ਅਨੁਸ਼ਕਾ ਸ਼ਰਮਾ ਨੂੰ ਫਿਲਮ ਨਗਰੀ 'ਚ ਆਏ ਅਜੇ 6 ਸਾਲ ਹੀ ਹੋਏ ਹਨ ਪਰ ਉਸ ਦੇ ਖਾਤੇ 'ਚ ਸਫਲ ਫਿਲਮਾਂ ਹੀ ਜ਼ਿਆਦਾ ਹਨ। ਜਿਸ ਵਿਚ 'ਰੱਬ ਨੇ ਬਨਾ ਦੀ ਜੋੜੀ' 'ਬੈਂਡ ਬਾਜਾ ਬਾਰਾਤ' 'ਲੇਡੀਜ਼ ਵਰਸੇਜ ਰਿੱਕੀ ਬਹਿਲ' ਅਤੇ 'ਜਬ ਤਕ ਹੈ ਜਾਨ' ਆਦਿ ਫਿਲਮਾਂ ਹਨ। ਇਨ੍ਹਾਂ ਫਿਲਮਾਂ ਤੋਂ ਇਲਾਵਾ ਉਸ ਨੂੰ ਫਿਲਮ ਫੇਅਰ, ਸਟਾਰਡਮ, ਆਇਫਾ, ਦਾਦਾ ਸਾਹਿਬ ਫਾਲਕੇ ਤੇ ਕਈ ਹੋਰ ਸਨਮਾਨ ਮਿਲ ਚੁੱਕੇ ਹਨ। ਉਸ ਨੂੰ ਇਨ੍ਹਾਂ ਪ੍ਰਾਪਤੀਆਂ ਸਦਕਾ ਹੀ ਭਾਰਤ ਦੀ 'ਮੋਸਟ ਪ੍ਰਾਮੀਸਿੰਗ ਐਕਟ੍ਰੈੱਸ' ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵਿਚ 'ਪੀ.ਕੇ.' 'ਐੱਨ. ਐੱਚ. 10' 'ਦਿਲ ਧੜਕਨੇ ਦੋ' ਆਦਿ ਸ਼ਾਮਿਲ ਹਨ। ਫਿਲਹਾਲ ਉਹ ਵਿਰਾਟ ਕੋਹਲੀ ਨਾਲ ਆਪਣੇ ਅਫੇਅਰ ਅਤੇ ਫਿਲਮਾਂ ਨੂੰ ਲੈ ਕੇ ਚਰਚਾ ਵਿਚ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਐਕਟਿੰਗ ਦਾ ਕਰੀਅਰ ਚੰਗਾ ਜਾ ਰਿਹਾ ਹੈ, ਅਚਾਨਕ ਨਿਰਮਾਤਾ ਬਣਨ ਦਾ ਖਿਆਲ ਕਿਵੇਂ ਆ ਗਿਆ?
—ਮੈਨੂੰ ਲੱਗਾ ਕਿ ਇਹ ਮੇਰੀ ਫਿਲਮੀ ਯਾਤਰਾ ਦਾ ਇਕ ਹੋਰ ਚਿਹਰਾ ਹੋ ਸਕਦਾ ਹੈ। ਸ਼੍ਰੀਲੰਕਾ ਵਿਚ 'ਬਾਂਬੇ ਵੈੱਲਵੇਟ' ਦੀ ਸ਼ੂਟਿੰਗ ਦੌਰਾਨ ਇਸ ਦੀ ਸਕ੍ਰਿਪਟ ਸੁਣੀ ਸੀ। ਉਦੋਂ ਹੀ ਮੈਂ ਤੈਅ ਕਰ ਲਿਆ ਸੀ ਕਿ ਇਸ ਨੂੰ ਪ੍ਰੋਡਿਉੂਸ ਕਰਾਂਗੀ। ਉਂਝ ਦੇਰ-ਸਵੇਰ ਪ੍ਰੋਡਕਸ਼ਨ ਵੱਲ ਆਉਣਾ ਹੀ ਸੀ ਪਰ 'ਐੱਨ. ਐੱਚ. 10' ਦਾ ਕਾਂਸੈਪਟ ਅਤੇ ਆਪਣਾ ਰੋਲ ਇੰਨਾ ਪਸੰਦ ਆਇਆ ਕਿ ਝਟਪਟ ਫੈਸਲਾ ਕਰ ਲਿਆ।
* ਕੀ ਤੁਸੀਂ ਸਟਾਰਡਮ ਦਾ ਲਾਭ ਲੈਣ ਲਈ ਪ੍ਰੋਡਕਸ਼ਨ ਵੱਲ ਆਏ ਹੋ?
—ਜੇਕਰ ਅਜਿਹੀ ਕੋਈ ਗੱਲ ਹੁੰਦੀ ਤਾਂ 'ਐੱਨ. ਐੱਚ. 10' ਵਿਚ ਵੱਡੇ ਸਿਤਾਰੇ ਹੁੰਦੇ ਪਰ ਮੈਂ ਅਜਿਹਾ ਨਹੀਂ ਕੀਤਾ। ਮੈ! ਇਸ ਨੂੰ ਆਪਣੇ ਅੰਦਾਜ਼ ਨਾਲ ਬਣਾ ਰਹੀ ਹਾਂ। ਇਸ ਵਿਚ ਆਪਣੇ ਆਪੋਜ਼ਿਟ ਕਿਸੇ ਸਟਾਰ ਨੂੰ ਨਹੀਂ ਨੀਲ ਭੂਪਾਲਮ ਨੂੰ ਲਿਆ ਹੈ।
* ਤੁਸੀਂ ਤਾਂ ਹਮੇਸ਼ਾ ਵੱਡੇ ਹੀਰੋ ਨਾਲ ਕੰਮ ਕਰਨਾ ਚਾਹੁੰਦੇ ਹੋ?
—ਇਹ ਤਾਂ ਮੀਡੀਆ ਦੀ ਸੋਚ ਹੈ। ਮੇਰੀ ਸ਼ੁਰੂਆਤ ਸ਼ਾਹਰੁਖ ਜਿਹੇ ਵੱਡੇ ਹੀਰੋ ਨਾਲ ਹੋਈ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਵੱਡੇ ਹੀਰੋ ਨਾਲ ਕੰਮ ਕਰਨ ਦੀ ਜ਼ਿੱਦ ਰੱਖਦੀ ਹਾਂ।
* ਤੁਹਾਡੀ ਇਸੇ ਬੇਬਾਕੀ ਕਰਕੇ ਕਈ ਫਿਲਮਾਂ ਤੁਹਾਡੇ ਹੱਥੋਂ ਨਿਕਲ ਜਾਂਦੀਆਂ ਹਨ?
—ਮੈਂ ਸਾਫ ਤੇ ਸਪੱਸ਼ਟ ਗੱਲ ਕਰਦੀ ਹਾਂ। ਲੋਕ ਇਸ ਨੂੰ ਮੇਰਾ ਘੁਮੰਡ ਕਹਿ ਸਕਦੇ ਹਨ ਪਰ ਇਕ ਫਿਲਮ ਸਾਈਨ ਕਰਨ ਤੋਂ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਜਿਸ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹੋ ਉਸ ਨਾਲ ਦੂਸਰੀ ਫਿਲਮ ਦੀ ਡੇਟ ਤਾਂ ਨਹੀਂ ਟਕਰਾ ਰਹੀ। ਇਸੇ ਕਰਕੇ ਪਿਛਲੇ ਸਾਲ ਮੈਂ ਸੰਜੇ ਲੀਲਾ ਭੰਸਾਲੀ ਦੀ ਫਿਲਮ ਨਹੀਂ ਕਰ ਸਕੀ।
* ਸੂਰਜ ਬੜਜਾਤੀਆ ਦੀ ਅਗਲੀ ਫਿਲਮ ਤੁਹਾਡੇ ਹੱਥੋਂ ਨਿਕਲ ਗਈ?
—ਇਹ ਤਾਂ ਚਲਦਾ ਹੀ ਰਹਿੰਦਾ ਹੈ। ਮੈਂ ਸੂਰਜ ਦੀ ਫਿਲਮ 'ਪ੍ਰੇਮ ਰਤਨ ਧਨ ਪਾਇਓ' ਕਰਨਾ ਚਾਹੁੰਦੀ ਸੀ। ਮੈਨੂੰ ਇਹ ਕਹਿੰਦਿਆਂ ਬਿਲਕੁਲ ਸੰਕੋਚ ਨਹੀਂ ਕਿ ਇਸ ਫਿਲਮ ਲਈ ਮੈਨੂੰ ਰਾਜਸ਼੍ਰੀ ਨੇ ਅਪ੍ਰੋਚ ਕੀਤਾ ਸੀ। ਇਸ ਦੇ ਲਈ ਕਈ ਦੂਜੀਆਂ ਹੀਰੋਇਨਾਂ ਨੇ ਵੀ ਜ਼ੋਰ ਲਗਾ ਦਿੱਤਾ ਤੇ ਮੇਰੀ ਗੱਲ ਨਹੀਂ ਬਣੀ। ਮੈਨੂੰ ਇਸ ਦਾ ਅਫਸੋਸ ਨਹੀਂ।
* ਤੁਸੀਂ ਕ੍ਰਿਕਟਰ ਦੋਸਤ ਵਿਰਾਟ ਦੇ ਸਵਾਲ 'ਤੇ ਚਿੜ ਕਿਉਂ ਜਾਂਦੇ ਹੋ?
—ਉਹ ਮੇਰਾ ਚੰਗਾ ਦੋਸਤ ਹੈ ਪਰ ਇਸ ਨੂੰ ਅਫੇਅਰ ਦਾ ਨਾਂ ਦਿੱਤਾ ਜਾਂਦਾ ਹੈ ਤਾਂ ਚਿੜ ਆਉਂਦੀ ਹੈ। ਮੇਰੇ ਪੰਜ-ਛੇ ਦੋਸਤ ਹਨ ਜਿਨ੍ਹਾਂ ਵਿਚ ਵਿਰਾਟ ਵੀ ਹੈ ਪਰ ਇਸ ਦਾ ਕੋਈ ਵੱਖਰਾ ਮਤਲਬ ਨਾ ਕੱਢੋ।
* ਤੁਸੀਂ ਕਰਨ ਜੌਹਰ ਦੇ ਸ਼ੋਅ ਵਿਚ ਕਿਹਾ ਸੀ ਕਿ ਦੀਪਿਕਾ ਤੁਹਾਡੀ ਚੰਗੀ ਦੋਸਤ ਨਹੀਂ ਹੈ?
—ਤਾਂ ਇਸ ਵਿਚ ਗਲਤ ਕੀ ਹੈ। ਜ਼ਿੰਦਗੀ ਵਿਚ ਅਜਿਹਾ ਹੁੰਦਾ ਵੀ ਨਹੀਂ ਹੈ। ਬਾਕੀ ਜਿਨ੍ਹਾਂ ਨੂੰ ਤੁਸੀਂ ਦੋਸਤ ਕਹਿੰਦੇ ਹੋ ਉਹ ਦੋਸਤ ਨਹੀਂ, ਜਾਣਕਾਰ ਜਾਂ ਚਾਹੁਣ ਵਾਲੇ ਹੁੰਦੇ ਹਨ। ਦੀਪਿਕਾ ਨਾਲ ਵੀ ਇਸੇ ਤਰ੍ਹਾਂ ਦੇ ਸੰਬੰਧ ਹਨ।
ਸੂਖਮ ਜੀਵਾਂ ਦਾ ਅਨੋਖਾ ਸੰਸਾਰ
NEXT STORY