ਜੀਵਨਾਬਾਈ ਦੀ ਸਾੜ੍ਹੀ, ਜੋ ਸ਼ਾਂਤਾਬਾਈ ਦੀ ਸਾੜ੍ਹੀ ਨਾਲ ਲਟਕ ਰਹੀ ਹੈ, ਗੂੜ੍ਹੇ ਭੂਰੇ ਰੰਗ ਦੀ ਹੈ। ਉਂਝ ਤਾਂ ਇਸ ਦਾ ਰੰਗ ਸ਼ਾਂਤਾਬਾਈ ਦੀ ਸਾੜ੍ਹੀ ਤੋਂ ਵੀ ਫਿੱਕਾ ਨਜ਼ਰ ਆਏਗਾ ਪਰ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਫਿੱਕੀ ਹੁੰਦਿਆਂ ਹੋਇਆਂ ਵੀ ਇਹ ਤੁਹਾਨੂੰ ਗੂੜ੍ਹੇ ਭੂਰੇ ਰੰਗ ਦੀ ਨਜ਼ਰ ਆਏਗੀ। ਇਹ ਸਾੜ੍ਹੀ ਵੀ ਪੰਜ ਰੁਪਏ ਚਾਰ ਆਨੇ ਦੀ ਹੈ ਅਤੇ ਬੜੀ ਫਟੀ-ਪੁਰਾਣੀ ਹੈ। ਇਹ ਇਕ ਥਾਂ ਤੋਂ ਫਟ ਗਈ ਸੀ ਪਰ ਹੁਣ ਉਥੇ ਤੋਪੇ ਲੱਗੇ ਹਨ ਅਤੇ ਇੰਨੀ ਦੂਰੋਂ ਵੀ ਨਜ਼ਰ ਆਉਂਦੀ ਹੈ। ਹਾਂ, ਤੁਸੀਂ ਉਹ ਵੱਡਾ ਟੁਕੜਾ ਤਾਂ ਜ਼ਰੂਰ ਦੇਖ ਸਕਦੇ ਹੋ, ਜੋ ਗੂੜ੍ਹੇ ਨੀਲੇ ਰੰਗ ਦਾ ਹੈ ਅਤੇ ਸਾੜ੍ਹੀ ਵਿਚ, ਜਿਥੋਂ ਉਹ ਫਟ ਚੁੱਕੀ ਸੀ, ਲਗਾਇਆ ਗਿਆ ਹੈ।
ਇਹ ਟੁਕੜਾ ਜੀਵਨਾਬਾਈ ਦੀ ਉਸ ਪਹਿਲੀ ਸਾੜ੍ਹੀ ਦਾ ਹੈ ਅਤੇ ਦੂਜੀ ਸਾੜ੍ਹੀ ਨੂੰ ਪੱਕਾ ਬਣਾਉਣ ਲਈ ਵਰਤਿਆ ਗਿਆ ਹੈ। ਜੀਵਨਾਬਾਈ ਵਿਧਵਾ ਹੈ ਇਸ ਲਈ ਉਹ ਹਮੇਸ਼ਾ ਪੁਰਾਣੀਆਂ ਚੀਜ਼ਾਂ 'ਚ ਨਵੀਆਂ ਚੀਜ਼ਾਂ ਨੂੰ ਮਜ਼ਬੂਤ ਬਣਾਉਣ ਦੇ ਢੰਗ ਸੋਚਦੀ ਹੈ। ਪੁਰਾਣੀਆਂ ਯਾਦਾਂ ਨਾਲ ਨਵੀਆਂ ਯਾਦਾਂ ਦੀਆਂ ਕੜਵਾਹਟ ਨੂੰ ਭੁੱਲ ਜਾਣ ਦਾ ਯਤਨ ਕਰਦੀ ਹੈ।
ਜੀਵਨਾਬਾਈ ਆਪਣੇ ਪਤੀ ਲਈ ਰੋਂਦੀ ਰਹਿੰਦੀ ਹੈ, ਜਿਸ ਨੇ ਇਕ ਦਿਨ ਉਸ ਨੂੰ ਨਸ਼ੇ ਵਿਚ ਕੁੱਟ-ਕੁੱਟ ਕੇ ਉਸ ਦੀ ਅੱਖ ਕੱਢ ਦਿੱਤੀ ਸੀ। ਉਹ ਇਸ ਲਈ ਨਸ਼ੇ ਵਿਚ ਸੀ ਕਿਉਂਕਿ ਉਸ ਦਿਨ ਉਸ ਨੂੰ ਮਿੱਲ 'ਚੋਂ ਕੱਢ ਦਿੱਤਾ ਗਿਆ ਸੀ। ਬੁੱਢਾ ਢੂਢੂ ਹੁਣ ਮਿੱਲ ਵਿਚ ਕਿਸੇ ਕੰਮ ਦਾ ਨਹੀਂ ਰਿਹਾ ਸੀ। ਭਾਵੇਂਕਿ ਉਹ ਬਹੁਤ ਤਜਰਬੇਕਾਰ ਸੀ ਪਰ ਉਸ ਦੇ ਹੱਥਾਂ ਵਿਚ ਇੰਨੀ ਸ਼ਕਤੀ ਨਹੀਂ ਸੀ ਕਿ ਉਹ ਜਵਾਨ ਮਜ਼ਦੂਰਾਂ ਨਾਲ ਮੁਕਾਬਲਾ ਕਰ ਸਕਦਾ, ਸਗੋਂ ਹੁਣ ਉਹ ਦਿਨ-ਰਾਤ ਖੰਘਦਾ ਰਹਿੰਦਾ।
ਕਪਾਹ ਦੇ ਨੰਨ੍ਹੇ ਰੇਸ਼ੇ ਉਸ ਦੇ ਫੇਫੜਿਆਂ ਵਿਚ ਜਾ ਕੇ ਫਸ ਗਏ ਸਨ, ਜਿਵੇਂ ਚਰਖੀਆਂ ਅਤੇ ਅੱਟੀਆਂ ਵਿਚ ਸੂਤ ਦੇ ਛੋਟੇ-ਛੋਟੇ ਬਾਰੀਕ ਧਾਗੇ ਫਸ ਜਾਂਦੇ ਹਨ। ਜਦੋਂ ਬਰਸਾਤ ਆਉਂਦੀ ਹੈ ਤਾਂ ਇਹ ਨੰਨ੍ਹੇ ਰੇਸ਼ੇ ਉਸ ਨੂੰ ਦਮੇ ਤੋਂ ਪੀੜਤ ਕਰੀ ਰੱਖਦੇ ਅਤੇ ਜਦੋਂ ਬਰਸਾਤ ਨਾ ਹੁੰਦੀ ਤਾਂ ਉਹ ਸਾਰਾ ਦਿਨ ਅਤੇ ਸਾਰੀ ਰਾਤ ਖੰਘਦਾ ਰਹਿੰਦਾ। ਇਕ ਖੁਸ਼ਕ ਅਤੇ ਲਗਾਤਾਰ ਖੰਘਾਰ ਘਰ ਵਿਚ ਅਤੇ ਕਾਰਖਾਨੇ ਵਿਚ, ਜਿਥੇ ਉਹ ਕੰਮ ਕਰਦਾ ਸੀ, ਸੁਣਾਈ ਦਿੰਦੀ ਰਹਿੰਦੀ ਸੀ। ਮਿੱਲ ਦੇ ਮਾਲਕ ਨੇ ਇਸ ਖਾਂਸੀ ਦੀ ਭੈਅ ਸੂਚਕ ਘੰਟੀ ਨੂੰ ਸੁਣਿਆ ਅਤੇ ਢੂਢੂ ਨੂੰ ਮਿੱਲ 'ਚੋਂ ਕੱਢ ਦਿੱਤਾ। ਢੂਢੂ ਇਸ ਤੋਂ ਛੇ ਮਹੀਨੇ ਬਾਅਦ ਮਰ ਗਿਆ। ਜੀਵਨਾਬਾਈ ਨੂੰ ਉਸ ਦੇ ਮਰਨ ਦਾ ਬਹੁਤ ਦੁਖ ਹੋਇਆ। ਕੀ ਹੋਇਆ ਜੇਕਰ ਗੁੱਸੇ ਵਿਚ ਆ ਕੇ ਇਕ ਦਿਨ ਉਸ ਨੇ ਜੀਵਨਾ ਦੀ ਅੱਖ ਕੱਢ ਦਿੱਤੀ। ਤੀਹ ਸਾਲ ਦੇ ਵਿਆਹੁਤਾ ਜੀਵਨ ਨੂੰ ਇਕ ਪਲ ਦੇ ਗੁੱਸੇ 'ਤੇ ਕੁਰਬਾਨ ਨਹੀਂ ਕੀਤਾ ਜਾ ਸਕਦਾ ਅਤੇ ਉਸ ਦਾ ਗੁੱਸਾ ਜਾਇਜ਼ ਵੀ ਸੀ। ਜੇਕਰ ਮਿੱਲ ਦਾ ਮਾਲਕ ਢੂਢੂ ਨੂੰ ਇਸ ਤਰ੍ਹਾਂ ਬਿਨਾਂ ਕਿਸੇ ਕਸੂਰ ਦੇ ਨੌਕਰੀ ਤੋਂ ਨਾ ਕੱਢਦਾ ਤਾਂ ਕੀ ਜੀਵਨਾ ਦੀ ਅੱਖ ਨਿਕਲ ਸਕਦੀ ਸੀ।
ਢੂਢੂ ਇਹੋ ਜਿਹਾ ਨਹੀਂ ਸੀ। ਉਸ ਨੂੰ ਆਪਣੀ ਬੇਕਾਰੀ 'ਤੇ ਗੁੱਸਾ ਸੀ। ਆਪਣੀ 35 ਸਾਲ ਦੀ ਨੌਕਰੀ ਤੋਂ ਕੱਢੇ ਜਾਣ ਦਾ ਦੁਖ ਸੀ ਅਤੇ ਸਭ ਤੋਂ ਵੱਡਾ ਦੁਖ ਇਸ ਗੱਲ ਦਾ ਸੀ ਕਿ ਮਿੱਲ ਮਾਲਕ ਨੇ ਜਾਣ ਸਮੇਂ ਉਸ ਨੂੰ ਇਕ ਧੇਲਾ ਵੀ ਤਾਂ ਨਹੀਂ ਦਿੱਤਾ। ਪੈਂਤੀ ਸਾਲ ਪਹਿਲਾਂ ਜਿਵੇਂ ਉਹ ਖਾਲੀ ਹੱਥ ਨੌਕਰੀ ਕਰਨ ਲਈ ਮਿੱਲ ਵਿਚ ਆਇਆ ਸੀ, ਉਸੇ ਤਰ੍ਹਾਂ ਖਾਲੀ ਹੱਥ ਪਰਤ ਗਿਆ ਅਤੇ ਫਾਟਕ ਤੋਂ ਬਾਹਰ ਨਿਕਲਣ 'ਤੇ ਆਪਣਾ ਨੌਕਰੀ ਕਾਰਡ ਪਿਛਾਂਹ ਛੱਡੇ ਜਾਣ ਨਾਲ ਉਸ ਨੂੰ ਇਕ ਧੱਕਾ ਜਿਹਾ ਲੱਗਾ। ਬਾਹਰ ਆਉਣ 'ਤੇ ਉਸ ਨੂੰ ਇੰਝ ਲੱਗਾ ਜਿਵੇਂ ਇਨ੍ਹਾਂ 35 ਸਾਲਾਂ ਨੇ ਉਸ ਦਾ ਸਾਰਾ ਧਨ, ਉਸ ਦਾ ਸਾਰਾ ਖੂਨ ਅਤੇ ਉਸ ਦਾ ਸਾਰਾ ਰਸ ਚੂਸ ਲਿਆ ਹੋਵੇ ਅਤੇ ਫਿਰ ਉਸ ਨੂੰ ਬੇਕਾਰ ਸਮਝ ਕੇ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ ਹੋਵੇ। ਢੂਢੂ ਬੜੀ ਹੈਰਾਨੀ ਨਾਲ ਉਸ ਮਿੱਲ ਦੇ ਫਾਟਕ ਅਤੇ ਉਸ ਚਿਮਨੀ ਨੂੰ ਦੇਖਣ ਲੱਗਾ, ਜੋ ਉਸ ਦੇ ਸਿਰ 'ਤੇ ਇਕ ਭਿਆਨਕ ਜੀਵਨ ਵਾਂਗ ਅਸਮਾਨ ਵਿਚ ਲੱਗੀ ਖੜ੍ਹੀ ਸੀ। ਢੂਢੂ ਨੇ ਦੁੱਖ ਅਤੇ ਗੁੱਸੇ ਨਾਲ ਆਪਣੇ ਹੱਥ ਮਲੇ, ਜ਼ਮੀਨ 'ਤੇ ਜ਼ੋਰ ਨਾਲ ਥੁੱਕਿਆ ਅਤੇ ਫਿਰ ਸ਼ਰਾਬ ਦੇ ਠੇਕੇ 'ਤੇ ਚਲਾ ਗਿਆ।
ਪਰ ਜੀਵਨਾ ਦੀ ਇਕ ਅੱਖ ਵੀ ਨਾ ਜਾਂਦੀ, ਜੇਕਰ ਉਸ ਕੋਲ ਇਲਾਜ ਲਈ ਪੈਸੇ ਹੁੰਦੇ। ਉਹ ਅੱਖ ਤਾਂ ਗਲ-ਗਲ ਕੇ, ਸੜ-ਸੜ ਕੇ, ਦਾਨ ਨਾਲ ਚੱਲਣ ਵਾਲੇ ਹਸਪਤਾਲਾਂ ਵਿਚ ਡਾਕਟਰਾਂ, ਕੰਪਾਊਂਡਰਾਂ ਅਤੇ ਨਰਸਾਂ ਦੀ ਲਾਪ੍ਰਵਾਹੀ ਦਾ ਸ਼ਿਕਾਰ ਹੋ ਗਈ ਅਤੇ ਹੁਣ ਜੀਵਨਾ ਠੀਕ ਹੋਈ ਤਾਂ ਢੂਢੂ ਬੀਮਾਰ ਪੈ ਗਿਆ ਅਤੇ ਇੰਨਾ ਕੁ ਬੀਮਾਰ ਪਿਆ ਕਿ ਫਿਰ ਬਿਸਤਰੇ ਤੋਂ ਨਾ ਉੱਠ ਸਕਿਆ।
ਉਨ੍ਹੀਂ ਦਿਨੀਂ ਜੀਵਨਾ ਉਸ ਦੀ ਦੇਖਭਾਲ ਕਰਦੀ ਸੀ। ਸ਼ਾਂਤਾਬਾਈ ਨੇ ਮਦਦ ਲਈ ਉਸ ਨੂੰ ਕੁਝ ਘਰਾਂ ਵਿਚ ਬਰਤਨ ਮਾਂਜਣ ਦਾ ਕੰਮ ਦਿਵਾ ਦਿੱਤਾ ਸੀ। ਭਾਵੇਂਕਿ ਹੁਣ ਉਹ ਬਜ਼ੁਰਗ ਹੋ ਗਈ ਸੀ ਅਤੇ ਪੂਰੀ ਤਾਕਤ ਤੇ ਸਫਾਈ ਨਾਲ ਬਰਤਨਾਂ ਨੂੰ ਸਾਫ ਨਹੀਂ ਰੱਖ ਸਕਦੀ ਸੀ, ਫਿਰ ਵੀ ਉਹ ਹੌਲੀ-ਹੌਲੀ ਆਪਣੇ ਕਮਜ਼ੋਰ ਹੱਥਾਂ ਨਾਲ ਝੂਠੀ ਤਾਕਤ ਦੇ ਝੂਠੇ ਸਹਾਰੇ 'ਤੇ ਜਿਵੇਂ-ਕਿਵੇਂ ਕੰਮ ਕਰਦੀ ਰਹੀ। ਸੁੰਦਰ ਕੱਪੜੇ ਪਹਿਨਣ ਵਾਲੀਆਂ, ਮਹਿਕਦਾਰ ਤੇਲ ਲਗਾਉਣ ਵਾਲੀਆਂ ਔਰਤਾਂ ਦੀਆਂ ਗਾਲ੍ਹਾਂ ਸੁਣਦੀ ਰਹੀ ਅਤੇ ਕੰਮ ਕਰਦੀ ਰਹੀ ਕਿਉਂਕਿ ਉਸ ਦਾ ਢੂਢੂ ਬੀਮਾਰ ਸੀ ਅਤੇ ਉਸ ਨੇ ਖੁਦ ਨੂੰ, ਆਪਣੇ ਪਤੀ ਨੂੰ ਜੀਵਤ ਰੱਖਣਾ ਸੀ ਪਰ ਢੂਢੂ ਜਿਊਂਦਾ ਨਾ ਰਿਹਾ ਅਤੇ ਹੁਣ ਜੀਵਨਾਬਾਈ ਇਕੱਲੀ ਸੀ। ਹੁਣ ਉਹ ਬਿਲਕੁਲ ਇਕੱਲੀ ਸੀ ਅਤੇ ਹੁਣ ਉਸ ਨੇ ਸਿਰਫ ਆਪਣਾ ਕੰਮ ਕਰਨਾ ਸੀ। ਵਿਆਹ ਤੋਂ ਦੋ ਸਾਲ ਬਾਅਦ ਉਸ ਦੇ ਘਰ ਇਕ ਕੁੜੀ ਪੈਦਾ ਹੋਈ ਪਰ ਜਦੋਂ ਉਹ ਜਵਾਨ ਹੋਈ ਤਾਂ ਕਿਸੇ ਬਦਮਾਸ਼ ਨਾਲ ਦੌੜ ਗਈ ਅਤੇ ਉਸ ਦਾ ਅੱਜ ਤੱਕ ਪਤਾ ਨਹੀਂ ਲੱਗਾ ਅਤੇ ਫਿਰ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਜੀਵਨਾਬਾਈ ਦੀ ਬੇਟੀ ਫਾਰਸ ਰੋਡ 'ਤੇ ਚਮਕੀਲੇ ਕੱਪੜੇ ਪਹਿਨੀ ਬੈਠੀ ਹੈ ਪਰ ਜੀਵਨਾ ਨੂੰ ਯਕੀਨ ਨਾ ਹੋਇਆ।
ਉਸ ਨੇ ਆਪਣਾ ਸਾਰਾ ਜੀਵਨ ਪੰਜ ਰੁਪਏ ਚਾਰੇ ਆਨੇ ਦੀ ਸਾੜ੍ਹੀ ਪਹਿਨ ਕੇ ਬਿਤਾ ਦਿੱਤਾ ਸੀ। ਉਸ ਨੂੰ ਯਕੀਨ ਸੀ ਕਿ ਉਸ ਦੀ ਬੇਟੀ ਵੀ ਇੰਝ ਹੀ ਕਰੇਗੀ। ਉਹ ਕਦੇ ਫਾਰਸ ਰੋਡ ਨਹੀਂ ਗਈ। ਇਸ ਲਈ ਉਸ ਨੂੰ ਯਕੀਨ ਸੀ ਕਿ ਉਸ ਦੀ ਬੇਟੀ ਉਥੇ ਨਹੀਂ ਜਾਏਗੀ। ਭਲਾ ਉਸ ਦੀ ਬੇਟੀ ਉਥੇ ਕਿਉਂ ਜਾਏਗੀ। ਇਥੇ ਕੀ ਨਹੀਂ ਸੀ। ਪੰਜ ਰੁਪਏ ਚਾਰ ਆਨੇ ਦੀ ਸਾੜ੍ਹੀ, ਬਾਜਰੇ ਦੀ ਰੋਟੀ ਸੀ, ਠੰਡਾ ਪਾਣੀ ਸੀ ਅਤੇ ਇਹ ਸਭ ਛੱਡ ਕੇ ਉਹ ਫਾਰਸ ਰੋਡ ਕਿਉਂ ਜਾਣ ਲੱਗੀ? ਉਸ ਨੂੰ ਤਾਂ ਕੋਈ ਬਦਮਾਸ਼ ਆਪਣੇ ਪਿਆਰ ਦਾ ਸਬਜ਼ਬਾਗ ਦਿਖਾ ਕੇ ਲੈ ਗਿਆ ਸੀ ਕਿਉਂਕਿ ਔਰਤ ਪਿਆਰ ਖਾਤਰ ਸਭ ਕੁਝ ਕਰ ਲੈਂਦੀ ਹੈ।
ਉਹ ਆਪ ਤੀਹ ਸਾਲ ਪਹਿਲਾਂ ਆਪਣੇ ਢੂਢੂ ਲਈ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਇਥੇ ਆਈ ਸੀ। ਜਿਸ ਦਿਨ ਢੂਢੂ ਮਰਿਆ ਅਤੇ ਜਦੋਂ ਲੋਕ ਉਸ ਦੀ ਲਾਸ਼ ਨੂੰ ਸਾੜਨ ਲਈ ਲਿਜਾਣ ਲੱਗੇ ਅਤੇ ਜੀਵਨਾ ਨੇ ਆਪਣੇ ਸੰਧੂਰ ਦੀ ਡੱਬੀ ਆਪਣੀ ਬੇਟੀ ਦੀ ਅੰਗੀ 'ਤੇ ਉਲਟ ਦਿੱਤੀ, ਜੋ ਉਸ ਨੇ ਬੜੀ ਦੇਰ ਤੋਂ ਢੂਢੂ ਦੀ ਨਜ਼ਰ ਤੋਂ ਬਚਾ ਕੇ ਰੱਖੀ ਸੀ, ਠੀਕ ਉਸੇ ਸਮੇਂ ਵਧੇ ਹੋਏ ਸਰੀਰ ਵਾਲੀ ਇਕ ਔਰਤ ਬੜੇ ਚਮਕੀਲੇ ਕੱਪੜੇ ਪਹਿਨ ਕੇ ਉਸ ਨਾਲ ਆ ਕੇ ਲਿਪਟ ਗਈ ਅਤੇ ਉਸ ਨੂੰ ਦੇਖ ਕੇ ਜੀਵਨਾ ਨੂੰ ਯਕੀਨ ਹੋ ਗਿਆ ਕਿ ਜਿਵੇਂ ਹੁਣ ਸਭ ਕੁਝ ਮਰ ਗਿਆ। ਉਸ ਦਾ ਪਤਾ, ਉਸ ਦੀ ਬੇਟੀ, ਉਸ ਦਾ ਮਾਣ।
ਜਿਵੇਂ ਉਹ ਸਾਰੀ ਜ਼ਿੰਦਗੀ ਰੋਟੀ ਨਹੀਂ, ਮਲ ਖਾਂਦੀ ਰਹੀ ਹੋਵੇ। ਜਿਵੇਂ ਉਸ ਕੋਲ ਕੁਝ ਨਹੀਂ ਸੀ। ਪਹਿਲਾਂ ਤੋਂ ਹੀ ਕੁਝ ਨਹੀਂ ਸੀ। ਪੈਦਾ ਹੋਣ ਤੋਂ ਪਹਿਲਾਂ ਹੀ ਉਸ ਦਾ ਸਭ ਕੁਝ ਖੋਹ ਲਿਆ ਗਿਆ ਸੀ। ਉਸ ਨੂੰ ਨਿਹੱਥੀ ਅਤੇ ਬੇਇੱਜ਼ਤ ਕਰ ਦਿੱਤਾ ਗਿਆ ਸੀ। ਜੀਵਨਾ ਨੂੰ ਉਸੇ ਪਲ ਅਹਿਸਾਸ ਹੋਇਆ ਕਿ ਉਹ ਥਾਂ, ਜਿਥੇ ਉਸ ਦਾ ਪਤੀ ਸਾਰੀ ਜ਼ਿੰਦਗੀ ਕੰਮ ਕਰਦਾ ਰਿਹਾ ਅਤੇ ਜਿਥੇ ਉਸ ਦੀ ਅੱਖ ਅੰਨ੍ਹੀ ਹੋ ਗਈ ਅਤੇ ਉਹ ਥਾਂ, ਜਿਥੇ ਉਸ ਦੀ ਬੇਟੀ ਆਪਣੀ ਦੁਕਾਨ ਲਗਾ ਕੇ ਬੈਠ ਗਈ, ਇਕ ਬਹੁਤ ਵੱਡਾ ਅੰਨ੍ਹਾ ਕਾਰਖਾਨਾ ਹੈ, ਜਿਸ ਵਿਚ ਕੋਈ ਜ਼ਾਲਮ, ਅੱਤਿਆਚਾਰੀ ਹੱਥ ਮਨੁੱਖੀ ਸਰੀਰਾਂ ਲਈ ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ਵਿਚ ਪੀੜਿਆ ਜਾ ਰਿਹਾ ਹੈ ਅਤੇ ਦੂਜੇ ਹੱਥ ਨਾਲ ਤੋੜ-ਮਰੋੜ ਕੇ ਦੂਜੇ ਪਾਸੇ ਸੁੱਟ ਦਿੱਤਾ ਜਾਂਦਾ ਹੈ ਅਤੇ ਫਿਰ ਇਕਦਮ ਜੀਵਨਾ ਆਪਣੀ ਬੇਟੀ ਨੂੰ ਧੱਕਾ ਦੇ ਕੇ ਇਕ ਪਾਸੇ ਖੜ੍ਹੀ ਹੋ ਗਈ ਅਤੇ ਚੀਕਾਂ ਮਾਰ-ਮਾਰ ਕੇ ਰੋਣ ਲੱਗੀ।
ਤੀਜੀ ਸਾੜ੍ਹੀ ਦਾ ਰੰਗ ਮਟਮੈਲਾ ਨੀਲਾ ਹੈ ਭਾਵ ਨੀਲਾ ਵੀ ਹੈ ਅਤੇ ਮੈਲਾ ਵੀ ਹੈ ਅਤੇ ਮੈਲਖੋਰਾ ਵੀ। ਕੁਝ ਅਜਿਹਾ ਅਜੀਬ ਜਿਹਾ ਰੰਗ ਹੈ, ਜੋ ਵਾਰ-ਵਾਰ ਧੋਣ 'ਤੇ ਵੀ ਨਹੀਂ ਨਿਖਰਦਾ, ਸਗੋਂ ਹੋਰ ਵੀ ਮੈਲਾ ਹੁੰਦਾ ਜਾਂਦਾ ਹੈ। ਇਹ ਮੇਰੀ ਪਤਨੀ ਦੀ ਸਾੜ੍ਹੀ ਹੈ। ਮੈਂ ਫੋਰਟ ਵਿਚ ਧੰਨੋਬਾਈ ਦੀ ਫਰਮ ਵਿਚ ਕਲਰਕੀ ਕਰਦਾ ਹਾਂ। ਮੈਨੂੰ 65 ਰੁਪਏ ਤਨਖਾਹ ਮਿਲਦੀ ਹੈ। ਸੈਲੂਨ ਮਿੱਲ ਅਤੇ ਬਕਸਰੀਆ ਮਿੱਲ ਦੇ ਮਜ਼ਦੂਰਾਂ ਨੂੰ ਵੀ ਇਹੀ ਤਨਖਾਹ ਮਿਲਦੀ ਹੈ। ਇਸ ਲਈ ਮੈਂ ਵੀ ਉਨ੍ਹਾਂ ਨਾਲ 8 ਨੰਬਰ ਦੀ ਚਾਲ ਦੀ ਇਕ ਖੋਲੀ ਵਿਚ ਰਹਿੰਦਾ ਹਾਂ ਪਰ ਮੈਂ ਮਜ਼ਦੂਰ ਨਹੀਂ ਹਾਂ, ਕਲਰਕ ਹਾਂ, ਮੈਂ ਫੋਰਟ ਵਿਚ ਨੌਕਰ ਹਾਂ, ਮੈਂ ਦਸਵੀਂ ਪਾਸ ਹਾਂ, ਮੈਂ ਟਾਈਪ ਕਰ ਸਕਦਾ ਹਾਂ, ਮੈਂ ਅੰਗਰੇਜ਼ੀ ਲਿਖ ਸਕਦਾ ਹਾਂ, ਮੈਂ ਆਪਣੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਜਲਸੇ ਵਿਚ ਸੁਣ ਕੇ ਸਮਝ ਲੈਂਦਾ ਹਾਂ, ਅੱਜ ਥੋੜ੍ਹੀ ਦੇਰ ਵਿਚ ਉਨ੍ਹਾਂ ਦੀ ਗੱਡੀ ਮਹਾਲਕਸ਼ਮੀ ਪੁਲ 'ਤੇ ਆਏਗੀ, ਉਹ ਨਹੀਂ, ਉਹ ਰੇਸਕੋਰਸ ਨਹੀਂ ਜਾਣਗੇ। ਉਹ ਸਮੁੰਦਰ ਦੇ ਕਿਨਾਰੇ ਇਕ ਸ਼ਾਨਦਾਰ ਭਾਸ਼ਣ ਦੇਣਗੇ। ਇਸ ਮੌਕੇ ਲੱਖਾਂ ਲੋਕ ਇਕੱਠੇ ਹੋਣਗੇ। ਇਨ੍ਹਾਂ ਲੱਖਾਂ ਵਿਚੋਂ ਇਕ ਮੈਂ ਵੀ ਹੋਵਾਂਗਾ।
ਮੇਰੀ ਪਤਨੀ ਨੂੰ ਪ੍ਰਧਾਨ ਮੰਤਰੀ ਦੀਆਂ ਗੱਲਾਂ ਸੁਣਨ ਦਾ ਬੜਾ ਚਾਅ ਹੈ ਪਰ ਮੈਂ ਉਸ ਨੂੰ ਆਪਣੇ ਨਾਲ ਨਹੀਂ ਲਿਜਾ ਸਕਦਾ ਕਿਉਂਕਿ ਸਾਡੇ ਅੱਠ ਬੱਚੇ ਹਨ ਅਤੇ ਘਰ ਵਿਚ ਹਰ ਵੇਲੇ ਅਸ਼ਾਂਤੀ ਜਿਹੀ ਰਹਿੰਦੀ ਹੈ। ਜਦੋਂ ਦੇਖੋ, ਕੋਈ ਨਾ ਕੋਈ ਵਸਤੂ ਘੱਟ ਜਾਂਦੀ ਹੈ। ਰਾਸ਼ਨ ਤਾਂ ਰੋਜ਼ ਹੀ ਥੁੜ੍ਹ ਜਾਂਦੈ। ਜਦੋਂ ਨਲ 'ਚ ਪਾਣੀ ਵੀ ਘੱਟ ਆਉਂਦਾ ਹੈ, ਰਾਤ ਨੂੰ ਸੌਣ ਲਈ ਥਾਂ ਵੀ ਘੱਟ ਜਾਂਦੀ ਹੈ। ਤਨਖਾਹ ਵੀ ਇੰਨੀ ਘੱਟ ਮਿਲਦੀ ਹੈ ਕਿ ਮਹੀਨੇ ਵਿਚ ਸਿਰਫ ਪੰਦਰਾਂ ਦਿਨ ਹੀ ਚਲਦੀ ਹੈ, ਬਾਕੀ ਪੰਦਰਾਂ ਦਿਨ ਸੂਦ ਅਤੇ ਪਠਾਨ ਚਲਾਉਂਦਾ ਹੈ ਅਤੇ ਉਹ ਵੀ ਕਿਹੋ ਜਿਹੀਆਂ ਗਾਲ੍ਹਾਂ ਬਕਦੈ, ਘੁਸਰ-ਮੁਸਰ ਕਰਦੈ, ਕਿਸੇ ਹੌਲੀ ਰਫ਼ਤਾਰ ਨਾਲ ਚੱਲਣ ਵਾਲੀ ਮਾਲ ਗੱਡੀ ਵਾਂਗ ਇਹ ਜੀਵਨ ਚਲਦਾ ਹੈ।
100 ਸਾਲ ਦਾ ਹੋਇਆ ਔਰਤਾਂ ਦਾ ਮਨਪਸੰਦ ਅੰਦਰੂਨੀ-ਵਸਤਰ
NEXT STORY