ਦਿਲਚਸਪ ਕਹਾਣੀ
ਮੈਰੀ ਨੇ 19 ਸਾਲ ਦੀ ਉਮਰ ਵਿਚ 1910 ਵਿਚ ਆਪਣੀ ਇਸ ਬ੍ਰਾ ਦਾ ਡਿਜ਼ਾਈਨ ਤਿਆਰ ਕੀਤਾ ਸੀ। ਅਸਲ ਵਿਚ ਇਕ ਸ਼ਾਮ ਉਸ ਨੇ ਇਕ ਡਾਂਸ ਪਾਰਟੀ ਵਿਚ ਜਾਣਾ ਸੀ। ਰਵਾਇਤ ਅਨੁਸਾਰ ਉਸ ਨੇ ਇਸ ਮੌਕੇ 'ਤੇ ਗਾਊਨ ਨਾਲ ਕੋਰਸੈੱਟ ਪਹਿਨਣਾ ਸੀ। ਉਸ ਸਮੇਂ ਉੱਚ ਵਰਗ ਦੀਆਂ ਯੂਰਪੀ ਔਰਤਾਂ ਅਕਸਰ ਕੋਰਸੈੱਟ ਪਹਿਨਦੀਆਂ ਸਨ, ਜੋ ਉਨ੍ਹਾਂ ਦੇ ਲੱਕ ਨੂੰ ਘੁੱਟ ਕੇ ਉਨ੍ਹਾਂ ਦੀ ਫਿੱਗਰ ਨੂੰ ਆਕਰਸ਼ਕ ਦਿਖਾਉਂਦੀ ਸੀ ਪਰ ਇਸ ਨੂੰ ਪਹਿਨਣਾ ਬਿਲਕੁਲ ਵੀ ਆਰਾਮਦਾਇਕ ਨਹੀਂ ਸੀ। ਉਸ ਦਿਨ ਮੈਰੀ ਦੀਆਂ ਭਾਰੀਆਂ ਛਾਤੀਆਂ ਕਾਰਨ ਲਿਬਾਸ ਦੇ ਗਲੇ ਵਿਚੋਂ ਕੋਰਸੈੱਟ ਵਿਚ ਲੱਗੀਆਂ ਵ੍ਹੇਲ ਮੱਛੀ ਦੀਆਂ ਹੱਡੀਆਂ ਬਾਹਰ ਨਜ਼ਰ ਆਉਣ ਲੱਗੀਆਂ ਸਨ।
ਇਸ ਸਮੱਸਿਆ ਨੂੰ ਦੂਰ ਕਰਨ ਲਈ ਉਸ ਨੇ ਆਪਣੀ ਸਹਾਇਕਾ ਤੋਂ ਦੋ ਰੇਸ਼ਮੀ ਰੁਮਾਲ ਅਤੇ ਇਕ ਗੁਲਾਬੀ ਰਿਬਨ ਮੰਗਵਾ ਕੇ ਉਨ੍ਹਾਂ ਨੂੰ ਸੂਈ-ਧਾਗੇ ਦੀ ਮਦਦ ਨਾਲ ਸਿਉਂ ਕੇ ਆਪਣੇ ਲਈ ਇਕ ਆਰਾਮਦਾਇਕ ਬ੍ਰਾ ਤਿਆਰ ਕਰ ਲਈ। ਇਸ ਤਰ੍ਹਾਂ ਇਕ ਬੇਹੱਦ ਆਰਾਮਦਾਇਕ ਅੰਗ-ਵਸਤਰ ਦੀ ਖੋਜ ਹੋ ਗਈ।
ਪਾਰਟੀ ਵਿਚ ਉਸ ਦੀਆਂ ਸਹੇਲੀਆਂ ਨੇ ਜਦੋਂ ਉਸ ਤੋਂ ਜਾਣਨਾ ਚਾਹਿਆ ਕਿ ਉਹ ਕਿਸ ਤਰ੍ਹਾਂ ਇੰਨੀ ਚੁਸਤੀ ਨਾਲ ਡਾਂਸ ਕਰ ਰਹੀ ਹੈ ਤਾਂ ਉਸ ਨੇ ਉਨ੍ਹਾਂ ਨੂੰ ਆਪਣੀ ਇਸ ਬ੍ਰਾ ਬਾਰੇ ਦੱਸਿਆ। ਇਸ ਨੂੰ ਸਭ ਨੇ ਹੱਥੋ-ਹੱਥੀ ਲਿਆ। ਇਸ ਦੀ ਲੋਕਪ੍ਰਿਯਤਾ ਨੂੰ ਦੇਖਦਿਆਂ ਮੈਰੀ ਨੇ 12 ਫਰਵਰੀ 1914 ਨੂੰ ਆਪਣੀ ਇਸ ਖੋਜ ਲਈ ਪੇਟੈਂਟ ਦਾ ਬਿਨੈ ਕੀਤਾ। ਯੂਨਾਈਟਿਡ ਸਟੇਟਸ ਪੇਟੈਂਟ ਐਂਡ ਟ੍ਰੇਡਮਾਰਕ ਆਫਿਸ ਨੇ ਨਵੰਬਰ 1914 'ਚ ਉਨ੍ਹਾਂ ਦੇ ਨਾਂ 'ਤੇ ਇਸ ਦੇ ਲਈ ਪੇਟੈਂਟ ਜਾਰੀ ਕਰ ਦਿੱਤਾ।
ਇਸ ਪਿੱਛੋਂ ਮੈਰੀ ਨੇ ਔਰਤਾਂ ਦੇ ਅੰਦਰੂਨੀ-ਵਸਤਰ ਤਿਆਰ ਕਰਨ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਅਸਫਲਤਾ ਹੱਥ ਲੱਗਣ 'ਤੇ ਉਸ ਨੇ ਆਪਣਾ ਪੇਟੈਂਟ 'ਵਾਰਨਰ ਬ੍ਰਦਰਸ ਕੋਰਸੈੱਟ ਕੰਪਨੀ' ਨੂੰ ਸਿਰਫ 90 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਕੰਪਨੀ ਨੇ ਅਗਲੇ 30 ਸਾਲਾਂ ਦੌਰਾਨ ਬ੍ਰਾ ਪੇਟੈਂਟ ਦੇ ਦਮ 'ਤੇ ਹੀ 92 ਕਰੋੜ ਰੁਪਏ ਦੀ ਕਮਾਈ ਕੀਤੀ।
ਇਕ ਖਾਸ ਪ੍ਰਦਰਸ਼ਨੀ
ਅੱਜਕਲ ਆਧੁਨਿਕ ਬ੍ਰਾ ਦੇ 100 ਸਾਲ ਪੂਰੇ ਹੋਣ 'ਤੇ ਇਕ ਖਾਸ ਪ੍ਰਦਰਸ਼ਨੀ ਦਾ ਆਯੋਜਨ ਜਰਮਨ ਸ਼ਹਿਰ ਫ੍ਰੈਂਕਫਰਟ ਦੇ ਮਿਊਜ਼ੀਅਮ ਆਫ ਕਮਿਊਨੀਕੇਸ਼ਨ ਵਿਚ ਕੀਤਾ ਗਿਆ ਹੈ। ਪ੍ਰਦਰਸ਼ਨੀ ਵਿਚ ਪਿਛਲੇ 100 ਸਾਲਾਂ ਦੌਰਾਨ ਪ੍ਰਚਲਿਤ ਰਹੀਆਂ 100 ਤੋਂ ਵਧੇਰੇ ਕੋਰਸੈੱਟ, ਬਿਕਨੀ ਅਤੇ ਵੰਡਰਬ੍ਰਾ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਹ ਪ੍ਰਦਰਸ਼ਨੀ ਔਰਤਾਂ ਦੇ ਅੰਗ-ਵਸਤਰਾਂ ਨਾਲ ਸੰਬੰਧਤ ਨਹੀਂ ਹੈ, ਸਗੋਂ ਇਹ ਇਸ ਨਾਲ ਜੁੜੇ ਸਮਾਜਿਕ ਇਤਿਹਾਸ 'ਤੇ ਰੌਸ਼ਨੀ ਪਾਉਣ ਦੀ ਇਕ ਕੋਸ਼ਿਸ਼ ਹੈ। ਅਜਾਇਬਘਰ ਦੀ ਸਰਪ੍ਰਸਤ ਜੂਲੀਆ ਬੈਸਟੀਅਨ ਅਨੁਸਾਰ ਆਦਰਸ਼ ਸ਼ਖਸੀਅਤਾਂ, ਸੁੰਦਰਤਾ ਦੇ ਪੈਮਾਨਿਆਂ, ਵਹਿਮਾਂ ਅਤੇ ਨੈਤਿਕ ਕਦਰਾਂ-ਕੀਮਤਾਂ ਤੱਕ ਬਾਰੇ ਬ੍ਰਾ ਬਹੁਤ ਕੁਝ ਕਹਿੰਦੀ ਹੈ।
ਜਿਵੇਂ ਕਿ ਪ੍ਰਦਰਸ਼ਨੀ ਵਿਚ ਉਹ ਕੋਰਸੈੱਟ ਪ੍ਰਦਰਸ਼ਿਤ ਹਨ, ਜਿਨ੍ਹਾਂ ਨੂੰ ਬ੍ਰਾ ਦੀ ਖੋਜ ਤੋਂ ਪਹਿਲਾਂ ਅਮੇਰਿਕੀ-ਯੂਰਪੀ ਔਰਤਾਂ ਆਮ ਤੌਰ 'ਤੇ ਪਹਿਨਦੀਆਂ ਸਨ। ਇਹ ਉਨ੍ਹਾਂ ਦੀਆਂ ਛਾਤੀਆਂ ਅਤੇ ਲੱਕ ਨੂੰ ਇੰਨੀ ਘੁੱਟ ਕੇ ਰੱਖਦਾ ਸੀ ਕਿ ਉਨ੍ਹਾਂ ਲਈ ਸਾਹ ਲੈਣਾ ਵੀ ਔਖਾ ਹੁੰਦਾ ਸੀ। ਉਸ ਸਮੇਂ ਮੰਨਿਆ ਜਾਂਦਾ ਸੀ ਕਿ ਔਰਤਾਂ ਦਾ ਲੱਕ ਬੇਹੱਦ ਪਤਲਾ ਹੋਣਾ ਚਾਹੀਦੈ। 19ਵੀਂ ਸਦੀ ਵਿਚ ਔਰਤਾਂ ਦਾ ਆਦਰਸ਼ ਲੱਕ ਭਾਵ ਕਮਰ 40 ਤੋਂ 50 ਸੈਂਟੀਮੀਟਰ ਮੰਨਿਆ ਜਾਂਦਾ ਸੀ। ਆਖਿਰ ਮੈਰੀ ਫੈਲਪਸ ਜੈਕਬ ਦੇ ਆਧੁਨਿਕ ਬ੍ਰਾ ਦੀ ਖੋਜ ਨੇ ਅਮੇਰਿਕੀ ਅਤੇ ਯੂਰਪੀ ਔਰਤਾਂ ਨੂੰ ਇਸ ਕੋਰਸੈੱਟ ਦੇ ਬੰਧਨ ਤੋਂ ਮੁਕਤੀ ਦਿਵਾਈ। ਪਿਛਲੇ 100 ਸਾਲਾਂ ਦੌਰਾਨ ਆਧੁਨਿਕ ਬ੍ਰਾ ਵਿਚ ਅਣਗਿਣਤ ਤਬਦੀਲੀਆਂ ਹੋਈਆਂ ਹਨ ਅਤੇ ਇਸ ਨੇ ਔਰਤਾਂ ਦੇ ਫੈਸ਼ਨ ਅਤੇ ਕਾਮੁਕਤਾ ਦੇ ਨਜ਼ਰੀਏ ਵਿਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ ਹਨ। 1920 ਵਿਚ ਬੰਧਨ ਮੁਕਤ ਮਹਿਸੂਸ ਕਰਦਿਆਂ ਔਰਤਾਂ ਪਤਲੀਆਂ ਅਤੇ ਕੁੜੀਆਂ ਵਾਂਗ ਦਿਸਣਾ ਚਾਹੁੰਦੀਆਂ ਸਨ, ਜਦਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਉਨ੍ਹਾਂ ਦੀ ਚਾਹਤ ਵੱਧ ਤੋਂ ਵੱਧ ਕਾਮੁਕ ਅਤੇ ਫੈਸ਼ਨੇਬਲ ਦਿਸਣ ਦੀ ਹੋਣ ਲੱਗੀ। 1970 ਦੇ ਦਹਾਕੇ ਵਿਚ ਇਸਤਰੀਵਾਦੀਆਂ ਨੇ ਬ੍ਰਾ ਸਾੜ ਕੇ ਮਰਦ ਪ੍ਰਧਾਨਗੀ ਦਾ ਵਿਰੋਧ ਕੀਤਾ, ਜਦਕਿ 20 ਸਾਲ ਬਾਅਦ ਵੰਡਰਬ੍ਰਾ ਹੱਥੋ-ਹੱਥ ਵਿਕੀ, ਜੋ ਛੋਟੀਆਂ ਛਾਤੀਆਂ ਵਾਲੀਆਂ ਔਰਤਾਂ ਦੀ 'ਮਦਦ' ਕਰਨ ਦਾ ਦਾਅਵਾ ਕਰਦੀ ਸੀ।
ਨਸ਼ਾਮੁਕਤ ਜੀਵਨ ਕਾਰਨ ਅੱਜ ਵੀ ਤੰਦਰੁਸਤ
NEXT STORY