ਫੋਟੋਗ੍ਰਾਫੀ ਦੇ ਕਾਰੋਬਾਰ ਨੂੰ ਛੱਡ ਕੇ ਫਿਲਮਾਂ 'ਚ ਆਏ ਬੋਮਨ ਇਰਾਨੀ ਨੇ ਫਿਲਮਾਂ ਵਿਚ ਹਰ ਤਰ੍ਹਾਂ ਦੇ ਕਾਮੇਡੀ ਜਾਂ ਗੰਭੀਰ ਰੋਲ ਨਿਭਾ ਕੇ ਬਾਲੀਵੁੱਡ 'ਚ ਖੁਦ ਨੂੰ ਸਥਾਪਿਤ ਕਰ ਲਿਆ ਹੈ। ਉਸ ਨੇ 'ਮੁੰਨਾ ਭਾਈ ਐੱਮ. ਬੀ. ਬੀ. ਐੱਸ', 'ਥ੍ਰੀ ਈਡੀਅਟਸ', 'ਡਾਨ' 'ਹੈਪੀ ਨਿਊ ਯੀਅਰ' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਦਾ ਲੋਹਾ ਮੰਨਵਾਇਆ ਹੈ। ਬੀਤੇ ਦਿਨੀਂ ਬੋਮਨ ਇਰਾਨੀ ਨਾਲ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਯਾਦਾਂ ਅਤੇ ਹੋਰ ਗੱਲਾਂ ਨੂੰ ਲੈ ਕੇ ਗੱਲਬਾਤ ਹੋਈ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤੁਸੀਂ ਸ਼ਾਹਰੁਖ ਖਾਨ ਨਾਲ ਫਿਲਮ 'ਮੈਂ ਹੂੰ ਨਾ', 'ਡਾਨ' ਅਤੇ ਹੁਣ 'ਹੈਪੀ ਨਿਊ ਯੀਅਰ' ਕੀਤੀ ਹੈ। ਉਸ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ?
—ਉਹ ਕੰਮ ਪ੍ਰਤੀ ਬੇਹੱਦ ਮਿਹਨਤੀ ਹੈ। ਬਹੁਤ ਚੰਗੇ ਇਨਸਾਨ ਹਨ। ਉਹ ਹਮੇਸ਼ਾ ਕਹਿੰਦੇ ਹਨ, ਜੋ ਵੀ ਕਰੋ, ਪੂਰੀ ਪਰਫੈਕਸ਼ਨ ਨਾਲ ਕਰੋ। ਭਾਵੇਂ ਹੀ ਤੁਹਾਨੂੰ ਕਿਸੇ ਕੰਮ ਨੂੰ ਕਰਨ ਵਿਚ ਦੋ ਦਿਨ ਵਾਧੂ ਦੇਣੇ ਪੈਣ ਪਰ ਕੰਮ ਪੂਰੇ ਮਨ ਨਾਲ ਹੋਣਾ ਚਾਹੀਦਾ ਹੈ। ਉਹ ਬੇਹੱਦ ਹੱਸਮੁਖ ਵਿਅਕਤੀ ਹਨ ਤੇ ਪੂਰੀ ਟੀਮ ਉਸ ਨਾਲ ਕੰਮ ਕਰਦੇ ਹੋਏ ਕਾਫੀ ਖੁਸ਼ ਰਹਿੰਦੀ ਹੈ। ਉਹ ਮੈਨੂੰ ਟਾਈਗਰ ਦੇ ਨਾਂ ਨਾਲ ਬੁਲਾਉਂਦੇ ਹਨ, ਤਾਂ ਕਦੇ ਸੈਕਸ ਬੰਬ। ਉਹ ਬਹੁਤ ਚੰਗੇ ਟੀਮ ਪਲੇਅਰ ਹਨ। ਉਸ ਦੇ ਅੰਦਰ ਉਹ ਹਿੰਮਤ ਹੈ ਕਿ ਉਹ ਦੂਸਰਿਆਂ ਦੇ ਦਿਲ ਦੀ ਗੱਲ ਦਾ ਅੰਦਾਜ਼ਾ ਅੱਖਾਂ ਨਾਲ ਲਗਾ ਲੈਂਦੇ ਹਨ।
* ਪੂਰੀ ਦੁਨੀਆ 'ਚ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਕੀ ਹੈ?
—ਮੇਰੀ ਪਤਨੀ। ਮੈਂ ਉਸ ਨੂੰ ਬੇਹੱਦ ਰਿਸਪੈਕਟ ਦਿੰਦਾ ਹਾਂ। ਜਦੋਂ ਵੀ ਮੈਂ ਕਿਤੇ ਗਲਤ ਹੁੰਦਾ ਹਾਂ, ਉਹ ਮੈਨੂੰ ਦੱਸਦੀ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਉਹ ਕਹਿੰਦੀ ਹੈ ਕਿ ਇਸ ਨੂੰ ਮੇਰੀ ਰਾਏ ਨਹੀਂ ਸਗੋਂ ਤੁਹਾਡੇ ਲਈ ਕੇਅਰ ਮੰਨ ਕੇ ਚੱਲੋ? ਉਹ ਹਰ ਚੀਜ਼ ਨੂੰ ਲੈ ਕੇ ਸਪੱਸ਼ਟ ਰਹਿੰਦੀ ਹੈ।
* ਤੁਹਾਨੂੰ ਜ਼ਿੰਦਗੀ 'ਚ ਕੀ-ਕੀ ਪਸੰਦ ਹੈ?
—ਮੈਨੂੰ ਹਰ ਚੀਜ਼ ਸ਼ਾਂਤੀ ਨਾਲ ਕਰਨਾ ਪਸੰਦ ਹੈ। ਮੇਰੇ ਦਿਮਾਗ 'ਚ ਜੋ ਆਉਂਦਾ ਹੈ, ਉਹ ਮੈਂ ਬਿਨਾਂ ਕਿਸੇ ਲਾਗ ਲਪੇਟ ਕੀਤੇ ਬੋਲ ਦਿੰਦਾ ਹਾਂ। ਮੈਂ ਇਮੋਸ਼ਨਲ ਵਿਅਕਤੀ ਹਾਂ ਪਰ ਬਹੁਤ ਆਸਾਨੀ ਨਾਲ ਆਪਣੇ ਇਮੋਸ਼ਨਜ਼ ਜ਼ਾਹਿਰ ਨਹੀਂ ਕਰਦਾ। ਮੈਂ ਕਿਸੇ ਵੀ ਮੁਕਾਬਲੇ 'ਚ ਨਹੀਂ ਰਹਿੰਦਾ ਪਰ ਹਾਂ ਮੈਂ ਜੋ ਸੁਪਨੇ ਦੇਖੇ ਹਨ, ਉਨ੍ਹਾਂ ਨੂੰ ਜ਼ਰੂਰ ਪੂਰਾ ਕਰਨਾ ਚਾਹੁੰਦਾ ਹਾਂ। ਮੈਂ ਕੁਝ ਅਜਿਹੀਆਂ ਫਿਲਮਾਂ ਵੀ ਕਰਨਾ ਚਾਹੁੰਦਾ ਹਾਂ, ਜਿਨ੍ਹਾਂ 'ਚ ਮੈਂ ਆਪਣੇ ਨਾਤੀ-ਪੋਤਿਆਂ ਨਾਲ ਨਜ਼ਰ ਆਵਾਂ। ਉਨ੍ਹਾਂ ਨੂੰ ਵੀ ਲੱਗੇ ਕਿ ਉਨ੍ਹਾਂ ਦੇ ਦਾਦਾ ਜੀ ਨੇ ਕੁਝ ਚੰਗਾ ਕੰਮ ਕੀਤਾ ਹੈ। ਜਦੋਂ ਵੀ ਮੌਕਾ ਮਿਲੇਗਾ, ਮੈਂ ਫਿਰ ਤੋਂ ਥਿਏਟਰ ਕਰਨਾ ਪਸੰਦ ਕਰਾਂਗਾ।
* ਤੁਹਾਡੀ ਲਾਈਫ ਦਾ ਸਭ ਤੋਂ ਕਨਫਿਊਜ਼ਡ ਸਮਾਂ ਕਿਹੜਾ ਸੀ?
—ਜਦੋਂ ਮੈਂ ਫੋਟੋਗ੍ਰਾਫੀ ਤੋਂ ਹਟਿਆ। ਮੇਰੀ ਫੋਟੋਗ੍ਰਾਫੀ ਦੀ ਦੁਕਾਨ ਸੀ। ਉਸ ਸਮੇਂ ਮੈਂ ਵਿਆਹਿਆ ਹੋਇਆ ਸੀ ਅਤੇ ਮੇਰਾ ਕੰਮ ਚੰਗਾ ਚੱਲ ਰਿਹਾ ਸੀ ਪਰ ਮੇਰੇ ਅੰਦਰ ਕੁਝ ਅਜੀਬ ਜਿਹੀ ਖਿੱਚ ਸੀ ਕਿ ਕੁਝ ਨਵਾਂ ਕਰਾਂ। ਇਕ ਦਿਨ ਮੈਂ ਆਪਣੇ ਕਾਊਂਟਰ 'ਤੇ ਬੈਠਿਆਂ ਇਕ ਆਰਟੀਕਲ ਲਿਖਿਆ। ਉਸ ਨੂੰ ਮੈਂ ਤੁਰੰਤ 'ਟਾਈਮਸ ਆਫ ਇੰਡੀਆ' ਨੂੰ ਭੇਜਿਆ। ਪਤਨੀ ਦੀ ਮਦਦ ਨਾਲ ਮੈਂ ਉਸ ਦੌਰਾਨ ਕਈ ਕਹਾਣੀਆਂ ਲਿਖੀਆਂ। ਇਸ ਨਾਲ ਮੇਰੇ ਕੋਲ ਕੁਝ ਐਕਸਟਰਾ ਪੈਸਾ ਆਉਣ ਲੱਗਾ। ਉਸ ਦੌਰਾਨ ਮੇਰੇ ਬੱਚੇ ਵੱਡੇ ਹੋ ਰਹੇ ਸਨ ਤਾਂ ਉਹ ਪੈਸਾ ਮੇਰੇ ਕਾਫੀ ਕੰਮ ਆਇਆ। ਮੇਰੀ ਮਾਂ ਜਾਣਦੀ ਸੀ ਕਿ ਮੇਰੇ ਅੰਦਰ ਕੋਈ ਟੈਲੇਂਟ ਹੈ। ਉਹ ਮੈਨੂੰ ਹਮੇਸ਼ਾ ਫਿਲਮਾਂ ਦੇਖਣ ਲਈ ਉਤਸ਼ਾਹਿਤ ਕਰਦੀ ਸੀ। ਕੰਮ ਖਤਮ ਹੋਣ ਤੋਂ ਬਾਅਦ ਹਮੇਸ਼ਾ ਕਹਿੰਦੀ ਸੀ ਕਿ ਹੁਣ ਫਿਲਮ ਦੇਖ ਲੈ। ਉਹੀ ਮੇਰੇ ਅੱਗੇ ਬਹੁਤ ਕੰਮ ਆਇਆ।
* ਤੁਸੀਂ ਕਿਸ ਤਰ੍ਹਾਂ ਦੇ ਪਿਤਾ ਹੋ?
—ਮੇਰੇ ਦੋ ਬੇਟੇ ਹਨ। ਜਦੋਂ ਉਹ ਘਰ ਟਾਈਮ 'ਤੇ ਨਹੀਂ ਆਉਂਦੇ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਉਹ ਕਿੱਥੇ ਹੋ ਸਕਦੇ ਹਨ। ਮੈਂ ਉਨ੍ਹਾਂ ਨੂੰ ਫੋਨ ਕਰਦਾ ਹਾਂ ਕਿ ਕਿੱਥੇ ਹੋ? ਮੇਰੇ ਬੇਟਿਆਂ ਨੇ ਮੇਰਾ ਨਾਂ ਆਪਣੀ ਫੋਨ ਡਾਇਰੀ 'ਤੇ 'ਵੇਅਰ ਆਰ ਯੂ' ਹੀ ਸੇਵ ਕੀਤਾ ਹੋਇਆ ਹੈ। ਉਹ ਕਹਿੰਦੇ ਹਨ ਕਿ ਡੈਡ ਸਾਨੂੰ ਪਤਾ ਸੀ ਕਿ ਤੁਸੀਂ ਫੋਨ ਕਰਕੇ ਇਹੀ ਪੁੱਛੋਗੇ, ਬੇਟਾ ਕੀ ਚੱਲ ਰਿਹਾ ਹੈ, ਉਮੀਦ ਹੈ ਕਿ ਤੁਸੀਂ ਇੰਜੁਆਏ ਕਰ ਰਹੇ ਹੋਵੋਗੇ ਪਰ ਸੱਚਾਈ ਇਹ ਹੈ ਕਿ ਤੁਹਾਡਾ ਹਮੇਸ਼ਾ ਇਕ ਹੀ ਪ੍ਰਸ਼ਨ ਹੁੰਦਾ ਹੈ ਕਿ ਅਸੀਂ ਕਿੱਥੇ ਹਾਂ?
ਮੈਂ ਤਾਂ ਖੁੱਲ੍ਹੀ ਕਿਤਾਬ ਹਾਂ
NEXT STORY