'ਹਨੀਗਾਈਡ' ਅਤੇ ਮਧੂ-ਬਿੱਜੂ ਦੀ ਜੁਗਲਬੰਦੀ
ਜਿਵੇਂ ਕਿ 'ਹਨੀਗਾਈਡ' ਚਿੜੀ ਦੇ ਨਾਂ ਤੋਂ ਹੀ ਪਤਾ ਲੱਗਦੈ ਕਿ ਇਸ ਦਾ ਸੰਬੰਧ ਹਨੀ ਭਾਵ ਸ਼ਹਿਦ ਨਾਲ ਹੈ। ਉਂਝ ਛੋਟੇ ਵਰਗ ਦੀ ਇਸ ਅਫਰੀਕਨ ਚਿੜੀ ਨੂੰ ਸ਼ਹਿਦ ਦੀ ਬਜਾਏ 'ਮਧੂ ਮੋਮ' ਖਾਣਾ ਵਧੇਰੇ ਪਸੰਦ ਹੈ। ਹਾਲਾਂਕਿ ਮਧੂਮੱਖੀ ਅਤੇ ਹੋਰ ਛੋਟੇ ਕੀੜੇ-ਮਕੌੜੇ ਵੀ ਇਸ ਦਾ ਮਨਪਸੰਦ ਭੋਜਨ ਹਨ ਪਰ ਮਧੂਮੱਖੀ ਦੇ ਛੱਤਿਆਂ ਵਿਚ ਵੜ ਕੇ ਮਧੂ ਮੋਮ ਦਾ ਸਵਾਦ ਚਖਣਾ ਇਸ ਨੂੰ ਜ਼ਿਆਦਾ ਚੰਗਾ ਲੱਗਦਾ ਹੈ।
ਮਧੂ ਮੋਮ ਦੇ ਬਣੇ ਛੱਤਿਆਂ ਵਿਚ ਵੜ ਕੇ ਇਹ ਨੰਨ੍ਹੇ ਕੀੜਿਆਂ ਅਤੇ ਉਨ੍ਹਾਂ ਦੇ ਲਾਰਵੇ ਨੂੰ ਵੀ ਨਹੀਂ ਛੱਡਦੀ। ਸਭ ਤੋਂ ਦਿਲਚਸਪ ਹੁੰਦਾ ਹੈ 'ਹਨੀਗਾਈਡ' ਵਲੋਂ ਮਧੂ ਮੋਮ ਪ੍ਰਾਪਤ ਕਰਨ ਲਈ ਲਈ ਜਾਣ ਵਾਲੀ ਮਦਦ। ਇਹ ਸਿੱਧਾ ਮਧੂਮੱਖੀ ਦੇ ਛੱਤੇ 'ਚ ਵੜ ਕੇ ਮਧੂ ਮੋਮ ਨਹੀਂ ਖਾਂਦੀ, ਸਗੋਂ ਇਹ ਮਧੂ ਮੋਮ ਹਾਸਲ ਕਰਨ ਲਈ ਮਧੂ-ਬਿੱਜੂ ਦੀ ਮਦਦ ਲੈਂਦੀ ਹੈ। ਮਧੂ-ਬਿੱਜੂ ਦੀ ਮਦਦ ਨਾਲ ਹੀ ਇਹ ਮਧੂਮੱਖੀ ਦੇ ਛੱਤੇ ਨੂੰ ਖੁੱਲ੍ਹਵਾਉਂਦੀ ਹੈ ਅਤੇ ਛੱਤੇ 'ਚੋਂ ਮਧੂ ਮੋਮ ਹਾਸਲ ਕਰਦੀ ਹੈ। ਮਧੂ-ਬਿੱਜੂ ਅਤੇ ਹਨੀਗਾਈਡ ਦੀ ਇਹ ਜੁਗਲਬੰਦੀ ਬੜੇ ਕਮਾਲ ਦੀ ਹੈ।
ਜਦੋਂ ਕਿਸੇ ਹਨੀਗਾਈਡ ਨੂੰ ਕਿਸੇ ਮਧੂਮੱਖੀ ਦੇ ਛੱਤੇ ਬਾਰੇ ਪਤਾ ਲੱਗਦੈ ਤਾਂ ਉਹ ਤੁਰੰਤ ਕੁਝ ਦੂਰ ਤੱਕ ਉੱਡਦੀ ਹੈ ਅਤੇ ਫਿਰ ਕਿਸੇ ਝਾੜੀ 'ਤੇ ਬੈਠ ਕੇ ਚਹਿਕਣਾ ਸ਼ੁਰੂ ਕਰ ਦਿੰਦੀ ਹੈ। ਮਧੂ-ਬਿੱਜੂ ਉਸ ਦੀ ਆਵਾਜ਼ ਸੁਣਦਿਆਂ ਤੁਰੰਤ ਉਸ ਵੱਲ ਉੱਡ ਪੈਂਦਾ ਹੈ ਅਤੇ ਫਿਰ ਹਨੀਗਾਈਡ ਦੇ ਆਲੇ-ਦੁਆਲੇ ਹੀ ਮੰਡਰਾਉਂਦਾ ਰਹਿੰਦਾ ਹੈ। ਹਨੀਗਾਈਡ ਜਿਵੇਂ ਹੀ ਮਧੂ-ਬਿੱਜੂ ਨੂੰ ਆਉਂਦਿਆਂ ਦੇਖਦੀ ਹੈ, ਉਹ ਕੁਝ ਮੀਟਰ ਤੱਕ ਉੱਡ ਕੇ ਫਿਰ ਚਹਿਕਦੀ ਹੈ, ਜੋ ਮਧੂ-ਬਿੱਜੂ ਲਈ ਨੇੜੇ ਹੀ ਮਧੂਮੱਖੀਆਂ ਦਾ ਛੱਤਾ ਮੌਜੂਦ ਹੋਣ ਦੀ ਸੂਚਨਾ ਹੁੰਦੀ ਹੈ। ਜਦੋਂ ਤੱਕ ਉਹ ਛੱਤੇ ਤੱਕ ਨਹੀਂ ਪਹੁੰਚ ਜਾਂਦਾ, ਹਨੀਗਾਈਡ ਛੱਤੇ ਦੇ ਆਲੇ-ਦੁਆਲੇ ਹੀ ਮੰਡਰਾਉਂਦੀ ਰਹਿੰਦੀ ਹੈ ਅਤੇ ਉਸ ਪਿੱਛੋਂ ਮਧੂ-ਬਿੱਜੂ ਦੇ ਛੱਤੇ ਤੱਕ ਪਹੁੰਚਣ ਪਿੱਛੋਂ ਸਬਰ ਨਾਲ ਛੱਤਾ ਖੁੱਲ੍ਹਣ ਦੀ ਉਡੀਕ ਕਰਦੀ ਹੈ।
ਮਧੂ-ਬਿੱਜੂ ਛੱਤੇ ਤੱਕ ਪਹੁੰਚ ਕੇ ਮਧੂਮੱਖੀਆਂ ਨੂੰ ਦੌੜਾ ਦਿੰਦਾ ਹੈ ਅਤੇ ਛੱਤਾ ਖੋਲ੍ਹ ਕੇ ਸਾਰਾ ਸ਼ਹਿਦ ਪੀ ਕੇ ਉਥੋਂ ਚਲਾ ਜਾਂਦਾ ਹੈ। ਉਸ ਦੇ ਉਥੋਂ ਜਾਂਦਿਆਂ ਹੀ ਹਨੀਗਾਈਡ ਉਥੇ ਪਹੁੰਚਦੀ ਹੈ ਅਤੇ ਮਧੂ ਮੋਮ ਖਾ ਜਾਂਦੀ ਹੈ। ਇਕ-ਦੂਜੇ ਦੇ ਸਹਿਯੋਗ ਨਾਲ ਵੱਖ-ਵੱਖ ਭੋਜਨ ਪ੍ਰਾਪਤ ਕਰਨ ਦੀ ਇਸ ਤਰ੍ਹਾਂ ਦੀ ਆਦਤ ਹੋਰ ਪੰਛੀਆਂ ਵਿਚ ਆਮ ਤੌਰ 'ਤੇ ਦੇਖਣ ਨੂੰ ਨਹੀਂ ਮਿਲਦੀ। ਸ਼ਹਿਦ ਪ੍ਰਾਪਤ ਕਰਨ ਲਈ ਅਫਰੀਕਾ ਦੇ ਜੰਗਲਾਂ ਵਿਚ ਤਾਂ ਲੋਕ ਆਪਣੇ ਆਲੇ-ਦੁਆਲੇ ਹਨੀਗਾਈਡ ਅਤੇ ਮਧੂ-ਬਿੱਜੂ ਨੂੰ ਦੇਖਦਿਆਂ ਹੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਨੇੜੇ-ਤੇੜੇ ਮਧੂਮੱਖੀ ਦਾ ਕੋਈ ਨਾ ਕੋਈ ਛੱਤਾ ਮੌਜੂਦ ਹੈ।
ਮਗਰਮੱਛ ਅਤੇ ਪਲਾਵਰ ਪੰਛੀ
ਮਗਰਮੱਛ ਦੇ ਮੂੰਹ 'ਚ ਬਹੁਤ ਸਾਰੇ ਦੰਦ ਹੁੰਦੇ ਹਨ, ਜੋ ਇਸ ਦੀ ਸਭ ਤੋਂ ਵੱਡੀ ਤਾਕਤ ਵੀ ਹਨ। ਮੰਨਿਆ ਜਾਂਦਾ ਹੈ ਕਿ ਮਗਰਮੱਛ ਦੇ ਜਬਾੜੇ ਵਿਚ ਵੀ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ, ਜਿਸ ਦੀ ਪਕੜ 'ਚੋਂ ਛੁੱਟਣਾ ਅਸੰਭਵ ਹੁੰਦਾ ਹੈ। ਆਪਣੇ ਇੰਨੇ ਸਾਰੇ ਦੰਦਾਂ ਦੀ ਸਫਾਈ ਲਈ ਮਗਰਮੱਛ ਦੀ ਮਦਦ ਇਕ ਪੰਛੀ ਕਰਦਾ ਹੈ। ਪਲਾਵਰ ਬਰਡ ਨਾਮੀ ਇਕ ਪੰਛੀ ਮਗਰਮੱਛ ਦੇ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ ਕਰਦਾ ਹੈ। ਬਦਲੇ ਵਿਚ ਮੁਫਤ ਵਿਚ ਉਸ ਦਾ ਪੇਟ ਭਰ ਜਾਂਦਾ ਹੈ ਭਾਵ ਇਕ-ਦੂਜੇ ਦੀ ਮਦਦ ਕਰ ਕੇ ਦੋਹਾਂ ਦਾ ਹੀ ਫਾਇਦਾ ਹੁੰਦਾ ਹੈ। ਮਗਰਮੱਛ ਨੂੰ ਵੀ ਪਲਾਵਰ ਪੰਛੀ ਤੋਂ ਆਪਣੇ ਦੰਦ ਸਾਫ ਕਰਵਾਉਣ ਵਿਚ ਕੋਈ ਇਤਰਾਜ਼ ਨਹੀਂ ਹੁੰਦਾ।
ਮਗਰਮੱਛ ਮੂੰਹ ਖੋਲ੍ਹਦਾ ਹੈ ਅਤੇ ਛੋਟਾ ਜਿਹਾ ਇਹ ਪੰਛੀ ਉਸ ਦੇ ਮੂੰਹ ਵਿਚ ਬੈਠ ਕੇ ਉਸ ਦੇ ਦੰਦਾਂ 'ਤੇ ਲੱਗੇ ਮਾਸ ਅਤੇ ਨੁਕਸਾਨ ਪਹੁੰਚਾਉਣ ਵਾਲੇ ਪਰਜੀਵੀਆਂ ਨੂੰ ਚੁਗ-ਚੁਗ ਕੇ ਖਾ ਲੈਂਦਾ ਹੈ। ਇਸ ਤਰ੍ਹਾਂ ਉਸ ਦਾ ਪੇਟ ਵੀ ਭਰ ਜਾਂਦਾ ਹੈ ਅਤੇ ਮਗਰਮੱਛ ਦੇ ਦੰਦ ਵੀ ਸਾਫ ਹੋ ਜਾਂਦੇ ਹਨ।
ਸਕ੍ਰੀਚ ਆਊਲ ਅਤੇ ਬਲਾਈਂਡ ਸਨੇਸ
ਛੋਟੇ ਆਕਾਰ ਵਾਲਾ ਇਹ ਉੱਲੂ ਰੁੱਖਾਂ ਹੇਠਾਂ ਘਾਹ ਵਿਚ ਬਲਾਈਂਡ ਸਨੇਕ ਨੂੰ ਦੇਖਦਿਆਂ ਹੀ ਤੇਜ਼ੀ ਨਾਲ ਉੱਡ ਕੇ ਉਸ ਨੂੰ ਆਪਣੇ ਆਲ੍ਹਣੇ ਤੱਕ ਲੈ ਜਾਂਦਾ ਹੈ। ਉਸ ਦਾ ਮਕਸਦ ਇਸ ਨੂੰ ਖਾਣਾ ਨਹੀਂ ਹੁੰਦਾ, ਸਗੋਂ ਉਹ ਇਸ ਨੂੰ ਆਪਣੇ ਵਲੋਂ ਖਾਣ ਲਈ ਕੀੜੇ ਲਿਆ ਕੇ ਦਿੰਦਾ ਹੈ। ਅਸਲ ਵਿਚ ਉੱਲੂ ਦਾ ਟੀਚਾ ਇਸ ਛੋਟੇ ਆਕਾਰ ਦੇ ਸੱਪ ਨੂੰ ਆਪਣੇ ਆਲ੍ਹਣੇ ਵਿਚ ਰੱਖ ਕੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ। ਜਦੋਂ ਉੱਲੂ ਭੋਜਨ ਦੀ ਭਾਲ ਵਿਚ ਆਲ੍ਹਣੇ ਤੋਂ ਦੂਰ ਹੁੰਦਾ ਹੈ ਤਾਂ ਉਸ ਦੌਰਾਨ ਇਹ ਸੱਪ ਉਸ ਦੇ ਨੰਨ੍ਹੇ ਬੱਚਿਆਂ ਦੀ ਰਖਵਾਲੀ ਕਰਦਾ ਹੈ ਕਿਉਂਕਿ ਇਸ ਦੇ ਡਰ ਕਾਰਨ ਕੋਈ ਜਾਨਵਰ ਉਸ ਦੇ ਆਲ੍ਹਣੇ ਵਿਚ ਆ ਕੇ ਬੱਚਿਆਂ 'ਤੇ ਹਮਲਾ ਨਹੀਂ ਕਰਦਾ।