ਇਕ ਜਰਮਨ ਡਿਜ਼ਾਈਨਰ ਮਾਈਕਲ ਵਰਨਰ ਨੇ ਕਾਰ ਨੂੰ ਹਵਾ ਵਿਚ ਉਡਾਉਣ ਦੀ ਤਕਨੀਕ ਕਾਫੀ ਹੱਦ ਤੱਕ ਵਿਕਸਿਤ ਕਰ ਲਈ ਹੈ। ਉਨ੍ਹਾਂ ਦੀ ਕਾਰ ਦੇ ਮਾਡਲ ਦੀ ਜਾਂਚ ਵੀ ਜਾਰੀ ਹੈ। ਜਿਵੇਂ ਹੀ ਇਸ ਨੂੰ ਆਮ ਲੋਕਾਂ ਦੀ ਵਰਤੋਂ ਲਈ ਲਾਇਸੈਂਸ ਜਾਰੀ ਹੋ ਜਾਏਗਾ ਤਾਂ ਉਨ੍ਹਾਂ ਦੀ ਕੰਪਨੀ ਇਸ ਦਾ ਵੱਡੇ ਪੱਧਰ 'ਤੇ ਨਿਰਮਾਣ ਅਤੇ ਬਰਾਮਦ ਸ਼ੁਰੂ ਕਰ ਸਕਦੀ ਹੈ।
ਮਾਈਕਲ ਇਕ ਇੰਜੀਨੀਅਰ, ਟੈਸਟ ਪਾਇਲਟ ਅਤੇ 'ਫ੍ਰੈਸ਼ ਬ੍ਰੀਜ਼' ਨਾਮੀ ਇਕ ਛੋਟੀ ਜਰਮਨ ਕੰਪਨੀ ਦੇ ਬਾਨੀ-ਡਾਇਰੈਕਟਰ ਹਨ। ਉਨ੍ਹਾਂ ਦੀ ਉੱਡਣ ਵਾਲੀ ਇਸ ਅਨੋਖੀ ਕਾਰ ਵਿਚ ਇਕ ਖਾਸ ਕਿਸਮ ਦਾ ਰੀਅਲ ਐਕਸੈੱਸ ਟ੍ਰਾਂਸਮਿਸ਼ਨ ਲੱਗਾ ਹੋਇਆ ਹੈ, ਜੋ ਕਾਰ ਨੂੰ ਜ਼ਮੀਨ 'ਤੇ ਚੱਲਣ ਵਿਚ ਮਦਦ ਕਰਦਾ ਹੈ, ਜਦਕਿ ਕਾਰ ਵਿਚ ਪਿੱਛੇ ਲੱਗਾ ਪ੍ਰੋਪੇਲਰ ਇਸ ਨੂੰ ਹਵਾ ਵਿਚ ਉਡਾਨ ਭਰਨ ਵਿਚ ਮਦਦ ਕਰਦਾ ਹੈ।
ਕੰਪਨੀ ਨੂੰ ਆਸ ਹੈ ਕਿ ਅਗਲੇ ਸਾਲ ਤੱਕ ਉਹ ਇਸ ਕਾਰ ਦਾ ਚਾਲੂ ਮਾਡਲ ਤਿਆਰ ਕਰ ਲਏਗੀ। ਉਨ੍ਹਾਂ ਅਨੁਸਾਰ ਇਹ ਕਾਰ 200 ਕਿ. ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਫਿਲਹਾਲ ਇਸ ਨੂੰ ਇਕ ਅਲਟ੍ਰਾਲਾਈਟ ਏਅਰਕ੍ਰਾਫਟ ਦੇ ਰੂਪ ਵਿਚ ਮਾਨਤਾ ਦਿੱਤੀ ਜਾ ਰਹੀ ਹੈ।
ਇਸ ਨੂੰ ਚਲਾਉਣ ਦਾ ਤਰੀਕਾ ਬਹੁਤ ਸੌਖਾ ਹੈ। ਸੜਕ ਰਾਹੀਂ ਇਸ ਨੂੰ ਲਾਂਚ ਸਾਈਟ ਤੱਕ ਲਿਜਾਇਆ ਜਾ ਸਕਦਾ ਹੈ, ਉਥੇ ਇਸ ਦੇ ਪ੍ਰੋਪੇਲਰ ਨੂੰ ਖੋਲ੍ਹ ਦਿੱਤਾ ਜਾਂਦਾ ਹੈ। ਇਸ ਦੀ ਛੱਤ ਤਾਣ ਲਈ ਜਾਂਦੀ ਹੈ। ਇੰਜਣ ਸਟਾਰਟ ਕਰਨ ਪਿੱਛੋਂ ਕੁਝ ਦੂਰੀ ਤੱਕ ਦੌੜਨ ਪਿੱਛੋਂ ਇਹ ਹਵਾ 'ਚ ਉੱਡ ਸਕਦੀ ਹੈ।
ਕਾਰ ਦੇ ਡਿਜ਼ਾਈਨ ਨੂੰ ਕਈ ਦੇਸ਼ਾਂ ਵਿਚ ਪਸੰਦ ਕੀਤਾ ਜਾ ਰਿਹਾ ਹੈ, ਜਿਥੇ ਕਾਫੀ ਲੰਬੇ ਮੈਦਾਨ ਜਾਂ ਰੇਗਿਸਤਾਨ ਹਨ। ਕੰਪਨੀ ਨੂੰ ਆਸ ਹੈ ਕਿ ਉਹ ਦੱਖਣੀ ਅਫਰੀਕਾ ਜਾਂ ਯੂ. ਏ. ਈ. ਵਿਚ ਆਸਾਨੀ ਨਾਲ 300 ਕਾਰਾਂ ਵੇਚ ਲਏਗੀ।
ਉਂਝ ਤਾਂ ਉੱਡਣ ਵਾਲੀਆਂ ਕਾਰਾਂ ਦੇ ਪ੍ਰੋਟੋਟਾਈਪ ਮਾਡਲ 2012 'ਚ ਹੀ ਸਾਹਮਣੇ ਆ ਗਏ ਸਨ ਪਰ ਹੁਣ ਤੱਕ ਬਾਜ਼ਾਰ ਵਿਚ ਕੋਈ ਚਾਲੂ ਮਾਡਲ ਲਾਂਚ ਨਹੀਂ ਕੀਤਾ ਜਾ ਸਕਿਆ। ਹਾਲਾਂਕਿ ਅਜਿਹੇ ਕਈ ਪ੍ਰੋਜੈਕਟ ਅਮੇਰਿਕਾ, ਨੀਦਰਲੈਂਡ ਅਤੇ ਸਲੋਵਾਕੀਆ ਵਿਚ ਚੱਲ ਰਹੇ ਹਨ।
ਮੋਲਰ ਇੰਟਰਨੈਸ਼ਨਲ ਕੰਪਨੀ ਦੇ ਬਾਨੀ ਪਾਊਲ ਮੋਲਰ ਉੱਡਣ ਵਾਲੀ ਕਾਰ ਦਾ ਸੁਪਨਾ ਦਹਾਕਿਆਂ ਤੋਂ ਦੇਖ ਰਹੇ ਹਨ। ਇਸੇ ਤਰ੍ਹਾਂ ਟੈਸਲਾ ਨਾਮੀ ਕੰਪਨੀ ਦੇ ਬਾਨੀ ਵੀ ਕਈ ਸਾਲਾਂ ਤੋਂ ਏਅਰਕਾਰ, ਸਕਾਈਕਾਰ ਜਾਂ ਕਾਰ ਪਲੇਨ ਨਾਮੀ ਉੱਡਣ ਵਾਲੀ ਕਾਰ ਤਿਆਰ ਕਰਨ ਵਿਚ ਜੁਟੇ ਹਨ ਪਰ ਜਰਮਨੀ ਦੀ ਇਹੀ ਕੰਪਨੀ ਉਨ੍ਹਾਂ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ।
ਆਖਿਰ ਉਨ੍ਹਾਂ ਦੀ ਕੰਪਨੀ ਨੂੰ ਹੋਰ ਕੰਪਨੀਆਂ ਦੀ ਤੁਲਨਾ ਵਿਚ ਵਧੇਰੇ ਸਫਲਤਾ ਕਿਉਂ ਮਿਲ ਸਕੀ ਹੈ? ਇਸ ਬਾਰੇ ਮਾਈਕਲ ਦਾ ਕਹਿਣੈ ਕਿ ਅਜਿਹੀਆਂ ਕਾਰਾਂ ਦੇ ਮਾਮਲੇ ਵਿਚ ਉੱਡਣ ਅਤੇ ਡਰਾਈਵਿੰਗ ਵਿਚ ਸੰਤੁਲਨ ਬਣਾਉਣਾ ਇਕ ਵੱਡੀ ਚੁਣੌਤੀ ਰਹੀ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਪੈਰਾਗਲਾਈਡਰ ਫਲਾਈਟ ਕੈਪੇਸਿਟੀ ਦੀ ਵਰਤੋਂ ਕੀਤੀ ਹੈ। ਉਹ ਜਾਣਦੇ ਸਨ ਕਿ ਪੱਕੇ ਪਰਾਂ ਨਾਲ ਕੁਝ ਮੁਸ਼ਕਿਲਾਂ ਜੁੜੀਆਂ ਹਨ। ਉਂਝ ਉਨ੍ਹਾਂ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
2 ਸੀਟਾਂ ਵਾਲੇ ਹਵਾਈ ਜਹਾਜ਼ਾਂ ਵਿਚ ਵਰਤੇ ਜਾਣ ਵਾਲੇ ਰੋਟੈਕਸ ਇੰਜਣ ਉਨ੍ਹਾਂ ਦੀ ਉੱਡਣ ਵਾਲੀ ਕਾਰਨ ਲਈ ਸਹੀ ਨਹੀਂ ਸੀ ਕਿਉਂਕਿ ਇਹ ਸੜਕ 'ਤੇ ਚੱਲਣ ਅਤੇ ਵਾਤਾਵਰਣ ਦੇ ਮਾਪਦੰਡਾਂ ਅਨੁਸਾਰ ਨਹੀਂ ਹੋਣਾ ਸੀ। ਇਸ ਲਈ ਉਨ੍ਹਾਂ ਨੇ 150 ਹਾਰਸ ਪਾਵਰ ਵਾਲੇ ਟਰਬੋ ਚਾਰਜਿੰਗ ਟੂ ਸਿਲੰਡਰ ਇੰਜਣ ਦੀ ਚੋਣ ਕੀਤੀ, ਜੋ ਸਨੋਅ ਮੋਬਾਈਲਸ ਵਿਚ ਵਰਤਿਆ ਜਾਂਦਾ ਹੈ। 300 ਕਿਲੋ ਭਾਰੀ ਉਨ੍ਹਾਂ ਦੀ ਕਾਰ ਵਿਚ ਐਂਟੀ ਲੌਕ, ਬ੍ਰੇਕਿੰਗ ਸਿਸਟਮ ਵੀ ਹੋਵੇਗਾ। ਮਾਈਕਲ ਅਨੁਸਾਰ ਉਨ੍ਹਾਂ ਨੇ 90 ਫੀਸਦੀ ਸਮੱਸਿਆਵਾਂ ਸੁਲਝਾ ਲਈਆਂ ਹਨ ਅਤੇ ਛੇਤੀ ਹੀ ਉਨ੍ਹਾਂ ਦੀ ਕਾਰ ਨੂੰ ਆਮ ਲੋਕ ਉਡਾਉਂਦੇ ਨਜ਼ਰ ਆ ਸਕਦੇ ਹਨ।
ਮਹਾਲਕਸ਼ਮੀ ਦਾ ਪੁਲ
NEXT STORY