ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਡੈਮ ਵਿਚ ਦੁਨੀਆ ਦਾ ਪਹਿਲਾ ਮਾਈਕ੍ਰੋਬ ਚਿੜੀਆਘਰ ਖੁੱਲ੍ਹਾ ਹੈ। ਮਾਈਕ੍ਰੋਬ ਨਾਮੀ ਇਸ ਚਿੜੀਆਘਰ ਨੂੰ ਸ਼ਹਿਰ ਦੇ ਐਨੀਮਲ ਪਾਰਕ ਹਾਰਟਟਿਸ ਵਿਚ ਖੋਲ੍ਹਿਆ ਗਿਆ ਹੈ, ਜਿਸ ਦੀ ਸਥਾਪਨਾ 176 ਸਾਲ ਪਹਿਲਾਂ ਹੋਈ ਸੀ। ਹੁਣ ਇਹ ਦੁਨੀਆ ਦਾ ਸਭ ਤੋਂ ਪੁਰਾਣਾ ਚਿੜੀਆਘਰ ਹੈ। ਹੁਣ ਇਥੇ ਦੁਨੀਆ ਦੇ ਸਭ ਤੋਂ ਸੂਖਮ ਜੀਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਪ੍ਰਬੰਧ ਵੀ ਇਸ ਮਾਈਕ੍ਰੋਬ ਚਿੜੀਆਘਰ ਦੇ ਰੂਪ ਵਿਚ ਕੀਤਾ ਗਿਆ ਹੈ।
ਇਸ ਐਨੀਮਲ ਪਾਰਕ ਦੇ ਨਿਰਦੇਸ਼ਕ ਹੇਗ ਵਾਲੀਆਨ ਕਹਿੰਦੇ ਹਨ, ''ਅਸੀਂ ਸਿਰਫ ਮਰ ਰਹੀਆਂ ਕਿਸਮਾਂ ਨੂੰ ਸੁਰੱਖਿਅਤ ਕਰਨ ਤੱਕ ਹੀ ਖੁਦ ਨੂੰ ਸੀਮਤ ਨਹੀਂ ਰੱਖਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਦੀ ਹਰ ਚੀਜ਼ ਨਾਲ-ਨਾਲ ਜੁੜੀ ਨਜ਼ਰ ਆਏ।''
140 ਸਾਲ ਪੁਰਾਣੀ ਇਮਾਰਤ ਵਿਚ ਰੱਖੇ ਇਕ ਖੂਬਸੂਰਤ ਭੂਰੇ ਰੰਗ ਦੇ ਡੱਬੇ ਵਿਚ ਬੈਕਟੀਰੀਆ, ਫੰਗਸ, ਐਲਗੀ ਅਤੇ ਇਕ ਹੋਰ ਕੋਸ਼ਿਕਾ ਵਾਲੇ ਜੀਵ ਰਹਿ ਰਹੇ ਹਨ। ਇਹ ਉਹ ਜੀਵ ਹਨ, ਜੋ ਨੰਗੀਆਂ ਅੱਖਾਂ ਨਾਲ ਨਹੀਂ ਦੇਖੇ ਜਾ ਸਕਦੇ। ਇਹ ਉਹ ਜੀਵ ਹਨ, ਜਿਨ੍ਹਾਂ ਨੇ ਧਰਤੀ 'ਤੇ ਜੀਵਨ ਨੂੰ ਸੰਭਵ ਬਣਾਇਆ ਹੈ। ਵਿਗਿਆਨੀਆਂ ਨੂੰ ਵਿਸ਼ਵਾਸ ਹੈ ਕਿ ਅਜਿਹੇ ਜੀਵਾਂ 'ਚੋਂ ਸਿਰਫ ਇਕ ਫੀਸਦੀ ਬਾਰੇ ਹੀ ਅੱਜ ਤੱਕ ਇਨਸਾਨ ਜਾਣ ਸਕਿਆ ਹੈ। ਕਈ ਲੋਕਾਂ ਲਈ ਮਾਈਕ੍ਰੋਬਸ ਨਫਰਤ, ਡਰ ਦੀਆਂ ਭਾਵਨਾਵਾਂ ਪੈਦਾ ਕਰਦੇ ਹਨ।
ਅਸਲ ਵਿਚ ਇਹ ਡਰ ਉਸ ਚੀਜ਼ ਤੋਂ ਹੈ, ਜਿਸ ਬਾਰੇ ਉਨ੍ਹਾਂ ਨੂੰ ਵਧੇਰੇ ਜਾਣਕਾਰੀ ਨਹੀਂ ਹੈ ਅਤੇ ਲੋਕਾਂ ਦੇ ਮਨ 'ਚ ਸੂਖਮ ਜੀਵਾਂ ਬਾਰੇ ਇਸੇ ਡਰ ਨੂੰ ਦੂਰ ਕਰਨਾ ਇਸ ਚਿੜੀਆਘਰ ਦਾ ਮਕਸਦ ਹੈ।
ਕਿਹਾ ਜਾਂਦਾ ਹੈ ਕਿ ਇਨਸਾਨ ਇਨ੍ਹਾਂ ਸੂਖਮ ਜੀਵਾਂ ਤੋਂ ਬੇਸ਼ੱਕ ਨਫਰਤ ਕਰਦਾ ਹੈ ਪਰ ਹਰ ਇਨਸਾਨ ਦਾ ਸਰੀਰ ਅਰਬਾਂ ਸੂਖਮ ਜੀਵਾਂ ਦਾ ਘਰ ਹੈ। ਇਸ ਗੱਲ ਦੀ ਪੁਸ਼ਟੀ ਇਸ ਅਜਾਇਬਘਰ ਵਿਚ ਆਉਣ ਵਾਲਾ ਹਰੇਕ ਵਿਅਕਤੀ ਆਪਣਾ ਸਰੀਰ ਬਾਡੀ ਸਕੈਨ ਕਰਵਾ ਕੇ ਦੇਖ ਸਕਦਾ ਹੈ। ਸਿਰਫ ਵਿਅਕਤੀ ਦੀ ਅੱਡੀ ਵਿਚ ਹੀ 80 ਕਿਸਮ ਦੇ ਸੂਖਮ ਜੀਵ ਪਾਏ ਜਾਂਦੇ ਹਨ।
ਮਾਈਕ੍ਰੋਪੀਆ ਇਕ ਅਨੁਭਵ ਹੈ। ਇਹ ਇਕ ਅਜਾਇਬਘਰ, ਲੈਬੋਰੇਟਰੀ ਦੇ ਨਾਲ-ਨਾਲ ਇਕ ਚਿੜੀਆਘਰ ਵੀ ਹੈ।
ਇਥੇ ਦਿਖਾਇਆ ਜਾਂਦਾ ਹੈ ਕਿ ਸੂਖਮ ਜੀਵ ਕਿਵੇਂ ਜਿਊਂਦੇ ਹਨ, ਉਹ ਭੋਜਨ ਕਿਵੇਂ ਕਰਦੇ ਹਨ ਅਤੇ ਕਿਵੇਂ ਉਨ੍ਹਾਂ ਵਿਚ ਪ੍ਰਜਨਨ ਹੁੰਦਾ ਹੈ। ਬੈਕਟੀਰੀਆ ਇੰਨੇ ਛੋਟੇ ਹੁੰਦੇ ਹਨ ਕਿ ਸੂਈ ਦੀ ਨੋਕ 'ਤੇ 10 ਲੱਖ ਬੈਕਟੀਰੀਆ ਆਰਾਮ ਨਾਲ ਸਮਾ ਸਕਦੇ ਹਨ। ਡਚ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲਾਜਿਸਟ ਇਨ੍ਹਾਂ ਧਾਰਨਾਵਾਂ 'ਤੇ 12 ਸਾਲ ਤੋਂ ਵਧੇਰੇ ਸਮੇਂ ਤੋਂ ਸਿਰ ਖਪਾਈ ਕਰ ਰਹੇ ਹਨ। ਉਨ੍ਹਾਂ ਨੇ ਇਸ ਚਿੜੀਆਘਰ ਵਿਚ ਰੱਖਣ ਲਈ ਸੂਖਮ ਜੀਵਾਂ ਦੀ ਚੋਣ ਕੀਤੀ ਹੈ, ਜੋ ਬਨਾਉਟੀ ਵਾਤਾਵਰਣ ਵਿਚ ਵੀ ਰਹਿ ਸਕਦੇ ਹਨ। ਖਤਰਨਾਕ ਬੀਮਾਰੀਆਂ ਪੈਦਾ ਕਰਨ ਵਾਲੇ ਵਾਇਰਸ ਵਰਗੇ ਸੂਖਮ ਜੀਵਾਂ ਨੂੰ ਸਿਰਫ ਮਾਡਲ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ।
ਕਈਆਂ ਨੂੰ ਚਿੱਤਰਾਂ ਅਤੇ ਫ਼ਿਲਮਾਂ ਰਾਹੀਂ ਵਿਸਥਾਰ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਦਾ ਸ਼ਾਨਦਾਰ ਆਕਾਰ ਅਤੇ ਰੰਗ ਇਨ੍ਹਾਂ ਨੂੰ ਕਿਸੇ ਕਲਾਤਮਕ ਵਸਤੂ ਵਾਂਗ ਦਿਖਾਉਂਦੇ ਹਨ।
ਕਈ ਸਾਰੇ ਸੂਖਮ ਜੀਵਾਂ ਨੂੰ ਇਥੇ ਜੀਵਤ ਵੀ ਦੇਖਿਆ ਜਾ ਸਕਦਾ ਹੈ ਪਰ ਉਸ ਲਈ ਮਾਈਕ੍ਰੋਸਕੋਪ ਦੀ ਲੋੜ ਪੈਂਦੀ ਹੈ। ਜਰਮਨ ਡਿਜ਼ਾਈਨ ਸਟੂਡੀਓ ਨੇ ਇਕ ਥ੍ਰੀ ਡੀ ਟੈਲੀਸਕੋਪ ਵਿਕਸਿਤ ਕੀਤਾ ਹੈ, ਜੋ ਇਕ ਮਾਈਕ੍ਰੋਸਕੋਪ ਦੇ ਲੈੱਨਜ਼ ਨਾਲ ਜੁੜਿਆ ਹੈ ਅਤੇ ਉਹ ਸੂਖਮ ਜੀਵਾਂ ਨੂੰ ਹਜ਼ਾਰਾਂ ਗੁਣਾ ਵੱਡਾ ਕਰ ਕੇ ਦਿਖਾ ਸਕਦਾ ਹੈ।
ਚਿੜੀਆਘਰ ਵਿਚ ਆਉਣ ਵਾਲੇ ਲੋਕ ਪਾਣੀ ਦੇ ਤਲਾਬ ਵਿਚਲੀ ਹਰੀ ਕਾਈ ਨੂੰ ਸਾਫ-ਸਾਫ ਦੇਖ ਸਕਦੇ ਹਨ। ਟੈਲੀਸਕੋਪ ਦੀ ਮਦਦ ਨਾਲ ਸੂਖਮ ਜੀਵਾਂ ਦੇ ਹਰ ਹਿੱਸੇ ਨੂੰ ਨੇੜਿਓਂ ਦੇਖਿਆ ਜਾ ਸਕਦਾ ਹੈ।
ਕੋਲੋਨ 'ਚ ਰੋਮਨ ਸਾਮਰਾਜ ਦੇ ਜ਼ਮੀਨਦੋਜ਼ ਖੰਡਰ
NEXT STORY