਅਤੇ ਬਿਸਤਰਾ ਵੀ ਗਿੱਲਾ ਨਹੀਂ ਕਰੇਗਾ। ਤੁਸੀਂ ਆਪਣੇ ਬੱਚੇ ਨੂੰ ਝਿੜਕ ਕੇ ਨਹੀਂ ਸਮਝਾ ਸਕਦੇ ਕਿ ਉਹ ਬਿਸਤਰੇ 'ਤੇ ਪਿਸ਼ਾਬ ਨਾ ਕਰੇ। ਇਸ ਤਰ੍ਹਾਂ ਬੱਚਿਆਂ ਨੂੰ ਬੁਰਾ ਵੀ ਲੱਗ ਸਕਦਾ ਹੈ।
ਪਾਣੀ ਦੀ ਮਾਤਰਾ 'ਤੇ ਧਿਆਨ
ਇੰਝ ਨਾ ਹੋਵੇ ਕਿ ਬੱਚਿਆਂ ਦੀ ਬਿਸਤਰੇ 'ਤੇ ਪਿਸ਼ਾਬ ਕਰਨ ਦੀ ਆਦਤ ਛੁਡਵਾਉਣ ਦੇ ਚੱਕਰ ਵਿਚ ਤੁਸੀਂ ਉਸ ਦਾ ਪਾਣੀ ਪੀਣਾ ਹੀ ਬੰਦ ਕਰ ਦਿਓ। ਇਸ ਨਾਲ ਉਸ ਅੰਦਰ ਪਾਣੀ ਦੀ ਕਮੀ ਹੋਣ ਨਾਲ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜੇਕਰ ਉਸ ਨੂੰ ਰਾਤ ਨੂੰ ਵੀ ਪਿਆਸ ਲੱਗਦੀ ਹੈ ਤਾਂ ਉਸ ਨੂੰ ਪੀਣ ਲਈ ਥੋੜ੍ਹਾ ਜਿਹਾ ਪਾਣੀ ਜ਼ਰੂਰ ਦਿਓ।
ਅਲਾਰਮ ਲਗਾਓ
ਜੇਕਰ ਵੱਡੇ ਬੱਚੇ ਨੂੰ ਬੈੱਡ 'ਤੇ ਪਿਸ਼ਾਬ ਕਰਨ ਤੋਂ ਰੋਕਣਾ ਚਾਹੁੰਦੇ ਹੋ ਤਾਂ ਉਸ ਲਈ ਰਾਤ ਨੂੰ ਇਕ ਅਲਾਰਮ ਸੈੱਟ ਕਰ ਦਿਓ। ਇਸ ਤਰ੍ਹਾਂ ਜਦੋਂ ਅਲਾਰਮ ਵੱਜੇਗਾ ਤਾਂ ਉਹ ਵੀ ਉੱਠ ਕੇ ਪਿਸ਼ਾਬ ਕਰ ਲਏਗਾ। ਜੇਕਰ ਤੁਸੀਂ ਇਸ ਦੀ ਆਦਤ ਬਣਾ ਦਿੱਤੀ ਤਾਂ ਉਹ ਬੈੱਡ 'ਤੇ ਪਿਸ਼ਾਬ ਕਰਨਾ ਭੁੱਲ ਜਾਏਗਾ।
ਮੈਡੀਕਲ ਚੈੱਕਅੱਪ
ਜੇਕਰ ਤੁਸੀਂ ਸਮੇਂ ਸਿਰ ਆਪਣੇ ਬੱਚੇ ਦੀ ਬਿਸਤਰੇ 'ਤੇ ਪਿਸ਼ਾਬ ਕਰਨ ਦੀ ਆਦਤ ਛੁਡਵਾਉਣ ਵਿਚ ਅਸਫਲ ਰਹੇ ਹੋ ਅਤੇ ਕਈ ਤਰ੍ਹਾਂ ਦੇ ਤਰੀਕੇ ਅਜ਼ਮਾ ਕੇ ਦੇਖ ਚੁੱਕੇ ਹੋ ਤਾਂ ਸਮਝ ਜਾਓ ਕਿ ਹੁਣ ਉਸ ਦਾ ਇਕ ਮੈਡੀਕਲ ਚੈੱਕਅੱਪ ਹੋਣਾ ਹੀ ਚਾਹੀਦੈ। ਇਸ ਨਾਲ ਬੱਚਿਆਂ ਨੂੰ ਸ਼ੂਗਰ ਜਾਂ ਪਿਸ਼ਾਬ ਰਾਹੀਂ ਇਨਫੈਕਸ਼ਨ ਹੋਣ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ।
ਸ਼ਾਬਾਸ਼ੀ ਦਿਓ
ਜਿਸ ਦਿਨ ਬੱਚੇ ਨੇ ਬਿਸਤਰੇ 'ਤੇ ਪਿਸ਼ਾਬ ਨਾ ਕੀਤਾ ਹੋਵੇ, ਉਸ ਦਿਨ ਉਸ ਨੂੰ ਸ਼ਾਬਾਸ਼ੀ ਜ਼ਰੂਰ ਦਿਓ। ਇਸ ਨਾਲ ਉਹ ਅਗਲੀ ਰਾਤ ਵੀ ਕੋਸ਼ਿਸ਼ ਕਰੇਗਾ ਕਿ ਬਿਸਤਰੇ 'ਤੇ ਉਸ ਦਾ ਪਿਸ਼ਾਬ ਨਾ ਨਿਕਲੇ। ਸ਼ਾਬਾਸ਼ੀ ਦੇ ਤੌਰ 'ਤੇ ਤੁਸੀਂ ਉਸ ਨੂੰ ਛੋਟੇ-ਮੋਟੇ ਖ਼ਿਡੌਣੇ ਆਦਿ ਵੀ ਦੇ ਸਕਦੇ ਹੋ।
ਇਨ੍ਹਾਂ ਦਾ ਰੱਖੋ ਖਿਆਲ
* ਜੇਕਰ ਤੁਸੀਂ ਬੱਚੇ ਦਾ ਬਿਸਤਰੇ 'ਤੇ ਪਿਸ਼ਾਬ ਕਰਨਾ ਛੁਡਵਾਉਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕੋਈ ਅਜਿਹੀ ਗੱਲ ਨਾ ਕਰੋ, ਜੋ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ।
* ਕਦੇ ਵੀ ਉਸ ਦੇ ਦੋਸਤਾਂ, ਆਪਣੇ ਜਾਣਕਾਰਾਂ ਜਾਂ ਆਪਣੇ ਗੁਆਂਢੀਆਂ ਸਾਹਮਣੇ ਉਸ ਦੀ ਇਸ ਆਦਤ ਦਾ ਜ਼ਿਕਰ ਨਾ ਕਰੋ। ਇਸ ਨਾਲ ਦੂਜਿਆਂ ਵਲੋਂ ਮਜ਼ਾਕ ਉਡਾਏ ਜਾਣ 'ਤੇ ਉਸ ਦੇ ਮਨੋਬਲ ਨੂੰ ਠੇਸ ਲੱਗਦੀ ਹੈ।
* ਲੋੜ ਤੋਂ ਵਧੇਰੇ ਦਿਖਾਇਆ ਗਿਆ ਡਰ ਉਸ ਦੀ ਇਸ ਆਦਤ 'ਤੇ ਕੰਟਰੋਲ ਕਰਨ ਦੀ ਬਜਾਏ ਉਸ ਨੂੰ ਹੋਰ ਵਧੇਰੇ ਵਧਾਏਗਾ।
* ਤੁਸੀਂ ਉਸ ਨੂੰ ਪਿਆਰ ਨਾਲ ਇਹ ਸਮਝਾ ਸਕਦੇ ਹੋ ਕਿ ਹੁਣ ਉਹ ਵੱਡਾ ਹੋ ਗਿਆ ਹੈ, ਇਸ ਲਈ ਬਿਸਤਰਾ ਗਿੱਲਾ ਕਰਨਾ ਬੈਡ ਮੈਨਰਸ ਵਿਚ ਆਉਂਦਾ ਹੈ ਅਤੇ ਉਹ ਤਾਂ ਚੰਗਾ ਬੱਚਾ ਹੈ।
* ਸ਼ੁਰੂਆਤ ਵਿਚ ਤੁਸੀਂ ਆਪ ਵੀ ਉੱਠ ਕੇ ਰਾਤ ਨੂੰ ਉਸ ਨੂੰ ਪਿਸ਼ਾਬ ਕਰਵਾਉਣ ਲਈ ਲਿਜਾ ਸਕਦੇ ਹੋ, ਹੌਲੀ-ਹੌਲੀ ਇਹ ਉਸ ਦੀ ਆਦਤ ਵਿਚ ਸ਼ਾਮਲ ਹੁੰਦਾ ਜਾਏਗਾ।
ਕੀ ਹੁੰਦੇ ਹਨ ਬੱਚੇਦਾਨੀ 'ਚ ਫਾਇਬ੍ਰਾਇਡ?
NEXT STORY