ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਦੇ ਠਿਓਗ ਤਹਿਸੀਲ ਦੇ ਤਹਿਤ ਆਉਣ ਵਾਲੀ ਗ੍ਰਾਮ ਪੰਚਾਇਤ ਕੰਦਰੂ ਦੇ ਪਿੰਡ ਕਰਿਆਲ ਨਾਲ ਸੰਬੰਧ ਰੱਖਣ ਵਾਲੇ 84 ਸਾਲਾ ਸੀਤਾ ਰਾਮ ਵਰਮਾ 'ਚ ਅੱਜ ਵੀ ਨੌਜਵਾਨਾਂ ਵਰਗਾ ਜੋਸ਼ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਮੂੰਹ ਦੇ ਸਾਰੇ ਦੰਦ ਅੱਜ ਵੀ ਪਹਿਲਾਂ ਵਾਂਗ ਹਨ। ਸਕੱਤਰੇਤ ਵਿਚ ਇਕ ਅਹਿਮ ਅਹੁਦੇ ਤੋਂ ਰਿਟਾਇਰ ਹੋਏ ਸੀਤਾ ਰਾਮ ਵਰਮਾ ਆਪਣੀ ਲੰਬੀ ਉਮਰ ਦਾ ਰਾਜ਼ ਨਸ਼ਾਮੁਕਤ ਜੀਵਨ ਅਤੇ ਰੋਜ਼ਾਨਾ ਸਵੇਰੇ ਸੈਰ ਕਰਨਾ ਦੱਸਦੇ ਹਨ।
ਉਨ੍ਹਾਂ ਨੇ ਸਰਕਾਰੀ ਸੇਵਾ ਵਿਚ 38 ਸਾਲ ਬਿਤਾਏ ਅਤੇ ਰਿਟਾਇਰਮੈਂਟ ਤੋਂ ਬਾਅਦ ਕੰਦਰੂ ਪੰਚਾਇਤ ਦੇ 5 ਸਾਲ ਪ੍ਰਧਾਨ ਰਹੇ। ਉਨ੍ਹਾਂ ਨੇ ਆਪਣੇ ਦਫਤਰ ਵਿਚ ਪੰਚਾਇਤ ਭਵਨ ਦਾ ਨਿਰਮਾਣ, ਉਪ ਸਿਹਤ ਕੇਂਦਰ ਅਤੇ ਪਸ਼ੂ ਡਿਸਪੈਂਸਰੀ ਖੁਲ੍ਹਵਾਉਣ ਤੋਂ ਇਲਾਵਾ ਪੰਚਾਇਤ ਨੂੰ ਸੜਕ ਨਾਲ ਜੋੜਿਆ।
ਇਸ ਦੇ ਨਾਲ ਲੱਗਦੀ ਪੰਚਾਇਤ 'ਚ ਵੀ ਜਾਗਰੂਕਤਾ ਆਈ ਅਤੇ ਖੇਤਰ ਵਿਚ ਹਜ਼ਾਰਾਂ ਦੀ ਜਨਸੰਖਿਆ ਸੜਕ ਰਾਹੀਂ ਜੁੜ ਗਈ। ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਪੰਚਾਇਤ ਵਿਚ ਬਿਜਲੀ ਦੀ ਸਹੂਲਤ ਵੀ ਨਹੀਂ ਸੀ। ਆਪਣੇ ਲੰਬੇ ਸਰਕਾਰੀ ਜੀਵਨ ਦੇ ਅਨੁਭਵ ਦਾ ਫਾਇਦਾ ਉਨ੍ਹਾਂ ਨੂੰ ਪੰਚਾਇਤ ਪ੍ਰਧਾਨ ਰਹਿੰਦਿਆਂ ਵੀ ਮਿਲਿਆ, ਜਿਸ ਨਾਲ ਵਿਕਾਸ ਦੇ ਕੰਮ ਵਿਚ ਰਫ਼ਤਾਰ ਮਿਲੀ। ਉਹ ਅੱਜ ਵੀ ਘਰ ਦਾ ਸਾਰਾ ਕੰਮ ਅਤੇ ਸੇਬ ਦੇ ਬਗੀਚਿਆਂ ਦੀ ਦੇਖਭਾਲ ਆਪ ਕਰਦੇ ਹਨ।
ਸੀਤਾ ਰਾਮ ਵਰਮਾ ਦੱਸਦੇ ਹਨ ਕਿ ਉਨ੍ਹਾਂ ਦਾ ਬਚਪਨ ਗਰੀਬੀ ਵਿਚ ਬੀਤਿਆ, ਜਿਸ ਕਾਰਨ ਕਈ ਵਾਰ ਨੰਗੇ ਪੈਰੀਂ ਸਕੂਲ ਜਾਣਾ ਪੈਂਦਾ ਸੀ। ਇਸ ਦੇ ਬਾਵਜੂਦ ਮਾਤਾ-ਪਿਤਾ ਦਾ ਸੁਪਨਾ ਸਾਕਾਰ ਕਰਨ ਲਈ ਪੜ੍ਹਾਈ ਕੀਤੀ। ਉਹ ਸਮਾਜ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾਮੁਕਤ ਬਣਾਉਣਾ ਚਾਹੁੰਦੇ ਹਨ। ਇਸ ਦੇ ਲਈ ਆਪਣੇ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਨੌਜਵਾਨਾਂ ਵਿਚ ਵਧਦੀ ਨਸ਼ਾਖੋਰੀ ਤੋਂ ਉਹ ਫਿਕਰਮੰਦ ਹੈ। ਉਹ ਇਸ ਦੇ ਲਈ ਸਰਕਾਰ ਵਲੋਂ ਖਾਸ ਜਾਗਰੂਕਤਾ ਮੁਹਿੰਮ ਚਲਾਉਣ ਦੇ ਪੱਖ ਵਿਚ ਹਨ, ਜਿਸ ਵਿਚ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਜੋੜਿਆ ਜਾਣਾ ਚਾਹੀਦੈ। ਇਸ ਨਾਲ ਸਮਾਜ ਵਿਚ ਨਸ਼ੇ ਦੀ ਵਧਦੀ ਪ੍ਰਵਿਰਤੀ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣੈ ਕਿ ਇਸ ਦੇ ਲਈ ਗੁੱਟਬੰਦੀ ਵਾਲੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਮੂਹਿਕ ਯਤਨ ਕੀਤੇ ਜਾਣੇ ਚਾਹੀਦੇ ਹਨ।
'ਮੈਂ ਫਿਲਮ 'ਚ ਪੰਜਾਬ ਵਿਚ ਮੁਖ ਸਮੱਸਿਆ 'ਨਸ਼ੇ' ਨੂੰ ਬਣਾਇਆ ਹੈ ਮੁੱਦਾ'
NEXT STORY